Under 19 World Cup 2024: ਭਾਰਤ ਤੇ ਪਾਕਿਸਕਤਾਨ ਵਿਚਾਲੇ ਹੋਵੇਗਾ ਵਰਲਡ ਕੱਪ ਫਾਈਨਲ? 18 ਸਾਲਾਂ ਬਾਅਦ ਖਿਤਾਬ ਲਈ ਫਿਰ ਹੋ ਸਕਦਾ ਮਹਾਂਮੁਕਾਬਲਾ
ICC Under 19 World Cup 2024: ਪਹਿਲੇ ਸੈਮੀਫਾਈਨਲ ਮੈਚ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਹੁਣ ਦੂਜਾ ਸੈਮੀਫਾਈਨਲ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਹੋਣਾ ਹੈ।
India vs Pakistan, ICC Under 19 World Cup 2024: 2024 ਅੰਡਰ-19 ਵਿਸ਼ਵ ਕੱਪ ਹੁਣ ਆਪਣੇ ਅੰਤਿਮ ਪੜਾਅ 'ਤੇ ਪਹੁੰਚ ਗਿਆ ਹੈ। ਭਾਰਤੀ ਕ੍ਰਿਕਟ ਟੀਮ ਜੇਤੂ ਰਹਿੰਦੇ ਹੋਏ ਫਾਈਨਲ 'ਚ ਪ੍ਰਵੇਸ਼ ਕਰ ਚੁੱਕੀ ਹੈ। ਹੁਣ ਟੂਰਨਾਮੈਂਟ ਦਾ ਫਾਈਨਲ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ 18 ਸਾਲ ਬਾਅਦ ਖਿਤਾਬ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੱਕਰ ਦੇਖਣ ਨੂੰ ਮਿਲੇਗੀ।
ਪਹਿਲੇ ਸੈਮੀਫਾਈਨਲ 'ਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਖਿਲਾਫ ਰੋਮਾਂਚਕ ਮੈਚ ਜਿੱਤਿਆ ਸੀ। ਭਾਰਤੀ ਅੰਡਰ-19 ਟੀਮ ਨੇ ਹੁਣ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਟੂਰਨਾਮੈਂਟ ਦਾ ਦੂਜਾ ਸੈਮੀਫਾਈਨਲ ਮੈਚ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣਾ ਹੈ। ਜੇਕਰ ਪਾਕਿਸਤਾਨ ਦੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਫਾਈਨਲ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਡਾ ਮੁਕਾਬਲਾ ਹੋ ਸਕਦਾ ਹੈ।
ਭਾਰਤੀ ਟੀਮ ਨੇ ਸੈਮੀਫਾਈਨਲ 'ਚ 2 ਵਿਕਟਾਂ ਨਾਲ ਜਿੱਤ ਦਰਜ ਕਰਕੇ 9ਵੀਂ ਵਾਰ ਫਾਈਨਲ 'ਚ ਕੀਤਾ ਪ੍ਰਵੇਸ਼
2024 ਅੰਡਰ-19 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਬੇਨੋਨੀ ਦੇ ਵਿਲੋਮੂਰ ਪਾਰਕ 'ਚ ਖੇਡਿਆ ਗਿਆ। ਪਹਿਲਾਂ ਖੇਡਦਿਆਂ ਦੱਖਣੀ ਅਫਰੀਕਾ ਦੀ ਅੰਡਰ-19 ਟੀਮ ਨੇ 50 ਓਵਰਾਂ ਵਿੱਚ ਸੱਤ ਵਿਕਟਾਂ ’ਤੇ 244 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਭਾਰਤੀ ਅੰਡਰ-19 ਟੀਮ ਨੇ ਇਕ ਸਮੇਂ ਸਿਰਫ 32 ਦੌੜਾਂ 'ਤੇ ਚਾਰ ਮਹੱਤਵਪੂਰਨ ਵਿਕਟਾਂ ਗੁਆ ਦਿੱਤੀਆਂ ਸਨ। ਹਾਲਾਂਕਿ ਇਸ ਤੋਂ ਬਾਅਦ ਕਪਤਾਨ ਉਦੈ ਸਹਾਰਨ (81 ਦੌੜਾਂ) ਅਤੇ ਸਚਿਨ ਦਾਸ (96 ਦੌੜਾਂ) ਨੇ ਪੰਜਵੀਂ ਵਿਕਟ ਲਈ 171 ਦੌੜਾਂ ਦੀ ਸਾਂਝੇਦਾਰੀ ਕਰਕੇ ਮੈਚ ਦਾ ਰੁਖ ਮੋੜ ਦਿੱਤਾ। ਅੰਤ 'ਚ ਟੀਮ ਇੰਡੀਆ ਨੇ ਸੈਮੀਫਾਈਨਲ ਮੈਚ 2 ਵਿਕਟਾਂ ਨਾਲ ਜਿੱਤ ਕੇ 9ਵੀਂ ਵਾਰ ਫਾਈਨਲ 'ਚ ਪ੍ਰਵੇਸ਼ ਕੀਤਾ।
11 ਫਰਵਰੀ ਨੂੰ ਖੇਡਿਆ ਜਾਣਾ ਹੈ ਫਾਈਨਲ, ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋ ਸਕਦੀ ਹੈ ਟੱਕਰ
ਅੰਡਰ-19 ਵਿਸ਼ਵ ਕੱਪ 2024 ਦਾ ਫਾਈਨਲ ਮੈਚ 11 ਫਰਵਰੀ ਨੂੰ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ 8 ਫਰਵਰੀ ਨੂੰ ਟੂਰਨਾਮੈਂਟ ਦਾ ਦੂਜਾ ਸੈਮੀਫਾਈਨਲ ਆਸਟਰੇਲੀਆ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਭਾਰਤ ਵਾਂਗ ਪਾਕਿਸਤਾਨ ਅਤੇ ਆਸਟ੍ਰੇਲੀਆ ਵੀ ਟੂਰਨਾਮੈਂਟ ਵਿੱਚ ਅਜਿੱਤ ਰਹੇ ਹਨ। ਜਿੱਥੇ ਪਾਕਿਸਤਾਨ ਨੇ ਆਪਣੇ ਸਾਰੇ ਮੈਚ ਜਿੱਤ ਲਏ ਹਨ, ਉਥੇ ਆਸਟ੍ਰੇਲੀਆ ਦਾ ਆਖਰੀ ਮੈਚ ਰੱਦ ਕਰ ਦਿੱਤਾ ਗਿਆ ਸੀ। ਜੇਕਰ ਪਾਕਿਸਤਾਨ ਦੀ ਟੀਮ ਸੈਮੀਫਾਈਨਲ 'ਚ ਆਸਟ੍ਰੇਲੀਆ ਨੂੰ ਹਰਾਉਂਦੀ ਹੈ ਤਾਂ ਫਾਈਨਲ ਮੈਚ 11 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ।
ਭਾਰਤ ਅਤੇ ਪਾਕਿਸਤਾਨ ਵਿਚਾਲੇ 18 ਸਾਲ ਬਾਅਦ ਹੋਵੇਗਾ ਫਾਈਨਲ
2006 ਵਿੱਚ ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਸੀ। ਪਾਕਿਸਤਾਨ ਨੇ ਇਹ ਘੱਟ ਸਕੋਰ ਵਾਲਾ ਮੈਚ ਜਿੱਤਿਆ ਸੀ। ਪਾਕਿਸਤਾਨ ਦੀ ਟੀਮ ਫਾਈਨਲ ਮੈਚ 'ਚ ਸਿਰਫ 109 ਦੌੜਾਂ 'ਤੇ ਹੀ ਢੇਰ ਹੋ ਗਈ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਟੀਮ ਨੂੰ ਸਿਰਫ 71 ਦੌੜਾਂ ਹੀ ਬਣਾਉਣ ਦਿੱਤੀਆਂ। ਅਜਿਹੇ 'ਚ ਜੇਕਰ ਇਸ ਵਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਫਾਈਨਲ ਹੁੰਦਾ ਹੈ ਤਾਂ ਟੀਮ ਇੰਡੀਆ ਯਕੀਨੀ ਤੌਰ 'ਤੇ 18 ਸਾਲ ਪੁਰਾਣੀ ਹਾਰ ਦਾ ਬਦਲਾ ਲੈਣਾ ਚਾਹੇਗੀ।