India Medal Tally, Olympic 2020: ਭਾਰਤ ਦੀ ਝੋਲੀ ਅੱਜ ਨਹੀਂ ਪਿਆ ਕੋਈ ਤਗਮਾ, ਵਿਸ਼ਵ ਭਰ 'ਚ ਮੈਡਲ ਸੂਚੀ 'ਚ ਭਾਰਤ ਦਾ 66ਵਾਂ ਸਥਾਨ
India Medal Tally Standings, Tokyo Olympic 2020: ਆਖਰੀ ਦੋ ਕੁਆਰਟਰ ਭਾਰਤ ਲਈ ਚੰਗੇ ਨਹੀਂ ਰਹੇ ਸਨ ਤੇ ਇਸ ਦਾ ਖਮਿਆਜ਼ਾ ਭਾਰਤ ਨੂੰ ਭੁਗਤਣਾ ਪਿਆ।
Tokyo Olympic 2020: ਟੋਕਿਓ ਓਲੰਪਿਕ 'ਚ ਭਾਰਤ ਦੇ ਨਾਂਅ ਹੁਣ ਤਕ ਦੋ ਸਿਲਵਰ ਤੇ ਤਿੰਨ ਕਾਂਸੇ ਦੇ ਤਗਮੇ ਹਨ। ਮੈਡਲ ਟੇਬਲ ਦੇ ਮਾਮਲੇ 'ਚ ਭਾਰਤ ਦਾ ਵਿਸ਼ਵ ਭਰ 'ਚ 66ਵਾਂ ਸਥਾਨ ਹੈ। ਭਾਰਤ ਲਈ ਅੱਜੇ ਦੇ ਦਿਨ ਦੀ ਗੱਲ ਕਰੀਏ ਤਾਂ ਭਾਰਤੀ ਮਹਿਲਾ ਟੀਮ ਬ੍ਰੌਂਜ ਮੈਡਲ ਆਪਣੇ ਨਾਂਅ ਨਹੀਂ ਕਰ ਸਕੀ। ਬ੍ਰਿਟੇਨ ਨੇ ਮੈਚ 4-3 ਨਾਲ ਆਪਣੇ ਨਾਂਅ ਕਰ ਲਿਆ। ਭਾਰਤ ਹਾਲਾਂਕਿ ਟੋਕਿਓ ਓਲੰਪਿਕ 'ਚ ਇਤਿਹਾਸ ਰਚਣ 'ਚ ਕਾਮਯਾਬ ਰਿਹਾ। ਭਾਰਤੀ ਮਹਿਲਾ ਹਾਕੀ ਟੀਮ ਪਹਿਲੀ ਵਾਰ ਬ੍ਰੌਂਜ ਲਈ ਮੁਕਾਬਲਾ ਕਰ ਰਹੀ ਸੀ। ਗਰੁੱਪ ਸਟੇਜ ਦੇ ਆਖਰੀ ਦੋ ਮੁਕਾਬਲਿਆਂ 'ਚ ਭਾਰਤ ਨੇ ਸ਼ਾਨਦਾਰ ਵਾਪਸੀ ਕਰਦਿਆਂ ਅਗਲੇ ਰਾਊਂਡ 'ਚ ਥਾਂ ਬਣਾਈ ਸੀ। ਬ੍ਰਿਟੇਨ ਖਿਲਾਫ ਵੀ ਦੋ ਗੋਲ ਨਾਲ ਪਛੜਨ ਦੇ ਬਾਵਜੂਦ ਭਾਰਤ ਵਾਪਸੀ ਕਰਨ 'ਚ ਕਾਮਯਾਬ ਹੋ ਗਿਆ ਸੀ। ਆਖਰੀ ਦੋ ਕੁਆਰਟਰ ਭਾਰਤ ਲਈ ਚੰਗੇ ਨਹੀਂ ਰਹੇ ਸਨ ਤੇ ਇਸ ਦਾ ਖਮਿਆਜ਼ਾ ਭਾਰਤ ਨੂੰ ਭੁਗਤਣਾ ਪਿਆ।
ਬਜਰੰਗ ਪੂਨੀਆ ਨੂੰ ਸੈਮੀਫਾਇਨਲ 'ਚ ਮਿਲੀ ਹਾਰ
