Alert! Smart Watches ਦੇ ਸਟ੍ਰੈਪਸ 'ਚ ਮਿਲਿਆ ਖਤਰਨਾਕ ਕੈਮੀਕਲ, ਹੋ ਸਕਦਾ ਕੈਂਸਰ!
ਨਵੀਂ ਖੋਜ 'ਚ ਐਪਲ ਅਤੇ ਗੂਗਲ ਵਰਗੀਆਂ ਵੱਡੀਆਂ ਕੰਪਨੀਆਂ ਦੀਆਂ ਸਮਾਰਟਵਾਚ ਦੇ ਸਟ੍ਰੈਪਸ 'ਚ ਖਤਰਨਾਕ ਕੈਮੀਕਲ ਪਾਇਆ ਗਿਆ ਹੈ। ਇਹ ਰਸਾਇਣ ਲੰਬੇ ਸਮੇਂ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਲਗਭਗ ਇੱਕ ਸਾਲ ਪਹਿਲਾਂ ਇੱਕ ਰਿਸਰਚ ਵਿੱਚ ਖੁਲਾਸਾ ਹੋਇਆ ਸੀ ਕਿ ਸਮਾਰਟਵਾਚ ਅਤੇ ਫਿਟਨੈਸ ਬੈਂਡਾਂ ਦੇ ਸਟ੍ਰੈਪ ਵੱਖ-ਵੱਖ ਹਾਨੀਕਾਰਕ ਬੈਕਟੀਰੀਆ ਨਾਲ ਸੰਕਰਮਿਤ ਹੁੰਦੇ ਹਨ। ਹੁਣ ਇੱਕ ਨਵੀਂ ਖੋਜ ਤੋਂ ਪਤਾ ਲੱਗਿਆ ਹੈ ਕਿ ਸਮਾਰਟਵਾਚ ਦੇ ਨਾਲ ਆਉਣ ਵਾਲੇ ਸਟ੍ਰੈਪ ਵਿੱਚ ਹਾਨੀਕਾਰਕ PFHxA ਐਸਿਡ ਹੁੰਦਾ ਹੈ, ਜੋ ਕੈਂਸਰ ਦਾ ਕਾਰਨ ਬਣ ਸਕਦਾ ਹੈ। ਇਸ ਖੋਜ ਵਿੱਚ ਗੂਗਲ, ਸੈਮਸੰਗ, ਐਪਲ ਅਤੇ ਫਿਟਬਿਟ ਵਰਗੀਆਂ ਕਈ ਵੱਡੀਆਂ ਕੰਪਨੀਆਂ ਦੀਆਂ ਸਮਾਰਟਵਾਚਾਂ ਦੀ ਜਾਂਚ ਕੀਤੀ ਗਈ ਸੀ।
ਬਹੁਤ ਸਾਰੀਆਂ ਕੰਪਨੀਆਂ ਆਪਣੀਆਂ ਸਮਾਰਟਵਾਚ ਦੇ ਸਟ੍ਰੈਪ ਵਿੱਚ ਇੱਕ ਤਰ੍ਹਾਂ ਦੇ ਸਿੰਥੈਟਿਕ ਰਬੜ Fluoroelastomers, ਸਿੰਥੈਟਿਕ ਦੀ ਵਰਤੋਂ ਕਰਦੀਆਂ ਹਨ। ਖੋਜਕਰਤਾਵਾਂ ਨੇ ਇਸ ਰਬੜ 'ਚ PFHxA ਦੇ ਉੱਚ ਪੱਧਰ ਨੂੰ ਲੈਕੇ ਚਿੰਤਾ ਜ਼ਾਹਰ ਕੀਤੀ ਹੈ। ਹੁਣ ਲੋਕ ਸਲੀਪ ਕੁਆਲਿਟੀ ਮਾਨੀਟਰ ਅਤੇ ਸਲੀਪ ਐਪਨੀਆ ਆਦਿ 'ਤੇ ਨਜ਼ਰ ਰੱਖਣ ਲਈ ਰਾਤ ਨੂੰ ਵੀ ਸਮਾਰਟਵਾਚ ਪਾ ਕੇ ਸੌਂਦੇ ਹਨ। ਇਸ ਬਾਰੇ ਖੋਜਕਰਤਾਵਾਂ ਨੇ ਕਿਹਾ ਕਿ ਜੇਕਰ ਇਹ PFHxA ਰੋਜ਼ਾਨਾ 12 ਘੰਟਿਆਂ ਤੋਂ ਵੱਧ ਸਮੇਂ ਤੱਕ ਮਨੁੱਖੀ ਚਮੜੀ ਦੇ ਸੰਪਰਕ ਵਿੱਚ ਰਹਿੰਦਾ ਹੈ, ਤਾਂ ਇਹ ਖਤਰਨਾਕ ਹੋ ਸਕਦਾ ਹੈ।
