WTC Final: ਭਾਰਤ-ਆਸਟ੍ਰੇਲੀਆ ਲਈ ਮੌਸਮ ਬਣਿਆ ਖਲਨਾਇਕ, ਜਾਣੋ ਫਾਈਨਲ 'ਚ ਕਿੰਨੇ ਦਿਨ ਪਏਗਾ ਮੀਂਹ
ਅੱਜ ਤੋਂ IND vs AUS ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਇੰਗਲੈਂਡ ਦੇ ਓਵਲ ਵਿੱਚ ਸ਼ੁਰੂ ਹੋ ਰਿਹਾ ਹੈ। ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਟੈਸਟ ਫਾਰਮੈਟ ਦੇ ਇਸ ਸਭ ਤੋਂ ਵੱਡੇ ਮੈਚ 'ਤੇ ਟਿਕੀਆਂ ਹੋਈਆਂ ਹਨ।
WTC Final: ਅੱਜ ਤੋਂ ਭਾਰਤ ਤੇ ਆਸਟਰੇਲੀਆ (IND vs AUS) ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਇੰਗਲੈਂਡ ਦੇ ਓਵਲ ਵਿੱਚ ਸ਼ੁਰੂ ਹੋ ਰਿਹਾ ਹੈ। ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਟੈਸਟ ਫਾਰਮੈਟ ਦੇ ਇਸ ਸਭ ਤੋਂ ਵੱਡੇ ਮੈਚ 'ਤੇ ਟਿਕੀਆਂ ਹੋਈਆਂ ਹਨ। ਇਸ ਚੈਂਪੀਅਨਸ਼ਿਪ ਵਿੱਚ ਜੋ ਵੀ ਜਿੱਤੇਗਾ, ਉਹ ਟੈਸਟ ਫਾਰਮੈਟ ਦਾ ਨਵਾਂ ਚੈਂਪੀਅਨ ਬਣੇਗਾ।
ਦੱਸ ਦੇਈਏ ਕਿ ਭਾਰਤ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਪਹੁੰਚਿਆ ਹੈ। ਪਿਛਲੀ ਵਾਰ ਨਿਊਜ਼ੀਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਆਸਟ੍ਰੇਲੀਆ ਪਹਿਲੀ ਵਾਰ ਫਾਈਨਲ 'ਚ ਪਹੁੰਚਿਆ ਹੈ। ਆਓ ਜਾਣਦੇ ਹਾਂ ਇਸ ਰੋਮਾਂਚਕ ਮੈਚ ਦੌਰਾਨ ਮੌਸਮ ਤੇ ਪਿੱਚ ਦਾ ਕੀ ਹਾਲ ਰਹੇਗਾ।
WTC ਫਾਈਨਲ: ਮੌਸਮ ਖਰਾਬ ਖੇਡ ਖੇਡੇਗਾ
ਭਾਰਤ ਤੇ ਆਸਟ੍ਰੇਲੀਆ ਵਿਚਾਲੇ WTC ਫਾਈਨਲ ਮੈਚ 7 ਤੋਂ 11 ਜੂਨ ਤੱਕ ਖੇਡਿਆ ਜਾਵੇਗਾ। ਆਓ ਤੁਹਾਨੂੰ ਦੱਸਦੇ ਹਾਂ ਦਿਨ ਦੇ ਹਿਸਾਬ ਨਾਲ ਮੌਸਮ ਦੀ ਸਥਿਤੀ :-
7 ਜੂਨ (ਬੁੱਧਵਾਰ)-ਪਹਿਲੇ ਦਿਨ ਮੀਂਹ ਦੀ ਕੋਈ ਸੰਭਾਵਨਾ ਨਹੀਂ। ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਦੇ ਆਸਪਾਸ ਰਹੇਗਾ।
