ਨਵੀਂ ਦਿੱਲੀ: ਆਈਪੀਐਲ 2021 'ਚ ਕੱਲ੍ਹ ਚੇਨਈ ਸੁਪਰ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾ ਦਿੱਤਾ। ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ ਨੌਂ ਵਿਕੇਟਾਂ 'ਤੇ 188 ਦੌੜਾਂ ਦਾ ਸਕੋਰ ਬਣਾਇਆ। ਇਸ ਦੇ ਜਵਾਬ 'ਚ ਰਾਜਸਥਾਨ ਦੀ ਟੀਮ ਆਪਣੇ 20 ਓਵਰਾਂ 'ਚ ਨੌਂ ਵਿਕੇਟਾਂ 'ਤੇ 143 ਦੌੜਾਂ ਹੀ ਬਣਾ ਸਕੀ।


 


ਮੈਚ ਦੇ ਬਾਅਦ ਸੀਐਸਕੇ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਨੇ ਆਪਣੀ ਫਿਟਨੈੱਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਧੋਨੀ ਮੁਤਾਬਕ ਉਮਰ ਦੇ ਨਾਲ ਖੁਦ ਨੂੰ ਫਿੱਟ ਰੱਖਣਾ ਤੇ ਆਈਪੀਐਲ ਦੇ ਨੌਜਵਾਨ ਖਿਡਾਰੀਆਂ ਦੇ ਨਾਲ ਮੁਕਾਬਲਾ ਕਰਨਾ ਇੰਨਾ ਆਸਾਨ ਨਹੀਂ। ਧੋਨੀ ਨੇ ਨਾਲ ਹੀ ਕਿਹਾ ਕਿ, ਉਨ੍ਹਾਂ ਦੀ ਹੌਲੀ ਬੱਲੇਬਾਜ਼ੀ ਕਿਸੇ ਹੋਰ ਮੈਚ 'ਚ ਟੀਮ ਦੀ ਹਾਰ ਦਾ ਕਾਰਨ ਵੀ ਬਣ ਸਕਦੀ ਹੈ।



ਧੋਨੀ ਨੇ ਕਿਹਾ, ''ਉਮਰ ਦੇ ਨਾਲ ਖੁਦ ਨੂੰ ਫਿੱਟ ਰੱਖਣਾ ਇੰਨਾ ਆਸਾਨ ਨਹੀਂ ਪਰ ਜਦੋਂ ਤੁਸੀਂ ਖੇਡਦੇ ਹੋ, ਤੁਸੀਂ ਨਹੀਂ ਚਾਹੁੰਦੇ ਕਿ ਕੋਈ ਤੁਹਾਡੀ ਫਿਟਨੈੱਸ ਉੱਤੇ ਸਵਾਲ ਖੜ੍ਹੇ ਕਰੇ। ਪਰਫਾਰਮੰਸ ਦੀ ਕੋਈ ਗਾਰੰਟੀ ਨਹੀਂ ਹੁੰਦੀ। ਜਦੋਂ ਮੈਂ 24 ਸਾਲ ਦਾ ਸੀ ਉਦੋਂ ਵੀ ਮੈਂ ਕਦੇ ਆਪਣੀ ਪਰਫਾਰਮੰਸ ਦੀ ਗਾਰੰਟੀ ਨਹੀਂ ਦਿੱਤੀ ਸੀ। ਨਾ ਹੀ ਜਦੋਂ ਅੱਜ ਮੈਂ 40 ਸਾਲ ਦਾ ਹਾਂ ਇਸ ਦੀ ਗਾਰੰਟੀ ਦੇ ਸਕਦਾ ਹਾਂ।''


 


ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, ''ਜੇਕਰ ਲੋਕ ਮੈਨੂੰ ਅਨਫਿੱਟ ਕਹਿ ਕੇ ਮੇਰੇ ਵੱਲ ਉੱਗਲੀ ਨਹੀਂ ਉਠਾਉਂਦੇ ਹਨ ਤਾਂ ਮੇਰੇ ਲਈ ਇਹ ਸੱਭ ਤੋਂ ਵੱਡੀ ਗੱਲ ਹੋਵੇਗੀ। ਮੈਨੂੰ ਆਈਪੀਐਲ 'ਚ ਆਪਣੇ ਨੌਜਵਾਨ ਸਾਥੀਆਂ ਨਾਲ ਮੁਕਾਬਲਾ ਕਰਨਾ ਹੈ। ਉਹ ਬਹੁਤ ਜ਼ਿਆਦਾ ਤੇ ਬਹੁਤ ਤੇਜ਼ ਦੌੜਨ 'ਚ ਮਾਹਰ ਹਨ, ਉਨ੍ਹਾਂ ਨੂੰ ਚੈਲੰਜ ਦੇ ਕੇ ਮੈਨੂੰ ਮਜ਼ਾ ਆਉਂਦਾ ਹੈ।''


 


ਮੋਇਨ ਅਲੀ ਕਰ ਰਹੇ ਹਨ ਆਲਰਾਊਂਡ ਪ੍ਰਦਰਸ਼ਨ


ਧੋਨੀ ਨੇ ਮੈਚ ਦੇ ਬਾਅਦ ਆਪਣੇ ਆਲਰਾਊਂਡਰ ਮੋਇਨ ਅਲੀ ਦੀ ਤਾਰੀਫ਼ ਕਰਦੇ ਹੋਏ ਕਿਹਾ, ''ਸਾਡੀ ਟੀਮ 'ਚ ਪੰਜ ਵਧੀਆ ਗੇਂਦਬਾਜ਼ਾਂ ਦੇ ਨਾਲ-ਨਾਲ ਮੋਇਨ ਅਲੀ ਦੇ ਤੌਰ 'ਤੇ ਛੇਵਾਂ ਗੇਂਦਬਾਜ਼ ਵੀ ਮੌਜੂਦ ਹੈ।ਖਾਸ ਗੱਲ ਇਹ ਹੈ ਕਿ ਉਹ ਸਾਡੇ ਲਈ ਨਾ ਕੇਵਲ ਵਿਕੇਟ ਲੈ ਰਹੇ ਹਨ ਬਲਕਿ ਕਿਫਾਇਤੀ ਗੇਂਦਬਾਜ਼ੀ ਵੀ ਕਰ ਰਹੇ ਹਨ ਅਤੇ ਨਾਲ ਹੀ ਬੱਲੇਬਾਜ਼ੀ 'ਚ ਰਨ ਬਣਾ ਵੀ ਰਹੇ ਹਨ।''


 


ਉਨ੍ਹਾਂ ਨੇ ਕਿਹਾ, ''ਦੀਪਕ ਚਾਹਰ ਤੇ ਸੈਮ ਕਰਨ ਨੇ ਪਾਵਰਪਲੇਅ 'ਚ ਵਧੀਆ ਗੇਂਦਬਾਜ਼ੀ ਕੀਤੀ। ਚਾਹਰ ਸ਼ੁਰੂਆਤ 'ਚ ਗੇਂਦ ਨੂੰ ਸਵਿੰਗ ਕਰਵਾਉਣ 'ਚ ਮਾਹਰ ਹਨ। ਨਾਲ ਹੀ ਉਹ ਵਿੱਚ ਵਿਚਾਲੇ ਅਤੇ ਡੈੱਥ ਓਵਰਾਂ 'ਚ ਆਪਣੀ ਸਲੋਅਰ ਗੇਂਦ ਦਾ ਵਧੀਆ ਇਸਤਮਾਲ ਕਰ ਸਕਦੇ ਹਨ।''