ਵਿਰਾਟ ਕੋਹਲੀ ਨੇ ਖੁਦ ਕੀਤਾ ਖੁਲਾਸਾ! ਆਖ਼ਰੀ ਵਾਰ ਗੂਗਲ ’ਤੇ ਕਿਸ ਨੂੰ ਕੀਤਾ ਸਰਚ
ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਫ਼ਿਲਹਾਲ ਇੰਗਲੈਂਡ ਦੇ ਆਪਣੇ ਅਗਲੇ ਟੈਸਟ ਦੌਰੇ ਤੋਂ ਪਹਿਲਾਂ ਮੁੰਬਈ ’ਚ ਕੁਆਰੰਟੀਨ ਦੀ ਮਿਆਦ ਮੁਕੰਮਲ ਕਰ ਰਹੇ ਹਨ।
ਮੁੰਬਈ: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਫ਼ਿਲਹਾਲ ਇੰਗਲੈਂਡ ਦੇ ਆਪਣੇ ਅਗਲੇ ਟੈਸਟ ਦੌਰੇ ਤੋਂ ਪਹਿਲਾਂ ਮੁੰਬਈ ’ਚ ਕੁਆਰੰਟੀਨ ਦੀ ਮਿਆਦ ਮੁਕੰਮਲ ਕਰ ਰਹੇ ਹਨ। ਉਨ੍ਹਾਂ ਸਨਿੱਚਰਵਾਰ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ ਉੱਤੇ ਸੁਆਲਾਂ ਤੇ ਜੁਆਬਾਂ ਦਾ ਇੱਕ ਸੈਸ਼ਨ ਰੱਖਿਆ। ਇਸ ਸੈਸ਼ਨ ’ਚ ਭਾਰਤੀ ਕਪਤਾਨ ਨੇ ਆਪਣੇ ਪ੍ਰਸ਼ੰਸਕਾਂ ਦੇ ਕਈ ਸੁਆਲਾਂ ਦੇ ਜੁਆਬ ਦਿੱਤੇ।
ਇਸੇ ਦੌਰਾਨ ਇੱਕ ਪ੍ਰਸ਼ੰਸਕ ਨੇ ਪੁੱਛਿਆ ਕਿ ਤੁਸੀਂ ਆਖ਼ਰੀ ਵਾਰ ਗੂਗਲ ਉੱਤੇ ਕੀ ਸਰਚ ਕੀਤਾ ਸੀ? ਤਦ ਕੋਹਲੀ ਨੇ ਜਵਾਬ ’ਚ ਕਿਹਾ ਕਿ ਉਨ੍ਹਾਂ ਆਖ਼ਰੀ ਵਾਰ ਕ੍ਰਿਸਟੀਆਨੋ ਰੋਨਾਲਡੋ ਟ੍ਰਾਂਸਫ਼ਰ ਨੂੰ ਸਰਚ ਕੀਤਾ ਸੀ।
ਕੋਹਲੀ ਦੇ ਇਸ ਜਵਾਬ ਤੋਂ ਕਈ ਲੋਕਾਂ ਨੂੰ ਹੈਰਾਨੀ ਨਹੀਂ ਹੋਈ ਕਿਉਂਕਿ ਉਨ੍ਹਾਂ ਦੀ ਫ਼ੁੱਟਬਾਲ ’ਚ ਡੂੰਘੀ ਦਿਲਚਸਪੀ ਹੈ, ਇਹ ਸਾਰੇ ਜਾਣਦੇ ਹਨ। FIFA.com ਨੂੰ ਪਿਛਲੇ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਸੀ ਕਿ ਰੋਨਾਲਡੋ ਉਨ੍ਹਾਂ ਦੇ ਮਨਪਸੰਦ ਫ਼ੁੱਟਬਾਲ ਖਿਡਾਰੀ ਹਨ ਤੇ ਉਨ੍ਹਾਂ ਦੀ ਕਮਿਟਮੈਂਟ ਤੇ ਵਰਕ ਐਥਿਕ ਬੇਮਿਸਾਨ ਹਨ।
ਵਿਰਾਟ ਕੋਹਲੀ ਭਾਰਤੀ ਟੈਸਟ ਟੀਮ ਨਾਲ ਦੋ ਮਹੀਨਿਆਂ ਦੇ ਲੰਮੇ ਦੌਰੇ ਲਈ ਇੰਗਲੈਂਡ ਜਾਣਗੇ; ਜਿੱਥੇ ਉਹ ਕੁੱਲ ਛੇ ਟੈਸਟ ਮੈਚ ਖੇਡਣਗੇ। ਟੀਮ–ਇਡੀਆ ਨਿਊ ਜ਼ੀਲੈਂਡ ਵਿਰੁੱਧ WTC ਫ਼ਾਈਨਲ ਤੇ ਇੰਗਲੈਂਡ ਵਿਰੁੱਧ ਪੰਜ ਮੈਚ ਖੇਡੇਗੀ। ਭਾਰਤ 18 ਜੂਨ ਤੋਂ ਸਾਊਥਐਂਪਟਨ ਦੇ ਏਜੇਸ ਬਾਓਲ ਵਿਖੇ ਨਿਊ ਜ਼ੀਲੈਂਡ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਭਿੜੇਗਾ। WTC ਫ਼ਾਈਨਲ ਤੋਂ ਬਾਅਦ ਮੇਜ਼ਬਾਨ ਇੰਗਲੈਂਡ ਵਿਰੁੱਧ ਪੰਜ ਟੈਸਟ ਮੈਚਾਂ ਦੀ ਲੜੀ ਹੋਵੇਗੀ, ਜੋ 4 ਅਗਸਤ ਤੋਂ 14 ਸਤੰਬਰ ਦੇ ਵਿਚਕਾਰ ਹੋਣੀ ਤੈਅ ਹੈ।
ਦੌਰੇ ਲਈ 20 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ। ਬੱਲੇਬਾਜ਼ ਕੇਐੱਲ ਰਾਹੁਲ ਤੇ ਵਿਕੇਟਕੀਪਰ-ਬੱਲੇਬਾਜ਼ ਰਿਧੀਮਾਨ ਸਾਹਾ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਅ ਸੀ ਪਰ ਅੰਤਿਮ ਫ਼ੈਸਲਾ ਉਨ੍ਹਾਂ ਦੀ ਫ਼ਿੱਟਨੈੱਸ ਉੱਤੇ ਨਿਰਭਰ ਹੈ। ਉੱਧਰ ਟੀਮ ’ਚ ਅਭਿਮੰਨਿਊ ਈਸ਼ਵਰਨ, ਪ੍ਰਸਿੱਧ ਕ੍ਰਿਸ਼ਨਾ, ਅਵੇਸ਼ ਖ਼ਾਨ ਤੇ ਅਰਜੁਨ ਨਗਵਾਸਵਾਲਾ ਨੂੰ ਸਟੈਂਡ-ਬਾਏ ਖਿਡਾਰੀਆਂ ਵਜੋਂ ਸ਼ਾਮਲ ਕੀਤਾ ਗਿਆ ਹੈ।