8 ਜੂਨ (ਵੀਰਵਾਰ)- ਦਿਨ ਦੀ ਸ਼ੁਰੂਆਤ 'ਚ ਬੱਦਲਵਾਈ ਰਹੇਗੀ ਪਰ ਜਿਵੇਂ-ਜਿਵੇਂ ਦਿਨ ਚੜ੍ਹਦਾ ਜਾਏਗਾ, ਬੱਦਲ ਛਟ ਜਾਣਗੇ ਤੇ ਮੌਸਮ ਸੁਹਾਵਣਾ ਬਣਿਆ ਰਹੇਗਾ। ਮੀਂਹ ਦੀ ਕੋਈ ਸੰਭਾਵਨਾ ਨਹੀਂ। ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਹੋ ਸਕਦਾ ਹੈ।
9 ਜੂਨ (ਸ਼ੁੱਕਰਵਾਰ)- ਤੀਜੇ ਦਿਨ ਵੀ ਮੌਸਮ ਸਾਫ਼ ਰਹੇਗਾ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ। ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਹੋ ਸਕਦਾ ਹੈ।
10 ਜੂਨ (ਸ਼ਨੀਵਾਰ)- ਚੌਥੇ ਦਿਨ ਸੂਰਜ ਦੇ ਬੱਦਲਾਂ ਪਿੱਛੇ ਛੁਪਣ ਦੀ ਸੰਭਾਵਨਾ ਹੈ। ਤਾਪਮਾਨ 26 ਡਿਗਰੀ ਦੇ ਆਸਪਾਸ ਰਹਿ ਸਕਦਾ ਹੈ। ਦੁਪਹਿਰ ਬਾਅਦ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ।
11 ਜੂਨ (ਐਤਵਾਰ)- ਫਾਈਨਲ ਮੈਚ ਦੇ 5ਵੇਂ ਦਿਨ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਮੀਂਹ ਦੀ ਸੰਭਾਵਨਾ 14 ਫੀਸਦੀ ਹੈ। ਹਾਲਾਂਕਿ 5ਵੇਂ ਦਿਨ ਤੱਕ ਇਸ ਪਿੱਚ 'ਤੇ ਸ਼ਾਇਦ ਹੀ ਕੋਈ ਟੈਸਟ ਹੋ ਸਕੇ। ਯਾਨੀ ਇਸ ਟੈਸਟ ਦਾ ਨਤੀਜਾ ਚੌਥੇ ਦਿਨ ਤੱਕ ਆਉਣ ਦੀ ਸੰਭਾਵਨਾ ਹੈ।
WTC ਫਾਈਨਲਸ: ਪਿਚ ਰਿਪੋਰਟ
ਭਾਰਤ ਤੇ ਆਸਟ੍ਰੇਲੀਆ ਵਿਚਾਲੇ WTC ਫਾਈਨਲ ਮੈਚ ਇੰਗਲੈਂਡ ਦੇ ਓਵਲ 'ਚ ਖੇਡਿਆ ਜਾਣਾ ਹੈ। ਇਹ ਪਿੱਚ ਉਛਾਲ ਵਾਲੀ ਹੈ। ਸ਼ੁਰੂਆਤ 'ਚ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲੇਗੀ ਪਰ ਤੀਜੇ ਦਿਨ ਤੋਂ ਸਪਿਨਰਾਂ ਨੂੰ ਵੀ ਮਦਦ ਮਿਲਣੀ ਸ਼ੁਰੂ ਹੋ ਜਾਵੇਗੀ। ਪਹਿਲਾਂ ਵੀ ਇਹ ਪਿੱਚ ਤੇਜ਼ ਤੇ ਸਪਿਨ ਗੇਂਦਬਾਜ਼ਾਂ ਲਈ ਮਦਦਗਾਰ ਰਹੀ ਹੈ। ਜੂਨ 'ਚ ਪਹਿਲੀ ਵਾਰ ਇਸ ਪਿੱਚ 'ਤੇ ਟੈਸਟ ਖੇਡਿਆ ਜਾ ਰਿਹਾ ਹੈ। ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦੋਵੇਂ ਕਪਤਾਨ ਸਪਿਨ ਦਾ ਕਿਵੇਂ ਇਸਤੇਮਾਲ ਕਰਦੇ ਹਨ।
