(Source: ECI/ABP News/ABP Majha)
DigiYatra App: ਹੁਣ ਬਗੈਰ ਪ੍ਰੇਸ਼ਾਨੀ ਹੋਵੇਗੀ ਏਅਰਪੋਰਟ 'ਚ ਐਂਟਰੀ, ਮੋਬਾਈਲ 'ਚ ਇੱਕ ਐਪ ਨਾਲ ਹੋਣਗੇ ਸਾਰੇ ਕੰਮ
DIAL ਨੇ ਬਿਆਨ 'ਚ ਕਿਹਾ ਕਿ ਇਸ ਐਪ ਦੀ ਮਦਦ ਨਾਲ ਚਿਹਰੇ ਦੀ ਪਛਾਣ ਦੇ ਆਧਾਰ 'ਤੇ ਸਾਰੇ ਚੈੱਕ ਪੁਆਇੰਟਸ 'ਤੇ ਯਾਤਰੀਆਂ ਦੀ ਐਂਟਰੀ ਹੋਵੇਗੀ। ਏਅਰਪੋਰਟ ਐਂਟਰੀ, ਸਕਿਊਰਿਟੀ ਚੈੱਕ ਅਤੇ ਬੋਰਡਿੰਗ ਗੇਟ ਤਿੰਨਾਂ ਥਾਵਾਂ 'ਤੇ ਐਪ ਤੋਂ ਹੀ ਕੀਤੀ ਜਾਵੇਗੀ।
DigiYatra App: ਹਵਾਈ ਸਫ਼ਰ (Air Travel) ਕਰਨ ਵਾਲੇ ਲੋਕਾਂ ਲਈ ਇਸ ਵਾਰ ਆਜ਼ਾਦੀ ਦਿਹਾੜੇ ਦੇ ਅਗਲੇ ਦਿਨ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। ਦਿੱਲੀ ਏਅਰਪੋਰਟ (Delhi Airport) ਅਤੇ ਬੰਗਲੁਰੂ ਏਅਰਪੋਰਟ (Bengaluru Airport) ਨੇ ਘਰੇਲੂ ਯਾਤਰੀਆਂ ਦੇ ਫੇਸੀਅਲ ਰਿਕੋਗਨੀਸ਼ਨ (Facial Recognition) ਲਈ ਇੱਕ ਐਪ 'ਡਿਗਯਾਤਰਾ ਐਪ' (Digiyatra App) ਲਾਂਚ ਕੀਤੀ ਹੈ। ਇਸ ਐਪ ਨਾਲ ਯਾਤਰੀਆਂ ਨੂੰ ਏਅਰਪੋਰਟ 'ਚ ਦਾਖਲ ਹੋਣ ਵੇਲੇ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲੇਗਾ। ਫਿਲਹਾਲ ਇਸ ਐਪ ਦਾ ਬੀਟਾ ਵਰਜ਼ਨ ਲਾਂਚ ਕੀਤਾ ਗਿਆ ਹੈ ਅਤੇ ਜਲਦੀ ਹੀ ਇਸ ਨੂੰ ਪੂਰੇ ਪੈਮਾਨੇ 'ਤੇ ਪੇਸ਼ ਕੀਤਾ ਜਾ ਸਕਦਾ ਹੈ।
ਦਿੱਲੀ ਏਅਰਪੋਰਟ ਦੇ ਇਸ ਟਰਮੀਨਲ ਤੋਂ ਸ਼ੁਰੂਆਤ
ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (DIAL) ਨੇ ਇਕ ਬਿਆਨ 'ਚ ਕਿਹਾ ਕਿ ਇਸ ਐਪ ਦੀ ਮਦਦ ਨਾਲ ਚਿਹਰੇ ਦੀ ਪਛਾਣ ਦੇ ਆਧਾਰ 'ਤੇ ਸਾਰੇ ਚੈੱਕ ਪੁਆਇੰਟਸ 'ਤੇ ਯਾਤਰੀਆਂ ਦੀ ਐਂਟਰੀ ਹੋਵੇਗੀ। ਏਅਰਪੋਰਟ ਐਂਟਰੀ, ਸਕਿਊਰਿਟੀ ਚੈੱਕ ਅਤੇ ਬੋਰਡਿੰਗ ਗੇਟ ਤਿੰਨਾਂ ਥਾਵਾਂ 'ਤੇ ਐਪ ਤੋਂ ਹੀ ਕੀਤੀ ਜਾਵੇਗੀ। ਦਿੱਲੀ ਹਵਾਈ ਅੱਡੇ 'ਤੇ ਹਾਲੇ ਇਸ ਨੂੰ ਘਰੇਲੂ ਯਾਤਰੀਆਂ ਲਈ T3 ਟਰਮੀਨਲ 'ਤੇ ਸ਼ੁਰੂ ਕੀਤਾ ਗਿਆ ਹੈ। ਇਸ ਟਰਮੀਨਲ ਤੋਂ ਏਅਰ ਏਸ਼ੀਆ ਇੰਡੀਆ (Air Asia India), ਏਅਰ ਇੰਡੀਆ (Air India), ਇੰਡੀਗੋ (IndiGo), ਸਪਾਈਸਜੈੱਟ (Spicejet) ਅਤੇ ਵਿਸਤਾਰਾ (Vistara) ਦਾ ਪਰਿਚਾਲਨ ਹੁੰਦਾ ਹੈ।
