ਨਾਭਾ ਦੇ ਪਿੰਡ ਮੇਹਸ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਕੀਤਾ ਪੂਰੇ ਦੇਸ਼ ਦਾ ਨਾਮ ਰੌਸ਼ਨ, ਪਿੰਡ 'ਚ ਖੁਸ਼ੀ ਦੀ ਲਹਿਰ
ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ 9ਵਾਂ ਤਮਗਾ ਦਿਵਾਇਆ। ਮਹਿਲਾ ਵੇਟਲਿਫਟਰ ਨੇ 71 ਕਿਲੋ ਭਾਰ ਵਰਗ ਵਿੱਚ 212 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ।
Punjab News : ਬਰਮਿੰਘਮ ਕਾਮਨਵੈਲਥ ਗੇਮਜ਼ ਵਿੱਚ ਵੇਟ ਲਿਫ਼ਟਿੰਗ 'ਚ ਹਰਜਿੰਦਰ ਕੌਰ ਨੇ ਬ੍ਰੌਂਜ਼ ਮੈਡਲ ਜਿੱਤਿਆ। ਉਨ੍ਹਾਂ ਨੇ 71 ਕਿਲੋ ਵਰਗ 'ਚ ਤੀਜਾ ਸਥਾਨ ਹਾਸਲ ਕੀਤਾ ਹੈ। ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ 9ਵਾਂ ਤਮਗਾ ਦਿਵਾਇਆ। ਮਹਿਲਾ ਵੇਟਲਿਫਟਰ ਨੇ 71 ਕਿਲੋ ਭਾਰ ਵਰਗ ਵਿੱਚ 212 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ ਸਨੈਚ ਵਿੱਚ 93 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 119 ਕਿਲੋ ਭਾਰ ਚੁੱਕਿਆ।
ਹਾਲਾਂਕਿ, ਉਹ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕੀ। ਕਲੀਨ ਐਂਡ ਜਰਕ ਵਿੱਚ ਉਸਦਾ ਸਰਵੋਤਮ 121 ਕਿਲੋਗ੍ਰਾਮ ਹੈ। ਵੇਟਲਿਫਟਿੰਗ ਵਿੱਚ ਇਹ 7ਵਾਂ ਤਮਗਾ ਹੈ। ਨਾਭਾ ਦੇ ਪਿੰਡ ਮਹਿਤਾ ਵਿਖੇ ਹਰਜਿੰਦਰ ਕੌਰ ਦੇ ਪਰਿਵਾਰਕ ਮੈਂਬਰ ਦਾ ਖੁਸ਼ੀ ਦਾ ਠਿਕਾਣਾ ਨਹੀਂ ਤੇ ਪਿੰਡ ਦੇ ਲੋਕਾਂ ਵੱਲੋਂ ਘਰ ਵਿਚ ਆ ਕੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਅਤੇ ਮੂੰਹ ਮਿੱਠਾ ਵੀ ਕਰਵਾਇਆ ਜਾ ਰਿਹਾ ਹੈ।
ਇਸ ਖੁਸ਼ੀ ਵਿਚ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਟਵੀਟ ਕਰਕੇ ਹਰਜਿੰਦਰ ਕੌਰ ਨੂੰ ਵਧਾਈ ਦਿੱਤੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵੱਖ ਵੱਖ ਮੰਤਰੀਆਂ ਵੱਲੋਂ ਵੀ ਵਧਾਈ ਦਿੱਤੀ ਗਈ। ਹਰਜਿੰਦਰ ਕੌਰ ਨੇ ਗ਼ਰੀਬੀ ਵਿੱਚੋਂ ਉੱਠ ਕੇ ਏਨਾ ਵੱਡਾ ਮੁਕਾਮ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਕਿਉਂਕਿ ਪਿੰਡ ਵਿੱਚ ਕੋਈ ਗਰਾਊਂਡ ਵੀ ਨਹੀਂ ਸੀ ਜਿਸ ਨੇ ਵੇਟਲਿਫਟਿੰਗ ਦੀ ਕੋਚਿੰਗ ਪਟਿਆਲਾ ਪੰਜਾਬੀ ਯੂਨੀਵਰਸਿਟੀ ਵਿੱਚੋਂ ਹਾਸਲ ਕੀਤੀ।
ਇਸ ਮੌਕੇ ਹਰਜਿੰਦਰ ਕੌਰ ਦੇ ਭਰਾ ਪ੍ਰਿਤਪਾਲ ਸਿੰਘ ਅਤੇ ਹਰਜਿੰਦਰ ਕੌਰ ਦੇ ਪਿਤਾ ਸਾਹਿਬ ਸਿੰਘ ਅਤੇ ਮਾਤਾ ਕੁਲਦੀਪ ਕੌਰ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਜੋ ਅੱਜ ਬੱਚੀ ਨੇ ਇਹ ਮੁਕਾਮ ਹਾਸਲ ਕੀਤਾ ਹੈ। ਕਿਉਂਕਿ ਗ਼ਰੀਬੀ ਵਿੱਚੋਂ ਉੱਠ ਕੇ ਇਹ ਮੁਕਾਮ ਹਾਸਲ ਕੀਤਾ ਹੈ। ਇਸ ਮੌਕੇ ਤੇ ਪਿੰਡ ਵਾਸੀ ਬਚਿੱਤਰ ਸਿੰਘ ਮੱਲ੍ਹੀ ਨੇ ਕਿਹਾ ਕਿ ਸਰਕਾਰਾਂ ਵੱਲੋਂ ਇਸ ਪਰਿਵਾਰ ਦੀ ਕੋਈ ਸਾਰ ਨਹੀਂ ਲਈ ਗਈ ਸੀ ਅਤੇ ਇਨ੍ਹਾਂ ਵੱਲੋਂ ਆਪਣੇ ਬਲਬੂਤੇ ਤੇ ਹੀ ਬੱਚੀ ਨੂੰ ਇਸ ਮੁਕਾਮ ਤੇ ਪਹੁੰਚਾਇਆ ਗਿਆ ਤੇ ਹੁਣ ਸਰਕਾਰਾਂ ਦਾ ਵੀ ਫ਼ਰਜ਼ ਹੈ ਕਿ ਇਸ ਨੂੰ ਵਧੀਆ ਨੌਕਰੀ ਦੇ ਕੇ ਇਸ ਨੂੰ ਨਿਵਾਜਿਆ ਜਾਵੇ।