Apple ਦਾ ਵੱਡਾ ਫੈਸਲਾ! ਇਨ੍ਹਾਂ ਦੇਸਾਂ 'ਚ ਨਹੀਂ ਵਿਕਣਗੇ iPhone 14 ਸਣੇ ਆਹ 3 ਮਾਡਲਸ, ਜਾਣੋ
ਐਪਲ ਨੇ ਯੂਰਪੀਅਨ ਸੰਘ ਦੇ USB-C ਪੋਰਟ ਨਿਯਮ ਦੇ ਕਾਰਨ iPhone 14, 14 Plus ਅਤੇ SE 3rd Gen ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। ਕੰਪਨੀ ਇਨ੍ਹਾਂ ਦੇਸ਼ਾਂ ਦੇ ਆਨਲਾਈਨ ਅਤੇ ਆਫਲਾਈਨ ਸਟੋਰਾਂ ਤੋਂ ਸਟਾਕ ਨੂੰ ਹਟਾ ਰਹੀ ਹੈ।
ਐਪਲ ਨੇ ਯੂਰਪੀ ਸੰਘ 'ਚ ਆਉਣ ਵਾਲੇ ਦੇਸ਼ਾਂ 'ਚ ਆਪਣੇ 3 ਆਈਫੋਨ ਮਾਡਲਾਂ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। ਕੰਪਨੀ ਨੇ ਯੂਰਪ ਦੇ ਜ਼ਿਆਦਾਤਰ ਦੇਸ਼ਾਂ 'ਚ ਆਪਣੇ ਆਨਲਾਈਨ ਸਟੋਰਾਂ ਤੋਂ iPhone 14, iPhone 14 Plus ਅਤੇ iPhone SE ਥਰਡ ਜਨਰੇਸ਼ਨ ਨੂੰ ਹਟਾ ਦਿੱਤਾ ਹੈ। ਹੁਣ ਇਹ ਆਫਲਾਈਨ ਸਟੋਰਾਂ 'ਤੇ ਵੀ ਵਿਕਰੀ ਲਈ ਉਪਲਬਧ ਨਹੀਂ ਹੋਣਗੇ। ਯੂਰਪੀਅਨ ਸੰਘ (EU) ਦੇ ਇੱਕ ਨਿਯਮ ਕਾਰਨ ਕੰਪਨੀ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ। ਇਸ ਨਿਯਮ ਦੇ ਤਹਿਤ, ਲਾਈਟਨਿੰਗ ਕਨੈਕਟਰ ਵਾਲੇ ਡਿਵਾਈਸਾਂ ਨੂੰ ਵੇਚਣ 'ਤੇ ਪਾਬੰਦੀ ਹੈ।
ਕੀ ਹੈ EU ਨਵਾਂ ਨਿਯਮ?
2022 ਵਿੱਚ EU ਨੇ ਫੈਸਲਾ ਕੀਤਾ ਸੀ ਕਿ ਉਸ ਦੇ ਸਾਰੇ 27 ਦੇਸ਼ਾਂ ਵਿੱਚ ਵਿਕਣ ਵਾਲੇ ਫੋਨ ਅਤੇ ਕੁਝ ਹੋਰ ਗੈਜੇਟਸ ਵਿੱਚ ਇੱਕ USB-C ਪੋਰਟ ਹੋਣਾ ਜ਼ਰੂਰੀ ਹੋਵੇਗਾ। ਇਹ ਫੈਸਲਾ ਇਲੈਕਟ੍ਰਾਨਿਕ ਵੇਸਟ ਨੂੰ ਘੱਟ ਕਰਨ ਲਈ ਲਿਆ ਗਿਆ ਹੈ। ਹਾਲਾਂਕਿ ਐਪਲ ਨੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਪਰ ਬਾਅਦ ਵਿੱਚ ਉਹ ਪਿੱਛੇ ਹੱਟ ਗਿਆ। ਆਈਫੋਨ 14, ਆਈਫੋਨ 14 ਪਲੱਸ ਅਤੇ ਆਈਫੋਨ SE ਥਰਡ ਜਨਰੇਸ਼ਨ ਦੇ ਕੋਲ ਚਾਰਜਿੰਗ ਲਈ USB-C ਪੋਰਟ ਨਹੀਂ ਹੈ, ਇਸ ਲਈ ਇਨ੍ਹਾਂ ਦੀ ਵਿਕਰੀ ਨੂੰ ਰੋਕਿਆ ਜਾ ਰਿਹਾ ਹੈ।
ਪਿਛਲੇ ਹਫਤੇ ਤੋਂ ਹੀ ਸਟਾਕ ਹਟਾਉਣ ਵਿੱਚ ਲੱਗਿਆ ਹੈ ਐਪਲ
ਐਪਲ ਪਿਛਲੇ ਹਫਤੇ ਤੋਂ ਆਪਣੇ ਪੁਰਾਣੇ ਸਟਾਕ ਨੂੰ ਹਟਾਉਣ ਵਿੱਚ ਰੁੱਝਿਆ ਹੋਇਆ ਹੈ। ਹੁਣ ਤੱਕ ਇਹ ਆਸਟ੍ਰੀਆ, ਬੈਲਜੀਅਮ, ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਇਟਲੀ, ਨੀਦਰਲੈਂਡ, ਸਵੀਡਨ ਅਤੇ ਹੋਰ ਕਈ ਦੇਸ਼ਾਂ ਵਿੱਚ ਆਪਣੇ ਸਟੋਰਾਂ ਤੋਂ ਇਹਨਾਂ ਪ੍ਰੋਡਕਟਸ ਨੂੰ ਹਟਾ ਦਿੱਤਾ ਹੈ। ਸਵਿਟਜ਼ਰਲੈਂਡ 'ਚ ਇਨ੍ਹਾਂ ਤਿੰਨਾਂ ਆਈਫੋਨ ਦੀ ਵਿਕਰੀ ਵੀ ਬੰਦ ਹੋ ਗਈ ਹੈ। ਹਾਲਾਂਕਿ ਸਵਿਟਜ਼ਰਲੈਂਡ ਯੂਰਪ ਦਾ ਹਿੱਸਾ ਨਹੀਂ ਹੈ, ਇਸ ਦੇ ਬਹੁਤ ਸਾਰੇ ਕਾਨੂੰਨ EU ਦੇ ਸਮਾਨ ਹਨ। ਇਸੇ ਤਰ੍ਹਾਂ ਇਹ ਫੋਨ ਹੁਣ ਨਾਰਥਨ ਆਇਰਲੈਂਡ ਵਿੱਚ ਵੀ ਨਹੀਂ ਖਰੀਦੇ ਜਾ ਸਕਦੇ ਹਨ।
ਅਜਿਹੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਐਪਲ ਅਗਲੇ ਸਾਲ ਮਾਰਚ ਵਿੱਚ USB-C ਪੋਰਟ ਨਾਲ ਲੈਸ iPhone SE 4th ਜਨਰੇਸ਼ਨ ਲਾਂਚ ਕਰ ਸਕਦਾ ਹੈ। ਅਜਿਹੇ 'ਚ ਇਹ ਆਈਫੋਨ ਜਲਦ ਹੀ ਯੂਰਪ 'ਚ ਵਾਪਸੀ ਕਰ ਸਕਦਾ ਹੈ ਅਤੇ ਲੋਕਾਂ ਨੂੰ ਇਸ ਦੇ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।