ਭਾਰਤ ਨੇ ਆਪਣਾ ਆਖ਼ਰੀ ਟੈਸਟ ਇੱਥੇ 2021 ਵਿੱਚ ਇੰਗਲੈਂਡ ਖ਼ਿਲਾਫ਼ ਖੇਡਿਆ ਸੀ, ਜਿਸ ਵਿੱਚ 157 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ, ਜਦੋਂਕਿ ਆਸਟਰੇਲੀਆ ਨੇ 2019 ਵਿੱਚ ਇੰਗਲੈਂਡ ਤੋਂ ਇਸੇ ਪਿੱਚ ’ਤੇ ਹਾਰ ਝੱਲੀ ਸੀ। ਇਹ ਦੋਵੇਂ ਮੈਚ ਸਤੰਬਰ ਵਿੱਚ ਖੇਡੇ ਗਏ ਸਨ। ਇਨ੍ਹਾਂ ਦੋਨਾਂ ਮੈਚਾਂ ਵਿੱਚ ਤੇਜ਼ ਗੇਂਦਬਾਜ਼ਾਂ ਦਾ ਜਲਵਾ ਰਿਹਾ।
ਇਸ ਪਿੱਚ 'ਤੇ ਕੁੱਲ 104 ਟੈਸਟ ਮੈਚ ਖੇਡੇ ਗਏ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 37 ਵਾਰ ਜਿੱਤ ਦਰਜ ਕੀਤੀ ਹੈ ਤੇ ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 29 ਵਾਰ ਜਿੱਤ ਦਰਜ ਕੀਤੀ ਹੈ। 37 ਮੈਚ ਡਰਾਅ ਰਹੇ ਹਨ। ਇਸ ਦੇ ਨਾਲ ਹੀ ਟਾਸ ਜਿੱਤਣ ਵਾਲੀਆਂ ਟੀਮਾਂ ਨੇ 36 ਵਾਰ ਜਿੱਤ ਦਰਜ ਕੀਤੀ ਹੈ ਜਦਕਿ ਟਾਸ ਹਾਰਨ ਵਾਲੀਆਂ ਟੀਮਾਂ 30 ਵਾਰ ਜਿੱਤੀਆਂ ਹਨ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ।
ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੁਣ ਤੱਕ 106 ਟੈਸਟ ਮੈਚ ਖੇਡੇ ਜਾ ਚੁੱਕੇ ਹਨ, ਜਿਸ 'ਚ ਆਸਟ੍ਰੇਲੀਆ ਦਾ ਬੋਲਬਾਲਾ ਹੈ। ਆਸਟ੍ਰੇਲੀਆ ਨੇ 44 ਟੈਸਟ ਮੈਚ ਜਿੱਤੇ ਹਨ ਜਦਕਿ ਭਾਰਤ ਨੇ 32 ਟੈਸਟ ਮੈਚ ਜਿੱਤੇ ਹਨ। ਬਾਕੀ 29 ਮੈਚ ਡਰਾਅ ਰਹੇ ਹਨ। ਇਸ ਤੋਂ ਇਲਾਵਾ WTC ਫਾਈਨਲ ਦੀ ਗੱਲ ਕਰੀਏ ਤਾਂ ਦੋਵੇਂ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ। ਟੀਮ ਇੰਡੀਆ ਜਿੱਥੇ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਹੋਈ ਹੈ, ਉੱਥੇ ਹੀ ਆਸਟਰੇਲੀਆ ਨੇ ਪਹਿਲੀ ਵਾਰ ਖ਼ਿਤਾਬ ਲਈ ਕੁਆਲੀਫਾਈ ਕੀਤਾ ਹੈ।