IPL Media Rights: IPL ਮੀਡੀਆ ਰਾਈਟਸ ਦੀ ਨਿਲਾਮੀ, BCCI ਨੂੰ 50-55 ਹਜ਼ਾਰ ਕਰੋੜ ਮਿਲਣ ਦੀ ਉਮੀਦ, ਦੌੜ 'ਚ ਸ਼ਾਮਲ ਇਹ ਕੰਪਨੀਆਂ
IPL Media Rights: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਅੱਜ (12 ਜੂਨ) ਸਵੇਰੇ 11 ਵਜੇ ਤੋਂ IPL (IPL ਮੀਡੀਆ ਅਧਿਕਾਰ 2023-27 ਨਿਲਾਮੀ) ਦੇ ਅਗਲੇ ਪੰਜ ਸਾਲਾਂ ਲਈ ਮੀਡੀਆ ਅਧਿਕਾਰਾਂ ਦੀ ਨਿਲਾਮੀ ਸ਼ੁਰੂ ਕੀਤੀ ਗਈ ਹੈ
IPL Media Rights: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਅੱਜ (12 ਜੂਨ) ਸਵੇਰੇ 11 ਵਜੇ ਤੋਂ IPL (IPL ਮੀਡੀਆ ਅਧਿਕਾਰ 2023-27 ਨਿਲਾਮੀ) ਦੇ ਅਗਲੇ ਪੰਜ ਸਾਲਾਂ ਲਈ ਮੀਡੀਆ ਅਧਿਕਾਰਾਂ ਦੀ ਨਿਲਾਮੀ ਸ਼ੁਰੂ ਕੀਤੀ ਗਈ ਹੈ ਜੋ ਕਿ ਸ਼ਾਮ 6 ਵਜੇ ਤੱਕ ਚੱਲੇਗੀ। ਇਸ ਨਿਲਾਮੀ 'ਚ ਦੁਨੀਆ ਦੀਆਂ ਕਈ ਵੱਡੀਆਂ ਕੰਪਨੀਆਂ ਸ਼ਾਮਲ ਹੋਈਆਂ ਹਨ। ਬੀਸੀਸੀਆਈ ਨੂੰ ਇਸ ਨਿਲਾਮੀ ਤੋਂ 50 ਤੋਂ 55 ਹਜ਼ਾਰ ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਇੱਥੇ ਜਾਣੋ ਇਸ ਮਹਾਨ ਨਿਲਾਮੀ ਨਾਲ ਜੁੜੀ ਅਹਿਮ ਜਾਣਕਾਰੀ।
ਰਿਲਾਇੰਸ ਗਰੁੱਪ ਦੇ ਵਾਇਆਕਾਮ-18, ਡਿਜ਼ਨੀ ਸਟਾਰ ਨੈੱਟਵਰਕ, ਸੋਨੀ ਸਪੋਰਟਸ ਨੈੱਟਵਰਕ ਦੇ ਨਾਲ-ਨਾਲ ਜ਼ੀ ਗਰੁੱਪ, ਟਾਈਮਜ਼ ਇੰਟਰਨੈੱਟ, ਸੁਪਰਸਪੋਰਟ ਅਤੇ ਫਨਏਸ਼ੀਆ ਆਈਪੀਐਲ ਲਈ ਮੀਡੀਆ ਅਧਿਕਾਰ ਪ੍ਰਾਪਤ ਕਰਨ ਲਈ ਨਿਲਾਮੀ ਵਿੱਚ ਹਿੱਸਾ ਲੈ ਰਹੇ ਹਨ। ਜੈਫ ਬੇਜੋਸ ਦੀ ਕੰਪਨੀ ਐਮਾਜ਼ਾਨ ਵੀ ਇਸ ਦੌੜ 'ਚ ਸ਼ਾਮਲ ਸੀ ਪਰ ਦੋ ਦਿਨ ਪਹਿਲਾਂ ਕੰਪਨੀ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ।
ਕਿਸ ਤਰ੍ਹਾਂ ਹੋਵੇਗੀ ਨਿਲਾਮੀ?
