ਲੁਧਿਆਣਾ ਤੋਂ ਨਿਕਲ ਦੁਨੀਆ 'ਚ ਛਾਏ ਸੀ ਯਸ਼ਪਾਲ ਸ਼ਰਮਾ
ਯਸ਼ਪਾਲ ਸ਼ਰਮਾ ਨਾਲ ਸ਼ੁਰੂ ਤੋਂ ਕ੍ਰਿਕਟ ਖੇਡਣ ਵਾਲੇ ਤੇ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਮੰਗਲ ਨੇ ਦੱਸਿਆ ਕਿ ਕ੍ਰਿਕਟ ਦਾ ਉਨ੍ਹਾਂ ਵਿੱਚ ਜਨੂੰਨ ਸੀ ਤੇ ਲੁਧਿਆਣਾ ਤੋਂ ਇਕੱਠਿਆਂ ਹੀ ਉਨ੍ਹਾਂ ਨੇ ਕ੍ਰਿਕੇਟ ਦੀ ਸ਼ੁਰੂਆਤ ਕੀਤੀ।
ਲੁਧਿਆਣਾ: ਦੇਸ਼ ਦੇ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਉਹ ਲਗਪਗ 66 ਸਾਲ ਦੇ ਸਨ। ਕੌਮੀ ਤੇ ਕੌਮਾਂਤਰੀ ਕ੍ਰਿਕਟ ਵਿੱਚ ਯਸ਼ਪਾਲ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਹੈ।
ਯਸ਼ਪਾਲ ਸ਼ਰਮਾ ਦਾ ਜੱਦੀ ਘਰ ਲੁਧਿਆਣਾ ਵਿੱਚ ਹੈ ਤੇ ਉਨ੍ਹਾਂ ਦਾ ਭਰਾ ਇਸੇ ਘਰ ਵਿੱਚ ਰਹਿੰਦਾ ਹੈ। ਹਾਲਾਂਕਿ ਯਸ਼ਪਾਲ ਸ਼ਰਮਾ ਕਾਫੀ ਸਾਲ ਪਹਿਲਾਂ ਹੀ ਦਿੱਲੀ ਚਲੇ ਗਏ ਸਨ ਤੇ ਦਿੱਲੀ ਵਿੱਚ ਹੀ ਉਨ੍ਹਾਂ ਦਾ ਦੇਹਾਂਤ ਹੋਇਆ। ਯਸ਼ਪਾਲ ਸ਼ਰਮਾ ਦੇ ਭਰਾ ਤੇ ਉਨ੍ਹਾਂ ਦੇ ਸਾਥੀ ਰਹੇ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਨਾਲ ਸਾਡੀ ਟੀਮ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਨੇ ਯਸ਼ਪਾਲ ਜੀ ਦੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ।
ਯਸ਼ਪਾਲ ਸ਼ਰਮਾ ਨਾਲ ਸ਼ੁਰੂ ਤੋਂ ਕ੍ਰਿਕਟ ਖੇਡਣ ਵਾਲੇ ਤੇ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਮੰਗਲ ਨੇ ਦੱਸਿਆ ਕਿ ਕ੍ਰਿਕਟ ਦਾ ਉਨ੍ਹਾਂ ਵਿੱਚ ਜਨੂੰਨ ਸੀ ਤੇ ਲੁਧਿਆਣਾ ਤੋਂ ਇਕੱਠਿਆਂ ਹੀ ਉਨ੍ਹਾਂ ਨੇ ਕ੍ਰਿਕੇਟ ਦੀ ਸ਼ੁਰੂਆਤ ਕੀਤੀ। ਹਾਲਾਂਕਿ ਸਤੀਸ਼ ਕੁਮਾਰ ਰਣਜੀ ਟਰਾਫੀ ਤੱਕ ਖੇਡੇ ਪਰ ਯਸ਼ਪਾਲ ਸ਼ਰਮਾ ਕਾਫ਼ੀ ਲੰਮੀ ਦੌੜ ਦੇ ਘੋੜੇ ਸਾਬਤ ਹੋਏ।
ਉਹ ਭਾਰਤ ਦੀ ਕ੍ਰਿਕਟ ਟੀਮ ਦਾ ਉਹ ਹਿੱਸਾ ਰਹੇ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਜਦੋਂ ਵਿਸ਼ਵ ਕੱਪ ਭਾਰਤ ਨੇ ਜਿੱਤਿਆ ਤਾਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਲੋਕਾਂ ਦਾ ਤਾਂਤਾ ਲੱਗ ਗਿਆ। ਲੋਕਾਂ ਨੇ ਉਨ੍ਹਾਂ ਨੂੰ ਹੱਥਾਂ ਵਿੱਚ ਚੁੱਕਿਆ। ਉਨ੍ਹਾਂ ਨੇ ਦੱਸਿਆ ਕਿ ਕ੍ਰਿਕਟ ਖੇਡਣ ਲਈ ਉਨ੍ਹਾਂ ਵਿੱਚ ਬਹੁਤ ਜਜ਼ਬਾ ਸੀ ਤੇ ਲੁਧਿਆਣਾ ਪ੍ਰਤੀ ਵਿਸ਼ੇਸ਼ ਪ੍ਰੇਮ ਸੀ।
ਉਨ੍ਹਾਂ ਦੇ ਭਰਾ ਬਾਲ ਕ੍ਰਿਸ਼ਨ ਬਾਲੀ ਨੇ ਵੀ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੇ ਦੇਹਾਂਤ ਸਬੰਧੀ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਕਿ ਹਾਲਾਂਕਿ ਉਨ੍ਹਾਂ ਦੇ ਪਿਤਾ ਯਸ਼ਪਾਲ ਦੀ ਕ੍ਰਿਕਟ ਖੇਡਣ ਤੋਂ ਬਹੁਤੇ ਖੁਸ਼ ਨਹੀਂ ਸਨ ਪਰ ਉਨ੍ਹਾਂ ਨੇ ਹਮੇਸ਼ਾ ਆਪਣੇ ਭਰਾ ਨੂੰ ਬੂਸਟ ਕੀਤਾ ਉਨ੍ਹਾਂ ਕਿਹਾ ਕਿ ਉਹ ਪਹਿਲੇ ਅਜਿਹੇ ਖਿਡਾਰੀ ਸਨ ਜੋ ਸ਼ੁੱਧ ਵੈਸ਼ਨੂੰ ਸਨ। ਉਨ੍ਹਾਂ ਦੀਆਂ ਯਾਦਾਂ ਵੀ ਪੁਰਾਣੀਆਂ ਜੁੜੀਆਂ ਹੋਈਆਂ ਹਨ ਉਨ੍ਹਾਂ ਦਾ ਜੱਦੀ ਘਰ ਲੁਧਿਆਣੇ ਵਿੱਚ ਹੈ।