ਅਮਰੀਕੀ ਖਿਡਾਰੀ ਨੇ ਕਿਸਾਨ ਅੰਦੋਲਨ ਲਈ ਵਰ੍ਹਾਇਆ ਡਾਲਰਾਂ ਦਾ ਮੀਂਹ
ਫ਼ੁਟਬਾਲ ਖਿਡਾਰੀ ਨੇ ਟਵਿਟਰ ਉੱਤੇ ਰਕਮ ਦਾਨ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਦੀ ਵੱਡੀ ਜ਼ਰੂਰਤ ਹੋ ਸਕਦੀ ਹੈ।
ਵਾਸ਼ਿੰਗਟਨ: ਅਮਰੀਕਾ ਦੀ ‘ਨੈਸ਼ਨਲ ਫ਼ੁਟਬਾਲ ਲੀਗ’ (NFL) ਦੇ ਸਟਾਰ ਖਿਡਾਰੀ ਜੁਜੂ ਸਮਿੱਥ ਸ਼ੁਸਟਰ ਨੇ ਭਾਰਤ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਲਈ 10,000 ਡਾਲਰ ਦਾਨ ਕੀਤੇ ਹਨ। ਇਹ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸੀਮਾਵਾਂ ਉੱਤੇ ਡਟੇ ਹੋਏ ਹਨ। ਕਿਸਾਨਾਂ ਦੀ ਮੰਗ ਹੈ ਕਿ ਪਿਛਲੇ ਵਰ੍ਹੇ ਲਾਗੂ ਕੀਤੇ ਤਿੰਨ ਨਵੇਂ ਖੇਤੀ ਕਾਨੂੰਨ ਰੱਦ ਕੀਤੇ ਜਾਣ।
ਫ਼ੁਟਬਾਲ ਖਿਡਾਰੀ ਨੇ ਟਵਿਟਰ ਉੱਤੇ ਰਕਮ ਦਾਨ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਦੀ ਵੱਡੀ ਜ਼ਰੂਰਤ ਹੋ ਸਕਦੀ ਹੈ। ‘ਹੋ ਸਕਦਾ ਹੈ ਕਿ ਇਸ ਮਦਦ ਨਾਲ ਹੋਰ ਧਰਨਾਕਾਰੀ ਕਿਸਾਨਾਂ ਦੀਆਂ ਜਾਨਾਂ ਜਾਣ ਤੋਂ ਬਚਾਅ ਹੋ ਸਕੇ।’
Happy to share that I’ve donated $10,000 to provide medical assistance to the farmers in need in India to help save lives during these times. I hope we can prevent any additional life from being lost. 🙏🏾 #FarmersProtest https://t.co/0WoEw0l3ij
— JuJu Smith-Schuster (@TeamJuJu) February 3, 2021
ਦੱਸ ਦੇਈਏ ਕਿ ਜੁਜੂ ਸਮਿੱਥ ਸ਼ੁਸਟਰ ਦੇ ਨਾਂ ਉੱਤੇ NFL ਦੇ ਕਈ ਰਿਕਾਰਡ ਹਨ। ਉਹ ਸਭ ਤੋਂ ਛੋਟੀ ਉਮਰੇ ਅਜਿਹੇ ਮਾਣ-ਸਨਮਾਨ ਹਾਸਲ ਕਰਨ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਹਨ। ਉਨ੍ਹਾਂ ਕੋਲ ਕਈ ਸਟੀਲਰਜ਼ ਫ਼੍ਰੈਂਚਾਈਜ਼ ਰਿਕਾਰਡ ਹਨ। ਸਾਲ 2019 ’ਚ ਉਨ੍ਹਾਂ ਨੂੰ NFL ਦਾ ਸਭ ਤੋਂ ਵੱਧ ਮਾਰਕਿਟੇਬਲ ਖਿਡਾਰੀ ਐਲਾਨਿਆ ਗਿਆ ਸੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਕਿਸਾਨਾਂ ਦੇ ਅੰਦੋਲਨ ਨੂੰ ਇੰਨੇ ਵੱਡੇ ਪੱਧਰ ਉੱਤੇ ਅੰਤਰਰਾਸ਼ਟਰੀ ਹਮਾਇਤ ਨਹੀਂ ਮਿਲੀ।
ਹੁਣ ਤੱਕ ਇੰਗਲੈਂਡ ਦੇ ਐਮਪੀਜ਼ ਕਲੌਡੀਆ ਵੈੱਬੇ ਤੇ ਤਨਮਨਜੀਤ ਸਿੰਘ ਢੇਸੀ, ਅਮਰੀਕੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਜਿਮ ਕੋਸਟ ਤੇ ਵਾਤਾਵਰਣ ਕਾਰਕੁੰਨ ਗ੍ਰੇਟਾ ਥਨਬਰਗ ਨੇ ਵੀ ਅੰਦੋਲਨਕਾਰੀ ਕਿਸਾਨਾਂ ਦੇ ਹੱਕ ਵਿੱਚ ‘ਹਾਅ ਦਾ ਨਾਅਰਾ’ ਮਾਰਿਆ ਹੈ। ਰੇਆਨਾ ਦੇ ਟਵੀਟ ਉੱਤੇ ਬਹੁਤ ਸਾਰੇ ਪ੍ਰਤੀਕਰਮ ਆ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