ਵੱਡੀਆਂ ਕੰਪਨੀਆਂ ਦੀਆਂ ਸਮਾਰਟਵਾਚ ਦੇ ਸਟ੍ਰੈਪਸ ਵਿੱਚ PFHxA ਦੀ ਮਾਤਰਾ ਜ਼ਿਆਦਾ ਪਾਈ ਗਈ। ਖੋਜ ਵਿੱਚ ਸ਼ਾਮਲ ਸਟਰੈਪਸ ਵਿੱਚ ਇਸਦੀ ਔਸਤ ਮਾਤਰਾ 800 ਪਾਰਟਸ ਪ੍ਰਤੀ ਅਰਬ (ppb) ਪਾਈ ਗਈ, ਜੋ ਕਿ ਕਾਸਮੈਟਿਕਸ ਵਿੱਚ ਪਾਈ ਜਾਣ ਵਾਲੀ ਔਸਤ ਮਾਤਰਾ ਤੋਂ 4 ਗੁਣਾ ਵੱਧ ਹੈ। ਇੱਕ ਮਾਮਲੇ ਵਿੱਚ ਇਹ 16,000 ਪੀ.ਪੀ.ਬੀ. ਮਿਲੀ ਸੀ।
ਬਣ ਸਕਦਾ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ
ਖੋਜਕਰਤਾਵਾਂ ਨੇ ਦੱਸਿਆ ਕਿ ਇਸ ਰਬੜ ਦੀ ਵਰਤੋਂ ਖੇਡਾਂ ਅਤੇ ਫਿਟਨੈੱਸ ਬੈਂਡ 'ਚ ਵੀ ਕੀਤੀ ਜਾਂਦੀ ਹੈ। ਜਦੋਂ ਰਬੜ ਵਿੱਚ ਮੌਜੂਦ PFHxA ਐਸਿਡ ਪਸੀਨੇ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਇਹ ਚਮੜੀ ਦੇ ਪੋਰਸ ਨੂੰ ਖੋਲ੍ਹ ਦਿੰਦਾ ਹੈ। ਇਸ ਕਰਕੇ 50 ਪ੍ਰਤੀਸ਼ਤ ਤੱਕ PFHxA ਚਮੜੀ ਦੇ ਅੰਦਰ ਚਲਾ ਜਾਂਦਾ ਹੈ ਅਤੇ ਇਸ ਦਾ ਇੱਕ ਤਿਹਾਈ ਹਿੱਸਾ ਖੂਨ ਵਿੱਚ ਘੁਲ ਜਾਂਦਾ ਹੈ। PFHxAs ਨੂੰ ਖਤਰਨਾਕ ਰਸਾਇਣਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਨੂੰ ਫਾਰਐਵਰ ਕੈਮੀਕਲ ਵੀ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਉਹ ਲਗਾਤਾਰ ਬਣੇ ਰਹਿੰਦੇ ਹਨ ਅਤੇ ਇਨ੍ਹਾਂ 'ਤੇ ਮੌਸਮ ਦਾ ਕੋਈ ਅਸਰ ਨਹੀਂ ਹੁੰਦਾ ਹੈ। ਜੇਕਰ ਇਹ ਰਸਾਇਣ ਸਰੀਰ ਵਿੱਚ ਜ਼ਿਆਦਾ ਦੇਰ ਤੱਕ ਬਣਿਆ ਰਹੇ ਤਾਂ ਇਹ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।