PBKS vs RR: ਪੰਜਾਬ ਨੇ ਆਰਚਰ-ਸੰਦੀਪ ਅੱਗੇ ਟੇਕੇ ਗੋਡੇ, ਰਾਜਸਥਾਨ ਰਾਇਲਜ਼ ਨੇ 50 ਦੌੜਾਂ ਨਾਲ ਜਿੱਤਿਆ ਮੈਚ, ਜਾਣੋ Punjab Kings ਦੇ ਹਾਰ ਦੇ ਕਾਰਨ
ਪੰਜਾਬ ਦੀ ਟੀਮ ਲਈ ਕੱਲ੍ਹ ਵਧੀਆ ਦਿਨ ਨਹੀਂ ਰਿਹਾ, ਉਹ ਜਿੱਤ ਦੀ ਹੈਟ੍ਰਿਕ ਲਗਾਉਣ ਤੋਂ ਖੁੰਝ ਗਏ। ਰਾਜਸਥਾਨ ਰਾਇਲਜ਼ ਨੇ ਪੰਜਾਬ ਕਿੰਗਜ਼ ਨੂੰ 50 ਦੌੜਾਂ ਨਾਲ ਹਰਾ ਦਿੱਤਾ ਹੈ। ਪੰਜਾਬ ਕਿੰਗਜ਼ ਨੂੰ ਆਪਣੇ ਘਰੇਲੂ ਮੈਦਾਨ ਉੱਤੇ ਹੀ ਹਾਰ ਦਾ ਸਾਹਮਣਾ..

PBKS vs RR Full Match Highlights: ਰਾਜਸਥਾਨ ਰਾਇਲਜ਼ ਨੇ ਪੰਜਾਬ ਕਿੰਗਜ਼ ਨੂੰ 50 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਮੈਚ ਵਿੱਚ ਰਾਜਸਥਾਨ ਨੇ ਪਹਿਲਾਂ ਖੇਡਦਿਆਂ 205 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ। ਜਵਾਬ ਵਿੱਚ ਪੰਜਾਬ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ ਸਿਰਫ਼ 155 ਦੌੜਾਂ ਹੀ ਬਣਾ ਸਕੀ। ਰਾਜਸਥਾਨ ਵੱਲੋਂ ਯਸ਼ਸਵੀ ਜੈਸਵਾਲ ਨੇ 67 ਦੌੜਾਂ ਦੀ ਸ਼ਾਨਦਾਰ ਹਾਫ ਸੈਂਚਰੀ ਮਾਰੀ, ਜਦਕਿ ਰਿਆਨ ਪਰਾਗ ਨੇ ਵੀ 43 ਦੌੜਾਂ ਦੀ ਤੀਬਰ ਪਾਰੀ ਖੇਡੀ। ਦੂਜੇ ਪਾਸੇ ਪੰਜਾਬ ਵੱਲੋਂ ਨੇਹਾਲ ਵਾਢੇਰਾ ਨੇ ਵਧੀਆ ਪ੍ਰਦਰਸ਼ਨ ਕੀਤਾ, ਪਰ ਸ਼੍ਰੇਅਸ ਅਈਅਰ ਫਲਾਪ ਰਹੇ।
ਜੋਫਰਾ ਆਰਚਰ ਦੇ ਸਾਹਮਣੇ ਪੰਜਾਬ ਦਾ ਟੌਪ ਆਰਡਰ ਡਿੱਗਿਆ
ਪੰਜਾਬ ਕਿੰਗਜ਼ ਨੂੰ ਇਸ ਮੈਚ ਵਿੱਚ 206 ਦੌੜਾਂ ਦਾ ਵਿਸ਼ਾਲ ਸਕੋਰ ਮਿਲਿਆ ਸੀ। ਟਾਰਗਟ ਦਾ ਪਿੱਛਾ ਕਰਦੇ ਹੋਏ ਪੰਜਾਬ ਦੀ ਟੀਮ ਦਾ ਟੌਪ ਆਰਡਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ। ਪਾਰੀ ਦੀ ਪਹਿਲੀ ਹੀ ਗੇਂਦ 'ਤੇ ਜੋਫਰਾ ਆਰਚਰ ਨੇ ਪ੍ਰਿਆਂਸ਼ ਆਰਿਆ ਨੂੰ ਕਲੀਨ ਬੋਲਡ ਕਰ ਦਿੱਤਾ। ਸ਼੍ਰੇਅਸ ਅਈਅਰ ਨੇ ਆਉਂਦੇ ਹੀ ਤੀਬਰ ਅੰਦਾਜ਼ ਵਿੱਚ ਬੈਟਿੰਗ ਕੀਤੀ, ਪਰ ਪਹਿਲੇ ਹੀ ਓਵਰ ਦੀ ਆਖਰੀ ਗੇਂਦ 'ਤੇ ਆਰਚਰ ਨੇ ਉਸਨੂੰ ਵੀ ਕਲੀਨ ਬੋਲਡ ਕਰ ਦਿੱਤਾ।
