ਪੜਚੋਲ ਕਰੋ
ਵਨਡੇ ਮੈਚ 'ਚ ਚਮਤਕਾਰ, 571 ਦੌੜਾਂ ਦੇ ਫਰਕ ਨਾਲ ਰਿਕਾਰਡਤੋੜ ਜਿੱਤ

ਚੰਡੀਗੜ੍ਹ: ਆਮ ਕਿਹਾ ਜਾਂਦਾ ਹੈ ਕ੍ਰਿਕੇਟ ਵਿੱਚ ਕੁਝ ਵੀ ਹੋ ਸਕਦਾ ਹੈ। ਕਦੀ ਨਵੇਂ ਰਿਕਾਰਡ ਬਣਦੇ ਹਨ, ਤੇ ਕਦੀ ਇਤਿਹਾਸ ਸਿਰਜਿਆ ਜਾਂਦਾ ਹੈ। ਇੱਕ ਅਜਿਹਾ ਹੀ ਇਤਿਹਾਸਿਕ ਮੈਚ ਆਸਟ੍ਰੇਲੀਆ ਵਿੱਚ ਖੇਡਿਆ ਗਿਆ। ਦੱਖਣੀ ਆਸਟ੍ਰੇਲੀਆ ਕ੍ਰਿਕੇਟ ਐਸੋਸੀਏਸ਼ਨ (SACA) ਪ੍ਰੀਮੀਅਰ ਕ੍ਰਿਕੇਟ ਲੀਗ ’ਚ ਮਹਿਲਾ ਕ੍ਰਿਕੇਟ ਦੇ ਇੱਕ ਅਨੋਖੇ ਮੈਚ ਵਿੱਚ ਇੱਕ ਟੀਮ ਨੇ 571 ਦੌੜਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਇਹ ਮੈਚ ਨਾਰਥਰਨ ਡਿਸਟ੍ਰਿਕਟਸ ਤੇ ਪੋਰਟ ਐਡੀਲੇਡ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਸੀ। 50 ਓਵਰਾਂ 'ਚ 596 ਦੌੜਾਂ ਨਾਰਥਰਨ ਡਿਸਟ੍ਰਿਕਟਸ ਦੀ ਟੀਮ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ, ਨਿਰਧਾਰਿਤ 50 ਓਵਰਾਂ ਵਿੱਚ 3 ਵਿਕਟ ਗਵਾ ਕੇ 596 ਰਨ ਬਣਾਏ। ਇਸ ਵੱਡੇ ਸਕੋਰ ਵਿੱਚ ਚਾਰ ਖਿਡਾਰਨਾਂ ਦੇ ਸੈਂਕੜੇ ਸ਼ਾਮਲ ਸਨ। ਐਸਏਸੀਏ ਦੇ ਇਸ ਗਰੇਡ ਇੱਕ ਮੁਕਾਬਲੇ ਵਿੱਚ ਨਾਰਥਰਨ ਡਿਸਟ੍ਰਿਕਟਸ ਦੀ ਟੀਮ ਦੀਆਂ ਬੱਲੇਬਾਜਾਂ ਨੇ ਚੌਕੇ-ਛੱਕਿਆਂ ਦੀ ਵਰਖਾ ਕਰ ਦਿੱਤੀ। ਟੈਗਨ ਮੈਕਫਾਰਲੀਨ ਨੇ 80 ਗੇਂਦਾਂ ਤੇ 136 ਰਨ ਦੀ ਪਾਰੀ ਖੇਡੀ। ਟੈਬੀ ਸਾਵਿਲੀ ਨੇ 56 ਗੇਂਦਾਂ ਤੇ 120 ਰਨ ਦੀ ਜਬਰਦਸਤ ਪਾਰੀ ਖੇਡੀ। ਸੈਮ ਬੀਟਸ 71 ਗੇਂਦਾਂ ਤੇ 124 ਰਨ ਬਣਾ ਕੇ ਨਾਬਾਦ ਰਹੀ ਤੇ 15 ਸਾਲਾ ਖਿਡਾਰਨ ਡਾਰਸੀ ਬ੍ਰਾਊਨ ਨੇ 84 ਗੇਂਦਾਂ ਤੇ 117 ਰਨ ਦੀ ਨਾਬਾਦ ਪਾਰੀ ਨਾਲ ਨਾਰਥਰਨ ਡਿਸਟ੍ਰਿਕਟਸ ਦੀ ਟੀਮ ਨੂੰ ਵੱਡੇ ਸਕੋਰ ਤਕ ਪਹੁੰਚਣ 'ਚ ਮਦਦ ਕੀਤੀ। ਨਾਰਥਰਨ ਡਿਸਟ੍ਰਿਕਟਸ ਦੀ ਟੀਮ ਨੂੰ ਪਹਿਲਾ ਝਟਕਾ ਹੀ 249 ਰਨ ਦੇ ਸਕੋਰ ’ਤੇ ਲੱਗਿਆ ਸੀ। ਪੋਰਟ ਐਡੀਲੇਡ ਦੀ ਖਰਾਬ ਗੇਂਦਬਾਜ਼ੀ ਨੇ ਵੀ ਵਿਰੋਧੀ ਟੀਮ ਨੂੰ ਵੱਡੇ ਸਕੋਰ ਤਕ ਪਹੁੰਚਣ ਵਿੱਚ ਖਾਸ ਮਦਦ ਕੀਤੀ। ਪੋਰਟ ਐਡੀਲੇਡ ਨੇ 88 ਦੌੜਾਂ ਐਕਸਟਰਾਸ ਦੇ ਤੌਰ ’ਤੇ ਦਿੱਤੀਆਂ, ਜਿਸ ਵਿੱਚ 75 ਰਨ ਵਾਈਡ ਗੇਂਦਾਂ ਦੇ ਸਨ। 25 ਰਨ ’ਤੇ ਢੇਰ ਹੋਇਆ ਪੋਰਟ ਐਡੀਲੇਡ 597 ਰਨ ਦੀ ਚੁਣੌਤੀ ਦਾ ਪਿੱਛਾ ਕਰਦਿਆਂ ਪੋਰਟ ਐਡੀਲੇਡ ਦੀ ਟੀਮ, ਇੱਕ ਤੋਂ ਬਾਅਦ ਇੱਕ ਵਿਕਟ ਗਵਾਉਂਦੀ ਚਲੀ ਗਈ। ਪੂਰੀ ਟੀਮ ਸਿਰਫ 10.5 ਓਵਰਾਂ ਵਿੱਚ ਹੀ 25 ਰਨ ’ਤੇ ਢੇਰ ਹੋ ਗਈ। ਟੀਮ ਲਈ ਸਿਰਫ 8 ਖਿਡਾਰਨਾ ਨੇ ਬੱਲੇਬਾਜ਼ੀ ਕੀਤੀ। ਟੀਮ ਦੀ ਖਿਡਾਰਨ ਪ੍ਰਤਿਭਾ ਕਪੂਰ ਨੇ ਸਭ ਤੋਂ ਵੱਧ 9 ਰਨ ਦਾ ਯੋਗਦਾਨ ਪਾਇਆ। 4 ਖਿਡਾਰਨਾਂ ਬਿਨ੍ਹਾਂ ਖਾਤਾ ਖੋਲ੍ਹੇ ਪੈਵਲੀਅਨ ਪਰਤ ਗਈਆਂ। ਇਹ ਪੋਰਟ ਐਡੀਲੇਡ ਦੀ ਟੀਮ ਦਾ ਦੂਜਾ ਵੱਡਾ ਨਾਕਾਮੀ ਭਰਪੂਰ ਪ੍ਰਦਰਸ਼ਨ ਹੈ। ਇਸਤੋਂ ਪਹਿਲਾਂ ਬੀਤੇ ਹਫਤੇ ਦੱਖਣੀ ਡਿਸਟ੍ਰਿਕਟਸ ਦੀ ਟੀਮ ਨੇ ਵੀ ਪੋਰਟ ਐਡੀਲੇਡ ਖਿਲਾਫ 415 ਰਨ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ। ਪੋਰਟ ਐਡੀਲੇਡ ਕ੍ਰਿਕਟ ਡਾਇਰੈਕਟਰ ਡੀਨ ਸਾਇਰਸ ਨੇ ਮੰਨਿਆ ਕਿ ਉਨ੍ਹਾਂ ਦੀ ਟੀਮ ਬਾਕੀ ਟੀਮਾਂ ਮੁਕਾਬਲੇ ਕਮਜ਼ੋਰ ਹੈ, ਅਤੇ ਓਹ ਨੌਜਵਾਨ ਖਿਡਾਰਨਾਂ ਨਾਲ ਖੇਡ ਰਹੇ ਹਨ, ਜੋ ਕਿ ਗਰੇਡ ਏ ਦੀ ਬਰਾਬਰੀ ਵਾਲੀਆਂ ਨਹੀਂ ਹਨ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