ਹਾਲੇ ਐਂਡਰਾਇਡ ਯੂਜਰਾਂ ਲਈ ਉਪਲੱਬਧ
ਬੰਗਲੁਰੂ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (BIAL) ਨੇ ਇੱਕ ਵੱਖਰੇ ਬਿਆਨ 'ਚ ਕਿਹਾ ਕਿ ਡਿਗਯਾਤਰਾ ਬਾਇਓਮੈਟ੍ਰਿਕ ਬੋਰਡਿੰਗ ਸਿਸਟਮ ਦੇ ਬੀਟਾ ਐਡੀਸ਼ਨ ਦਾ ਵਿਸਤਾਰਾ ਅਤੇ ਏਅਰ ਏਸ਼ੀਆ ਦੀਆਂ ਉਡਾਣਾਂ 'ਤੇ ਪ੍ਰੀਖਣ ਕੀਤਾ ਗਿਆ ਹੈ। ਡਾਇਲ ਨੇ ਦੱਸਿਆਕਿ ਡਿਜ਼ੀਯਾਤਰਾ ਐਪ ਦਾ ਬੀਟਾ ਐਡੀਸ਼ਨ ਐਂਡਰਾਇਡ ਓਐਸ ਲਈ ਪਲੇ ਸਟੋਰ (Play Store) 'ਤੇ ਉਪਲੱਬਧ ਹੈ। ਐਪ ਅਗਲੇ ਕੁਝ ਹਫ਼ਤਿਆਂ 'ਚ ਐਪਲ ਦੇ iOS ਪਲੇਟਫ਼ਾਰਮ 'ਤੇ ਵੀ ਉਪਲੱਬਧ ਹੋਵੇਗਾ।
ਇਸ ਐਪ ਦੀ ਵਰਤੋਂ ਕਰਨਾ ਹੈ ਸੁਰੱਖਿਅਤ
DIAL ਨੇ ਕਿਹਾ ਕਿ ਇਹ ਚਿਹਰੇ ਦੀ ਪਛਾਣ ਤਕਨੀਕ 'ਤੇ ਆਧਾਰਿਤ ਬਾਇਓਮੈਟ੍ਰਿਕ ਇਨੇਬਲਡ ਸੀਮਲੈੱਸ ਟ੍ਰੈਵਲ ਐਕਸਪੀਰਿਐਂਸ ਹੈ। ਇਸ ਦਾ ਟੀਚਾ ਯਾਤਰੀਆਂ ਨੂੰ ਬਗੈਰ ਕਿਸੇ ਪ੍ਰੇਸ਼ਾਨੀ ਅਤੇ ਦਸਤਾਵੇਜ਼ਾਂ ਦੇ ਹਵਾਈ ਅੱਡੇ 'ਤੇ ਦਾਖਲ ਕਰਵਾਉਣਾ ਹੈ। ਇਸ ਦੇ ਨਾਲ ਹੀ BIAL ਨੇ ਕਿਹਾ ਕਿ ਇਸ ਐਪ ਦੀ ਮਦਦ ਨਾਲ ਯਾਤਰੀਆਂ ਨੂੰ ਹੁਣ ਹਵਾਈ ਯਾਤਰਾ ਕਰਨ ਲਈ ਦਸਤਾਵੇਜ਼ ਲੈ ਕੇ ਜਾਣ ਦੀ ਲੋੜ ਨਹੀਂ ਪਵੇਗੀ। ਹੁਣ ਹਰ ਚੈੱਕ ਪੁਆਇੰਟ 'ਤੇ ਬਾਇਓਮੀਟ੍ਰਿਕ ਤਕਨੀਕ ਨਾਲ ਉਨ੍ਹਾਂ ਦੀ ਪਛਾਣ ਕੀਤੀ ਜਾਵੇਗੀ। ਇਹ ਪੂਰੀ ਪ੍ਰਕਿਰਿਆ ਵੀ ਬਹੁਤ ਸੁਰੱਖਿਅਤ ਹੈ।
ਇੰਝ ਕਰਨਾ ਹੋਵੇਗਾ ਰਜਿਸਟ੍ਰੇਸ਼ਨ
ਇਸ ਸਮੇਂ ਡਿਜ਼ੀਯਾਤਰਾ ਐਪ ਦੀ ਵਰਤੋਂ ਕਰਨਾ ਪੂਰੀ ਤਰ੍ਹਾਂ ਯਾਤਰੀਆਂ ਦੀ ਇੱਛਾ 'ਤੇ ਨਿਰਭਰ ਕਰਦਾ ਹੈ। ਜੋ ਯਾਤਰੀ ਇਸ ਨੂੰ ਵਰਤਣਾ ਚਾਹੁੰਦੇ ਹਨ, ਉਹ ਇਸ ਨੂੰ ਡਾਊਨਲੋਡ ਕਰ ਸਕਦੇ ਹਨ। ਰਜਿਸਟ੍ਰੇਸ਼ਨ ਲਈ ਯਾਤਰੀਆਂ ਨੂੰ ਆਧਾਰ ਦਾ ਵੇਰਵਾ ਦੇਣਾ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਵਿਡ-19 ਟੀਕਾਕਰਨ ਬਾਰੇ ਜਾਣਕਾਰੀ ਦੇ ਨਾਲ ਇੱਕ ਸੈਲਫ਼ੀ ਅਪਲੋਡ ਕਰਨੀ ਪਵੇਗੀ।