ਇਸ ਨਿਲਾਮੀ ਨੂੰ ਚਾਰ ਵੱਖ-ਵੱਖ ਪੈਕੇਜਾਂ ਵਿੱਚ ਵੰਡਿਆ ਗਿਆ ਹੈ। ਹਰੇਕ ਪੈਕੇਜ ਲਈ ਵੱਖਰੀ ਨਿਲਾਮੀ ਕੀਤੀ ਜਾਵੇਗੀ।
ਪਹਿਲਾ ਪੈਕੇਜ ਭਾਰਤੀ ਉਪ ਮਹਾਂਦੀਪ ਦੇ ਟੀਵੀ ਅਧਿਕਾਰਾਂ ਦਾ ਹੈ। ਯਾਨੀ ਭਾਰਤ ਸਮੇਤ ਦੱਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਟੀਵੀ ਉੱਤੇ ਆਈਪੀਐਲ ਦਾ ਪ੍ਰਸਾਰਣ। ਇਸ ਪੈਕੇਜ ਵਿੱਚ ਇੱਕ ਮੈਚ ਦੀ ਮੂਲ ਕੀਮਤ 49 ਕਰੋੜ ਰੁਪਏ ਹੈ।
ਦੂਜਾ ਪੈਕੇਜ ਭਾਰਤੀ ਉਪ ਮਹਾਂਦੀਪ ਵਿੱਚ ਡਿਜੀਟਲ ਅਧਿਕਾਰਾਂ ਦਾ ਹੈ। ਯਾਨੀ ਦੱਖਣੀ ਏਸ਼ੀਆ ਵਿੱਚ ਡਿਜੀਟਲ ਪਲੇਟਫਾਰਮ 'ਤੇ ਆਈਪੀਐਲ ਦਾ ਪ੍ਰਸਾਰਣ। ਇੱਥੇ ਇੱਕ ਮੈਚ ਦੀ ਮੂਲ ਕੀਮਤ 33 ਕਰੋੜ ਰੁਪਏ ਹੈ।
ਤੀਜਾ ਪੈਕੇਜ ਸੀਜ਼ਨ ਦੇ 18 ਚੁਣੇ ਹੋਏ ਮੈਚਾਂ ਦਾ ਹੈ। ਇਸ ਵਿੱਚ ਸੀਜ਼ਨ ਦਾ ਪਹਿਲਾ ਮੈਚ, ਵੀਕੈਂਡ ਡਬਲ ਹੈਡਰ ਵਿੱਚ ਸ਼ਾਮ ਦੇ ਮੈਚ ਤੇ ਚਾਰ ਪਲੇਆਫ ਮੈਚ ਸ਼ਾਮਲ ਹਨ। ਇਨ੍ਹਾਂ ਲਈ ਵੱਖਰੀ ਬੋਲੀ ਹੋਵੇਗੀ। ਇੱਥੇ ਇੱਕ ਮੈਚ ਦੀ ਬੇਸ ਪ੍ਰਾਈਸ 11 ਕਰੋੜ ਰੁਪਏ ਹੈ।
ਚੌਥਾ ਪੈਕੇਜ ਭਾਰਤੀ ਉਪ ਮਹਾਂਦੀਪ ਤੋਂ ਬਾਹਰ ਟੀਵੀ ਅਤੇ ਡਿਜੀਟਲ ਪ੍ਰਸਾਰਣ ਅਧਿਕਾਰਾਂ ਲਈ ਹੈ। ਇੱਥੇ ਇੱਕ ਮੈਚ ਦੀ ਬੇਸ ਪ੍ਰਾਈਸ 3 ਕਰੋੜ ਰੁਪਏ ਹੈ।
ਅਧਾਰ ਕੀਮਤ ਕੀ ਹੈ ਅਤੇ ਨਿਲਾਮੀ ਦੀ ਰਕਮ ਕਿੱਥੇ ਪਹੁੰਚ ਸਕਦੀ ਹੈ?
ਜੇਕਰ ਅਸੀਂ ਸਾਰੇ ਚਾਰ ਪੈਕੇਜਾਂ ਦੇ ਸਾਰੇ ਮੈਚਾਂ ਦੀ ਅਧਾਰ ਕੀਮਤ 'ਤੇ ਨਜ਼ਰ ਮਾਰੀਏ, ਤਾਂ 5 ਸਾਲਾਂ ਦੇ ਸਾਰੇ ਮੈਚਾਂ ਦੀ ਕੁੱਲ ਅਧਾਰ ਕੀਮਤ 32,890 ਕਰੋੜ ਰੁਪਏ ਹੈ। ਯਾਨੀ ਬੋਰਡ ਨੂੰ ਇਸ ਨਿਲਾਮੀ ਤੋਂ ਘੱਟੋ-ਘੱਟ 32 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਮਿਲੇਗੀ। ਹਾਲਾਂਕਿ ਬੋਰਡ ਨੂੰ ਉਮੀਦ ਹੈ ਕਿ ਆਈਪੀਐਲ ਦੇ 5 ਸਾਲਾਂ ਦੇ ਮੀਡੀਆ ਅਧਿਕਾਰ 50 ਤੋਂ 55 ਹਜ਼ਾਰ ਕਰੋੜ ਰੁਪਏ ਵਿੱਚ ਵੇਚੇ ਜਾ ਸਕਦੇ ਹਨ।
ਪਹਿਲਾਂ ਕਿੰਨੇ 'ਚ ਵੇਚੇ ਗਏ ਸੀ ਮੀਡੀਆ ਰਾਈਟਸ
ਆਈਪੀਐਲ ਮੀਡੀਆ ਅਧਿਕਾਰਾਂ ਦੀ ਆਖਰੀ ਨਿਲਾਮੀ ਸਾਲ 2017 ਵਿੱਚ ਹੋਈ ਸੀ। ਫਿਰ ਸਟਾਰ ਇੰਡੀਆ ਨੇ 16,347.50 ਕਰੋੜ ਰੁਪਏ ਵਿੱਚ 2022 ਤੱਕ ਮੀਡੀਆ ਅਧਿਕਾਰ ਖਰੀਦੇ। ਇਸ ਤੋਂ ਪਹਿਲਾਂ 2008 'ਚ ਸੋਨੀ ਪਿਕਚਰ ਨੈੱਟਵਰਕਸ ਨੇ 8,200 ਕਰੋੜ ਰੁਪਏ ਦੀ ਬੋਲੀ ਲਗਾ ਕੇ 10 ਸਾਲਾਂ ਲਈ ਮੀਡੀਆ ਅਧਿਕਾਰ ਜਿੱਤੇ ਸਨ।