ਟੋਕਿਓ ਓਲੰਪਿਕ 'ਚ ਸਵੇਰੇ ਭਾਰਤੀ ਮਹਿਲਾ ਹਾਕੀ ਟੀਮ ਦੀ ਹਾਰ ਤੋਂ ਬਾਅਦ ਦੇਸ਼ ਵਾਸੀਆਂ ਦੀਆਂ ਨਜ਼ਰਾਂ ਪਹਿਲਵਾਨ ਬਜਰੰਗ ਪੂਨੀਆ 'ਤੇ ਟਿਕੀਆਂ ਸਨ। ਪਰ ਤਗਮੇ ਦੇ ਦਾਅਵੇਦਾਰ ਮੰਨੇ ਜਾ ਰਹੇ ਪਹਿਲਵਾਨ ਬਜਰੰਗ ਪੂਨੀਆ ਅੱਜ ਦੋ ਵਾਰ ਜਿੱਤ ਕੇ ਵੀ ਆਖਰ ਹਾਰ ਗਏ। ਪਹਿਲਵਾਨ ਪੂਨੀਆ ਪੁਰਸ਼ਾਂ ਦੇ 65 ਕਿਲੋਗ੍ਰਾਮ ਫ੍ਰੀਸਟਾਇਲ ਸੈਮੀਫਾਇਨਲ 'ਚ ਅਜਰਬੈਜਾਨ ਦੇ ਹਾਜੀ ਅਲੀਯੇਵ ਤੋਂ 5-12 ਨਾਲ ਹਾਰ ਗਏ।
ਇਸ ਤੋਂ ਪਹਿਲਾਂ ਕੁਆਰਟਰ ਫਾਇਨਲ ਮੁਕਾਬਲੇ 'ਚ ਬਜਰੰਗ ਪੂਨੀਆ ਨੇ ਇਕ ਹੀ ਮੂਵ 'ਚ ਵਿਰੋਧੀ ਪਹਿਲਵਾਨ ਨੂੰ ਮਾਤ ਦਿੱਤੀ ਤੇ ਬਜਰੰਗ ਪੂਨੀਆ ਇਰਾਨ ਦੇ ਮੁਰਤਜਾ ਨੂੰ ਹਰਾ ਕੇ ਸੈਮੀਫਾਇਨਲ 'ਚ ਪਹੁੰਚੇ ਸਨ।
ਇਸ ਤੋਂ ਪਹਿਲਾਂ ਅੱਜ ਹੀ ਬਜਰੰਗ ਪੂਨੀਆ ਨੇ ਪ੍ਰੀ-ਕੁਆਰਟਰ ਫਾਇਨਲ ਮੁਕਾਬਲਾ ਜਿੱਤਿਆ। ਜਿਸ ਤੋਂ ਬਾਅਦ ਉਹ ਕੁਆਰਟਰ ਫਾਇਨਲ 'ਚ ਪਹੁੰਚ ਗਏ ਸਨ। ਕਿਰਗਿਸਤਾਨ ਦੇ ਏਨਾਰਜਰ ਅਕਮਾਤਾਲਿਵੇ ਖਿਲਾਫ ਬਜਰੰਗ ਪੂਨੀਆ ਨੂੰ ਬੇਹੱਦ ਸਖਤ ਟੱਕਰ ਮਿਲੀ ਤੇ ਮੁਕਾਬਲਾ 3-3 ਨਾਲ ਬਰਾਬਰੀ 'ਤੇ ਰਿਹਾ। ਪਰ ਬਜਰੰਗ ਪੂਨੀਆ ਨੇ ਦੋ ਪੁਆਂਇੰਟ ਦਾ ਦਾਅ ਲਾਇਆ ਸੀ ਤੇ ਇਸ ਵਜ੍ਹਾ ਨਾਲ ਉਨ੍ਹਾਂ ਨੂੰ ਵਿਜੇਤਾ ਐਲਾਨਿਆ ਗਿਆ ਸੀ।
ਸੀਮਾ ਬਿਸਲਾ ਦੀ ਚੁਣੌਤੀ ਸਮਾਪਤ
ਭਾਰਤ ਦੀ ਸੀਮਾ ਬਿਸਲਾ ਦੀ ਚੁਣੌਤੀ ਟੋਕਿਓ ਓਲੰਪਿਕ 'ਚ ਸਮਾਪਤ ਹੋ ਗਈ ਹੈ। ਸੀਮਾ ਬਿਸਲਾ ਬ੍ਰੌਂਜ ਮੈਡਲ ਦੀ ਰੇਸ 'ਚ ਬਣੀ ਹੋਈ ਸੀ। ਪਰ ਜਿਸ ਰੈਸਲਰ ਨੇ ਸੀਮਾ ਨੂੰ ਹਰਾਇਆ ਸੀ ਉਹ ਫਾਇਨਲ 'ਚ ਥਾਂ ਬਣਾਉਣ ਤੋਂ ਖੁੰਝ ਗਈ ਤੇ ਇਸ ਵਜ੍ਹਾ ਨਾਲ ਸੀਮਾ ਬਿਸਲਾ ਦਾ ਸਫਰ ਵੀ ਸਮਾਪਤ ਹੋ ਗਿਆ। ਕੁਸ਼ਤੀ 'ਚ ਹੁਣ ਸਿਰਫ ਬਜਰੰਗ ਪੂਨੀਆ ਤੋਂ ਹੀ ਭਾਰਤ ਨੂੰ ਮੈਡਲ ਦੀ ਉਮੀਦ ਹੈ।
ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਨੇ ਦਿੱਤਾ ਅਸਤੀਫਾ
ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਸ਼ੋਰਡ ਮੌਰਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਓਲੰਪਿਕ ਖੇਡਾਂ ਵਿੱਚ ਬ੍ਰਿਟੇਨ ਦੇ ਖਿਲਾਫ ਕਾਂਸੀ ਤਮਗਾ ਪਲੇਆਫ ਮੈਚ ਇਸ ਟੀਮ ਦੇ ਨਾਲ ਉਨ੍ਹਾਂ ਦੀ ਆਖਰੀ ਜ਼ਿੰਮੇਵਾਰੀ ਸੀ। 47 ਸਾਲਾ ਕੋਚ ਦੀ ਨਿਗਰਾਨੀ ਹੇਠ ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਦੇ ਚੌਥੇ ਸਥਾਨ 'ਤੇ ਰਹਿਣ ਦਾ ਕ੍ਰੈਡਿਟ ਉਨ੍ਹਾਂ ਦੀ ਟ੍ਰੇਨਿੰਗ ਨੂੰ ਦਿੱਤਾ ਜਾ ਰਿਹਾ ਹੈ।
ਹੁਣ ਨਵਾਂ ਕੋਚ ਸ਼ੋਪਮੈਨ ਹੋਵੇਗਾ
ਬ੍ਰਿਟੇਨ ਦੇ ਖਿਲਾਫ ਕਰੀਬੀ ਮੈਚ ਵਿੱਚ ਟੀਮ 3-4 ਨਾਲ ਹਾਰ ਗਈ। ਮੈਚ ਦੇ ਕੁਝ ਘੰਟਿਆਂ ਬਾਅਦ, ਮੌਰਿਨ ਨੇ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ। ਨੀਦਰਲੈਂਡ ਦੇ ਸਾਬਕਾ ਖਿਡਾਰੀ ਨੇ ਭਾਰਤੀ ਮੀਡੀਆ ਨਾਲ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਮੇਰੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਇਹ ਭਾਰਤੀ ਮਹਿਲਾਵਾਂ ਨਾਲ ਮੇਰਾ ਆਖਰੀ ਮੈਚ ਸੀ। ਇਹ ਹੁਣ ਜਾਨੇਕਾ (ਸ਼ੋਪਮੈਨ) ਦੇ ਹਵਾਲੇ ਹੈ।"