Punjab News: ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਪੈਰਿਸ ਓਲੰਪਿਕਸ ਲਈ ਕੀਤਾ ਕੁਆਲੀਫਾਈ, ਖੇਡ ਮੰਤਰੀ ਨੇ ਦਿੱਤੀਆਂ ਵਧਾਈਆਂ
ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਹੁਣ ਤੱਕ ਪੈਰਿਸ ਓਲੰਪਿਕਸ ਦਾ ਕੋਟਾ ਹਾਸਲ ਕਰਨ ਵਾਲੇ 10 ਭਾਰਤੀ ਨਿਸ਼ਾਨੇਬਾਜ਼ਾਂ ਵਿੱਚ ਅਰਜੁਨ ਬਬੂਟਾ ਤੀਜਾ ਪੰਜਾਬੀ ਹੈ।
Punjab News: ਪੰਜਾਬ ਦੇ ਉਭਰਦੇ ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਅਗਲੇ ਸਾਲ ਪੈਰਿਸ ਵਿਖੇ ਹੋਣ ਵਾਲੇ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ। ਅਰਜੁਨ ਨੇ ਅੱਜ ਦੱਖਣੀ ਕੋਰੀਆ ਵਿਖੇ ਚੱਲ ਰਹੀ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਰਾਈਫ਼ਲ ਦੇ ਟੀਮ ਵਰਗ ਵਿੱਚ ਸੋਨੇ ਅਤੇ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤ ਕੇ ਇਹ ਪ੍ਰਾਪਤੀ ਹਾਸਲ ਕੀਤੀ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅਰਜੁਨ ਬਬੂਟਾ ਨੂੰ ਇਸ ਪ੍ਰਾਪਤੀ ਲਈ ਮੁਬਾਰਕਾਬਾਦ ਦਿੰਦਿਆਂ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਹੁਣ ਤੱਕ ਪੈਰਿਸ ਓਲੰਪਿਕਸ ਦਾ ਕੋਟਾ ਹਾਸਲ ਕਰਨ ਵਾਲੇ 10 ਭਾਰਤੀ ਨਿਸ਼ਾਨੇਬਾਜ਼ਾਂ ਵਿੱਚ ਅਰਜੁਨ ਬਬੂਟਾ ਤੀਜਾ ਪੰਜਾਬੀ ਹੈ। ਇਸ ਤੋਂ ਪਹਿਲਾਂ ਸਿਫ਼ਤ ਕੌਰ ਸਮਰਾ ਤੇ ਰਾਜੇਸ਼ਵਰੀ ਕੁਮਾਰੀ ਨੇ ਓਲੰਪਿਕਸ ਲਈ ਕੁਆਲੀਫਾਈ ਕੀਤਾ ਹੈ। ਭਾਰਤੀ ਹਾਕੀ ਟੀਮ ਵੀ ਏਸ਼ਿਆਈ ਖੇਡਾਂ ਦਾ ਸੋਨ ਤਮਗ਼ਾ ਜਿੱਤ ਕੇ ਸਿੱਧਾ ਕੁਆਲੀਫਾਈ ਹੋ ਗਈ ਹੈ ਜਿਸ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਸਣੇ 10 ਪੰਜਾਬੀ ਖਿਡਾਰੀ ਹਨ।
ਸਾਡੇ ਹੋਣਹਾਰ ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੂੰ ਅਗਲੇ ਸਾਲ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਦੀਆਂ ਬਹੁਤ- ਬਹੁਤ ਮੁਬਾਰਕਾਂ। ਅਰਜੁਨ ਨੇ ਦੱਖਣੀ ਕੋਰੀਆ ਵਿਖੇ ਚੱਲ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਰਾਈਫਲ ਵਿੱਚ ਚਾਂਦੀ ਦਾ ਤਮਗ਼ਾ ਜਿੱਤ ਕੇ ਓਲੰਪਿਕਸ ਕੋਟਾ ਹਾਸਲ ਕੀਤਾ। ਅਗਲੇ ਸਫ਼ਰ ਲਈ ਸ਼ੁਭਕਾਮਨਾਵਾਂ। pic.twitter.com/9WrQSEBC6L
— Gurmeet Singh Meet Hayer (@meet_hayer) October 27, 2023
ਮੀਤ ਹੇਅਰ ਨੇ ਮੁਹਾਲੀ ਰਹਿੰਦੇ ਜਲਾਲਾਬਾਦ ਦਾ ਜੰਮਪਲ ਅਰਜੁਨ ਬਬੂਟਾ ਨੂੰ ਅਗਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਛੋਟੀ ਉਮਰ ਦੇ ਇਸ ਨਿਸ਼ਾਨੇਬਾਜ਼ ਨੇ ਪਿਛਲੇ ਸਾਲ ਵਿਸ਼ਵ ਕੱਪ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਬਣਾਈ ਨਵੀਂ ਖੇਡ ਨੀਤੀ ਤਹਿਤ ਓਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰਨ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਤਿਆਰੀ ਲਈ ਸੂਬਾ ਸਰਕਾਰ 15 ਲੱਖ ਰੁਪਏ ਪ੍ਰਤੀ ਖਿਡਾਰੀ ਦੇਵੇਗੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।