ਚੌਥੇ ਟੈਸਟ ਤੋਂ ਬਾਅਦ ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ? ਮੁਹੰਮਦ ਕੈਫ ਦੇ ਬਿਆਨ ਨੇ ਪੂਰੀ ਦੁਨੀਆ ਨੂੰ ਕੀਤਾ ਹੈਰਾਨ
ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਨੇ ਇੱਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਕੈਫ ਦਾ ਮੰਨਣਾ ਹੈ ਕਿ ਜਸਪ੍ਰੀਤ ਬੁਮਰਾਹ ਜਲਦੀ ਹੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਸਕਦੇ ਹਨ। ਆਓ ਜਾਣਦੇ ਹਾਂ ਕੈਫ ਨੇ ਇਦਾਂ ਕਿਉਂ ਕਿਹਾ

ਜਸਪ੍ਰੀਤ ਬੁਮਰਾਹ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਜਾ ਰਹੇ ਹਨ। ਇਹ ਅਸੀਂ ਨਹੀਂ ਕਹਿ ਰਹੇ। ਇਹ ਗੱਲ ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਨੇ ਕਹੀ ਹੈ। ਕੈਫ ਦੇ ਇਸ ਬਿਆਨ ਤੋਂ ਪੂਰੀ ਦੁਨੀਆ ਹੈਰਾਨ ਹੈ। ਕੈਫ ਦਾ ਮੰਨਣਾ ਹੈ ਕਿ ਇੰਗਲੈਂਡ ਵਿਰੁੱਧ ਚੌਥੇ ਟੈਸਟ ਮੈਚ ਵਿੱਚ ਆਪਣਾ ਸਭ ਕੁਝ ਦੇਣ ਦੇ ਬਾਵਜੂਦ ਅਸਫਲ ਰਹਿਣ ਤੋਂ ਬਾਅਦ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਸਕਦਾ ਹੈ।
ਤੁਹਾਨੂੰ ਦੱਸ ਦਈਏ ਕਿ ਜਸਪ੍ਰੀਤ ਬੁਮਰਾਹ ਮੈਨਚੈਸਟਰ ਵਿੱਚ ਖੇਡੇ ਜਾ ਰਹੇ ਚੌਥੇ ਟੈਸਟ ਵਿੱਚ ਬਹੁਤ ਥੱਕੇ ਹੋਏ ਦਿਖਾਈ ਦੇ ਰਹੇ ਹਨ। ਉਹ ਆਪਣੀ ਪੁਰਾਣੀ ਲੈਅ ਵਿੱਚ ਨਹੀਂ ਦਿਖਾਈ ਦੇ ਰਹੇ ਹਨ। ਇੰਗਲੈਂਡ ਵਿਰੁੱਧ ਚੌਥੇ ਟੈਸਟ ਵਿੱਚ ਬੁਮਰਾਹ ਨੇ ਹੁਣ ਤੱਕ 28 ਓਵਰ ਗੇਂਦਬਾਜ਼ੀ ਕੀਤੀ ਹੈ, ਪਰ ਉਨ੍ਹਾਂ ਨੂੰ ਸਿਰਫ ਇੱਕ ਵਿਕਟ ਮਿਲੀ ਹੈ। ਇਸ ਦੌਰਾਨ ਬੁਮਰਾਹ ਨੇ 95 ਦੌੜਾਂ ਦਿੱਤੀਆਂ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਤੀਜੇ ਦਿਨ ਦੇ ਆਖਰੀ ਸੈਸ਼ਨ ਵਿੱਚ ਜੈਮੀ ਸਮਿਥ ਨੇ ਵਿਕਟ ਆਪਣੇ ਨਾਮ ਕੀਤੀ।
Bumrah to retire from tests? pic.twitter.com/PnMR2y6oEi
— Mohammad Kaif (@MohammadKaif) July 26, 2025
ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਨੇ ਸੋਸ਼ਲ ਮੀਡੀਆ 'ਐਕਸ' 'ਤੇ ਪੋਸਟ ਕੀਤੇ ਗਏ ਆਪਣੇ ਵੀਡੀਓ ਵਿੱਚ ਕਿਹਾ, "ਮੈਨੂੰ ਲੱਗਦਾ ਹੈ ਕਿ ਜਸਪ੍ਰੀਤ ਬੁਮਰਾਹ ਅਗਲਾ ਟੈਸਟ (ਪੰਜਵਾਂ) ਨਹੀਂ ਖੇਡਣਗੇ। ਉਹ ਸੰਨਿਆਸ ਵੀ ਲੈ ਸਕਦੇ ਹਨ। ਉਹ ਆਪਣੇ ਸਰੀਰ ਦੇ ਨਾਲ ਸੰਘਰਸ਼ ਕਰ ਰਹੇ ਹਨ। ਇਸ ਟੈਸਟ ਮੈਚ ਵਿੱਚ ਉਨ੍ਹਾਂ ਦੀ ਗਤੀ ਘੱਟ ਗਈ ਹੈ। ਬੁਮਰਾਹ ਇੱਕ ਇਮਾਨਦਾਰ ਵਿਅਕਤੀ ਹਨ, ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਦੇਸ਼ ਨੂੰ ਆਪਣਾ 100 ਪ੍ਰਤੀਸ਼ਤ ਨਹੀਂ ਦੇ ਪਾ ਰਹੇ ਹਨ ਤਾਂ ਉਹ ਇਸ ਫਾਰਮੈਟ ਤੋਂ ਦੂਰੀ ਬਣਾ ਲੈਣਗੇ। ਵਿਕਟਾਂ ਨਾ ਮਿਲਣਾ ਇੱਕ ਵੱਖਰੀ ਗੱਲ ਹੈ, ਪਰ ਉਨ੍ਹਾਂ ਦੀਆਂ ਗੇਂਦਾਂ ਦੀ ਗਤੀ ਵੀ 125-130 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ ਹੈ।"
ਮੁਹੰਮਦ ਕੈਫ ਦਾ ਮੰਨਣਾ ਹੈ ਕਿ ਪ੍ਰਸ਼ੰਸਕਾਂ ਨੂੰ ਹੁਣ ਇਸ ਤੱਥ ਲਈ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ ਕਿ ਉਹ ਭਵਿੱਖ ਵਿੱਚ ਬੁਮਰਾਹ ਨੂੰ ਟੈਸਟ ਕ੍ਰਿਕਟ ਖੇਡਦੇ ਹੋਏ ਸ਼ਾਇਦ ਹੀ ਦੇਖਣਗੇ। ਕੈਫ ਨੇ ਕਿਹਾ, "ਬੁਮਰਾਹ ਦੇ ਜਨੂੰਨ ਅਤੇ ਸਮਰਪਣ ਨੂੰ ਲੈਕੇ ਕੋਈ ਸ਼ੱਕ ਨਹੀਂ ਹੈ, ਪਰ ਹੁਣ ਉਨ੍ਹਾਂ ਦਾ ਸਰੀਰ ਜਵਾਬ ਦੇਣ ਲੱਗ ਪਿਆ ਹੈ। ਇਸ ਟੈਸਟ ਵਿੱਚ ਇਹ ਮਾੜਾ ਪ੍ਰਦਰਸ਼ਨ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਭਵਿੱਖ ਵਿੱਚ ਟੈਸਟ ਮੈਚ ਖੇਡਣ ਵਿੱਚ ਮੁਸ਼ਕਲਾਂ ਆਉਣਗੀਆਂ। ਹੋ ਸਕਦਾ ਹੈ ਕਿ ਉਹ ਟੈਸਟ ਕ੍ਰਿਕਟ ਤੋਂ ਦੂਰ ਹੋ ਜਾਣ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਆਰ ਅਸ਼ਵਿਨ ਤੋਂ ਬਾਅਦ, ਹੁਣ ਭਾਰਤੀ ਪ੍ਰਸ਼ੰਸਕਾਂ ਨੂੰ ਬੁਮਰਾਹ ਤੋਂ ਬਿਨਾਂ ਖੇਡ ਦੇਖਣ ਦੀ ਆਦਤ ਪਾਉਣੀ ਪਵੇਗੀ। ਮੈਂ ਚਾਹੁੰਦਾ ਹਾਂ ਕਿ ਮੇਰੀ ਇਹ ਭਵਿੱਖਬਾਣੀ ਗਲਤ ਸਾਬਤ ਹੋਵੇ, ਪਰ ਮੈਂ ਉਹੀ ਕਹਿ ਰਿਹਾ ਹਾਂ ਜੋ ਮੈਂ ਦੇਖਿਆ।"




















