ਚੰਡੀਗੜ੍ਹ: ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਆਮਿਰ ਸੋਹੇਲ ਨੇ 1996 'ਚ ਪੈਪਸੀ ਕੱਪ ਦੌਰਾਨ ਨਵਜੋਤ ਸਿੱਧੂ ਨਾਲ ਹੋਏ ਵਿਵਾਦ ਨੂੰ ਮੁੜ ਯਾਦ ਕੀਤਾ ਹੈ। ਪੈਪਸੀ ਕੱਪ ਦੌਰਾਨ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਏ ਮੈਚ ਵਿਚ ਇਹ ਘਟਨਾ ਹੋਈ ਸੀ। ਕਈ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਸਿੱਧੂ ਬੇਕਾਬੂ ਹੋ ਗਏ ਸਨ।


ਸਾਲਾਂ ਬਾਅਦ ਸੋਹੇਲ ਨੇ ਇਸ ਕਿੱਸੇ ਨੂੰ ਯਾਦ ਕਰਦਿਆਂ ਦੱਸਿਆ ਕਿ ਉਸ ਵੇਲੇ ਕੀ ਹੋਇਆ ਸੀ? ਸਿੱਧੂ ਨੇ ਕੁਝ ਸਾਲ ਪਹਿਲਾਂ ਇਕ ਕਾਮੇਡੀ ਸ਼ੋਅ 'ਚ ਇਸ ਘਟਨਾ ਬਾਰੇ ਦੱਸਿਆ ਸੀ। ਹਾਲਾਂਕਿ ਹੁਣ ਆਮਿਰ ਸੋਹੇਲ ਨੇ ਇਸ ਦਾ ਦੂਜਾ ਪੱਖ ਦੱਸਿਆ।


ਯੂਟਿਊਬ ਚੈਨਲ 'ਤੇ ਸੋਹੇਲ ਨੇ ਦੱਸਿਆ ਕਿ ਸਿੱਧੂ ਪਾਕਿਸਤਾਨ ਦੇ ਖਿਡਾਰੀ ਵਕਾਰ ਯੂਨੁਸ ਦੀ ਸਲੇਜਿੰਗ ਤੋਂ ਖੁਸ਼ ਨਹੀਂ ਸਨ। ਉਨ੍ਹਾਂ ਮੈਨੂੰ ਆਪਣੇ ਗੇਂਦਬਾਜ਼ ਨੂੰ ਸਮਝਾਉਣ ਤੇ ਗਾਲਾਂ ਨਾ ਦੇਣ ਲਈ ਕਿਹਾ ਸੀ। ਸੋਹੇਲ ਉਸ ਸਮੇਂ ਟੀਮ ਦੇ ਕਪਤਾਨ ਸਨ।


ਸ਼ਾਰਜਾਹ 'ਚ ਪ੍ਰਸ਼ੰਸਕ ਕਾਫੀ ਉਤਸ਼ਾਹਤ ਸਨ। ਸੋਹੇਲ ਨੇ ਦੱਸਿਆ ਕਿ "ਮੈਂ ਸਿੱਧੂ ਨੂੰ ਵੱਕਾਰ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ ਸੀ। ਸਿੱਧੂ ਭਾਜੀ ਬੱਲਬਾਜ਼ੀ ਕਰ ਰਹੇ ਸਨ। ਓਵਰ ਦੌਰਾਨ ਉਹ ਗੁੱਸੇ 'ਚ ਮੇਰੇ ਕੋਲ ਆਏ ਤੇ ਕਿਹਾ ਕਿ "ਮੈਂ ਆਪਣੇ ਗੇਂਦਬਾਜ਼ ਨੂੰ ਸਮਝਾ ਲਵਾਂ, ਉਹ ਗਲਤ ਗੱਲਾਂ ਕਰ ਰਿਹਾ ਹੈ। ਉਹ ਮੈਨੂੰ ਗਾਲ਼ਾਂ ਦੇ ਰਿਹਾ ਹੈ।"


ਜਦੋਂ ਸੋਹਲੇ ਨੇ ਸਿੱਧੂ ਨੂੰ ਉਸ ਗੇਂਦਬਾਜ਼ ਨੂੰ ਇਗਨੋਰ ਕਰਨ ਲਈ ਕਿਹਾ ਤਾਂ ਸਿੱਧੂ ਨੇ ਜਵਾਬ ਦਿੱਤਾ ਕਿ ਉਹ ਕੁਝ ਕਹੇ ਪਰ ਗਾਲ਼ਾਂ ਨਾ ਦੇਵੇ। ਤਦ ਸੋਹੇਲ ਨੇ ਕਿਹਾ "ਓਕੇ ਭਾਜੀ, ਮੈਂ ਉਸ ਨੂੰ ਬੋਲ ਦੇਵਾਂਗਾ, ਤੁਸੀਂ ਖੇਡੋ। ਬੱਸ ਏਨਾ ਹੀ ਹੋਇਆ ਸੀ। ਮੈਨੂੰ ਨਹੀਂ ਪਤਾ ਸਿੱਧੂ ਉਸ ਵੇਲੇ ਕੀ ਸੋਚ ਰਹੇ ਸਨ।"


ਇਹ ਪੂਰਾ ਵਾਕਿਆ ਪੈਪਸੀ ਕੱਪ ਦੇ ਚੌਥੇ ਮੈਚ ਦਾ ਸੀ। ਸਿੱਧੂ ਨੇ 117 ਗੇਂਦਾਂ 'ਤੇ 101 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।