ਪੰਜਾਬ ਟੀਮ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਜਦੋਂ ਪ੍ਰਭਸਿਮਰਨ ਸਿੰਘ ਵੀ ਸਿਰਫ 17 ਦੌੜਾਂ ਬਣਾਕੇ ਆਊਟ ਹੋ ਗਏ। ਜਿੱਥੇ ਮਾਰਕਸ ਸਟੋਇਨਿਸ ਤੋਂ ਟੀਮ ਨੂੰ ਵੱਡੀ ਪਾਰੀ ਦੀ ਉਮੀਦ ਸੀ, ਉੱਥੇ ਇਹ ਆਸਟ੍ਰੇਲੀਅਨ ਆਲਰਾਊਂਡਰ ਵੀ ਸਿਰਫ 1 ਦੌੜ ਬਣਾ ਕੇ ਆਊਟ ਹੋ ਗਿਆ। ਪੰਜਾਬ ਦੀ ਹਾਲਤ ਇੰਨੀ ਖਰਾਬ ਸੀ ਕਿ ਸਿਰਫ 43 ਦੇ ਸਕੋਰ 'ਤੇ ਹੀ 4 ਵਿਕਟਾਂ ਢਹਿ ਗਈਆਂ ਸਨ। ਨੇਹਾਲ ਵਾਢੇਰਾ ਅਤੇ ਗਲੈਨ ਮੈਕਸਵੇਲ ਨੇ 78 ਦੌੜਾਂ ਦੀ ਭਰੋਸੇਯੋਗ ਭਾਗੀਦਾਰੀ ਕਰਕੇ ਪੰਜਾਬ ਦੀ ਜਿੱਤ ਦੀ ਉਮੀਦ ਜਤਾਈ, ਪਰ ਕੇਵਲ ਦੋ ਗੇਂਦਾਂ ਵਿੱਚ ਦੋਵੇਂ ਆਪਣਾ ਵਿਕਟ ਗੁਆ ਬੈਠੇ। ਵਾਢੇਰਾ ਨੇ 62 ਅਤੇ ਮੈਕਸਵੇਲ ਨੇ 30 ਦੌੜਾਂ ਬਣਾਈਆਂ।
ਜਿੱਤ ਦੀ ਹੈਟ੍ਰਿਕ ਤੋਂ ਖੁੰਝ ਗਈ ਪੰਜਾਬ ਕਿੰਗਜ਼
IPL 2025 ਵਿੱਚ ਪੰਜਾਬ ਕਿੰਗਜ਼ ਨੇ ਹੁਣ ਤੱਕ ਆਪਣੇ ਦੋਵੇਂ ਮੈਚ ਜਿੱਤੇ ਸਨ। ਪਹਿਲੇ ਮੈਚ ਵਿੱਚ ਉਸਨੇ ਗੁਜਰਾਤ ਟਾਈਟਨਜ਼ ਨੂੰ 11 ਦੌੜਾਂ ਨਾਲ ਹਰਾਇਆ ਸੀ, ਜਦਕਿ ਅਗਲੇ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੂੰ 8 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਸੀ। ਰਾਜਸਥਾਨ ਰਾਇਲਜ਼ ਨੂੰ ਹਰਾਕੇ ਪੰਜਾਬ ਦੀ ਟੀਮ ਜਿੱਤ ਦੀ ਹੈਟ੍ਰਿਕ ਲਾ ਸਕਦੀ ਸੀ, ਪਰ ਆਖਿਰ ਵਿੱਚ ਉਸਨੂੰ 50 ਦੌੜਾਂ ਦੀ ਵੱਡੀ ਹਾਰ ਸਹਿਣੀ ਪਈ। ਦੂਜੇ ਪਾਸੇ ਇਹ ਰਾਜਸਥਾਨ ਦੀ ਵੀ ਲਗਾਤਾਰ ਦੂਜੀ ਜਿੱਤ ਹੈ।


















