Euro Cup 2024 Final: ਇੰਗਲੈਂਡ ਨੂੰ ਹਰਾ ਕੇ ਸਪੇਨ ਨੇ ਆਪਣੇ ਨਾਂ ਕੀਤਾ ਯੂਰੋ ਕੱਪ ਦਾ ਖਿਤਾਬ; ਟੂਰਨਾਮੈਂਟ 'ਚ ਬੈਸਟ ਹੋਣ ਦਾ ਸਜਾਇਆ ਤਾਜ
Spain vs England: ਯੂਰੋ ਕੱਪ 2024 ਦਾ ਫਾਈਨਲ ਮੈਚ ਇੰਗਲੈਂਡ ਅਤੇ ਸਪੇਨ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਸਪੇਨ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਖਿਤਾਬ ਜਿੱਤਿਆ।
Euro Cup 2024 Final Spain vs England: ਯੂਰੋ ਕੱਪ 2024 ਦਾ ਫਾਈਨਲ ਮੈਚ ਭਾਰਤੀ ਸਮੇਂ ਮੁਤਾਬਕ 15 ਜੁਲਾਈ ਨੂੰ ਸਮੋਵਰ ਨੂੰ ਖੇਡਿਆ ਗਿਆ। ਜਰਮਨੀ ਦੇ ਬਰਲਿਨ ਵਿੱਚ ਹੋਏ ਖ਼ਿਤਾਬੀ ਮੁਕਾਬਲੇ ਵਿੱਚ ਸਪੇਨ ਨੇ ਇੰਗਲੈਂਡ ਨੂੰ ਹਰਾ ਕੇ ਖ਼ਿਤਾਬ ਜਿੱਤ ਲਿਆ ਹੈ। ਇਸ ਜਿੱਤ ਨਾਲ ਸਪੇਨ ਯੂਰੋ ਕੱਪ ਦੇ ਇਤਿਹਾਸ ਦੀ ਸਭ ਤੋਂ ਸਫਲ ਟੀਮ ਬਣ ਗਈ ਹੈ।
2024 ਦੇ ਫਾਈਨਲ ਵਿੱਚ ਸਪੇਨ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਟਰਾਫੀ ਜਿੱਤੀ। ਫਾਈਨਲ ਮੈਚ ਬਹੁਤ ਰੋਮਾਂਚਕ ਰਿਹਾ। ਅਖੀਰ ਵਿੱਚ ਵਿਨਿੰਗ ਗੋਲ ਕੀਤਾ ਗਿਆ, ਨਹੀਂ ਤਾਂ ਮੈਚ ਪੈਨਲਟੀ ਸ਼ੂਟਆਊਟ ਵੱਲ ਵੱਧ ਰਿਹਾ ਸੀ। ਇਸ ਜਿੱਤ ਨਾਲ ਸਪੇਨ ਨੇ ਚੌਥੀ ਵਾਰ ਯੂਰੋ ਕੱਪ ਦਾ ਖਿਤਾਬ ਜਿੱਤ ਲਿਆ, ਜੋ ਟੂਰਨਾਮੈਂਟ ਵਿੱਚ ਕਿਸੇ ਵੀ ਟੀਮ ਦਾ ਸਭ ਤੋਂ ਵੱਧ ਖਿਤਾਬ ਹੈ। ਇਸ ਤਰ੍ਹਾਂ ਸਪੇਨ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਬਣ ਗਈ। ਹਾਲਾਂਕਿ ਸਪੇਨ ਨੂੰ 12 ਸਾਲ ਬਾਅਦ ਯੂਰੋ ਕੱਪ 'ਚ ਜਿੱਤ ਮਿਲੀ ਹੈ। ਦੂਜੇ ਪਾਸੇ ਇੰਗਲੈਂਡ ਇਕ ਵਾਰ ਫਿਰ ਆਪਣਾ ਪਹਿਲਾ ਖਿਤਾਬ ਜਿੱਤਣ ਤੋਂ ਖੁੰਝ ਗਿਆ।
ਇਸ ਤੋਂ ਪਹਿਲਾਂ ਇੰਗਲੈਂਡ ਨੂੰ 2020 'ਚ ਖੇਡੇ ਗਏ ਯੂਰੋ ਕੱਪ ਦੇ ਫਾਈਨਲ 'ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2020 ਦੇ ਟੂਰਨਾਮੈਂਟ ਵਿੱਚ ਇਟਲੀ ਨੇ ਇੰਗਲੈਂਡ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾਇਆ ਸੀ। ਇਸ ਤਰ੍ਹਾਂ ਲਗਾਤਾਰ ਦੋ ਫਾਈਨਲ ਖੇਡਣ ਤੋਂ ਬਾਅਦ ਵੀ ਇੰਗਲੈਂਡ ਖਿਤਾਬ ਨਹੀਂ ਜਿੱਤ ਸਕਿਆ।
ਸਪੇਨ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਯੂਰੋ ਕੱਪ 2024 ਦੇ ਫਾਈਨਲ ਦਾ ਪਹਿਲਾ ਹਾਫ ਤਾਂ ਖਾਲੀ ਰਿਹਾ। ਪਹਿਲੇ ਹਾਫ 'ਚ ਦੋਵੇਂ ਟੀਮਾਂ ਇਕ ਵੀ ਗੋਲ ਨਹੀਂ ਕਰ ਸਕੀਆਂ ਪਰ ਦੂਜੇ ਹਾਫ ਦੀ ਸ਼ੁਰੂਆਤ 'ਚ ਹੀ ਉਤਸ਼ਾਹ ਵੱਧ ਗਿਆ। ਦੂਜੇ ਹਾਫ ਦੀ ਸ਼ੁਰੂਆਤ ਹੁੰਦਿਆਂ ਹੀ ਸਪੇਨ ਨੇ ਮੈਚ ਦੇ 47ਵੇਂ ਮਿੰਟ 'ਚ 1-0 ਦੀ ਬੜ੍ਹਤ ਬਣਾ ਲਈ। ਟੀਮ ਲਈ ਨਿਕੋ ਵਿਲੀਅਮਜ਼ ਨੇ ਪਹਿਲਾ ਗੋਲ ਕੀਤਾ। ਮੈਚ ਦੀ ਸ਼ੁਰੂਆਤ ਤੋਂ ਬਾਅਦ ਸਪੇਨ ਨੇ ਕੁਝ ਸਮਾਂ ਬੜ੍ਹਤ ਬਣਾਈ ਰੱਖੀ ਪਰ 73ਵੇਂ ਮਿੰਟ 'ਚ ਇੰਗਲੈਂਡ ਨੇ ਬਰਾਬਰੀ ਦਾ ਗੋਲ ਕਰ ਦਿੱਤਾ। ਇੰਗਲੈਂਡ ਦੇ ਪਾਲਮਰ ਨੇ ਇਹ ਇਕਵਾਲਾਈਜ਼ਰ ਗੋਲ ਕੀਤਾ।
ਮੈਚ 1-1 ਦੀ ਬਰਾਬਰੀ 'ਤੇ ਚੱਲ ਰਿਹਾ ਸੀ ਅਤੇ ਇਕ ਵਾਰ ਤਾਂ ਇਦਾਂ ਲੱਗਣ ਲੱਗ ਗਿਆ ਕਿ 2020 ਦੀ ਤਰ੍ਹਾਂ ਇਸ ਵਾਰ ਵੀ ਫਾਈਨਲ 'ਚ ਪੈਨਲਟੀ ਸ਼ੂਟਆਊਟ ਹੋਵੇਗਾ ਪਰ ਅਜਿਹਾ ਨਹੀਂ ਹੋਇਆ। ਸਪੇਨ ਨੇ ਮੈਚ ਦੇ 86ਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਲੀਡ ਹਾਸਲ ਕਰ ਲਈ। ਸਪੇਨ ਲਈ ਓਆਰਜਾਬਲ ਨੇ ਦੂਜਾ ਅਤੇ ਵਿਨਿੰਗ ਗੋਲ ਕੀਤਾ। ਇੱਥੋਂ ਇੰਗਲੈਂਡ ਪਛੜ ਗਿਆ ਅਤੇ ਅੰਤ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ 90 ਮਿੰਟ ਬਾਅਦ 4 ਮਿੰਟ ਦਾ ਵਾਧੂ ਸਮਾਂ ਵੀ ਮਿਲਿਆ ਪਰ ਇੰਗਲੈਂਡ ਉਸ ਵਿੱਚ ਵੀ ਗੋਲ ਕਰਨ ਵਿੱਚ ਨਾਕਾਮ ਰਿਹਾ।