ਆਈਫੋਨ ਪ੍ਰੇਮੀਆਂ ਲਈ ਵੱਡੀ ਖ਼ਬਰ! iPhone 13 ਸਮੇਤ ਕਈ ਖਾਸ ਪ੍ਰੋਡਕਟ ਹੋਣਗੇ ਲੌਂਚ
Airpods ਵੀ ਮੰਗਲਵਾਰ ਲੌਂਚ ਕੀਤੇ ਜਾਣ ਦੀ ਸੰਭਾਵਨਾ ਹੈ। iPhone 13 ਰੇਂਜ 'ਚ ਚਾਰ ਮਾਡਲ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
iPhone 13 Launch Date: ਐਪਲ ਆਈਫੋਨ 13 (Apple iPhone 13) ਸੀਰੀਜ਼ ਦਾ ਲਾਂਚ ਈਵੈਂਟ 14 ਸਤੰਬਰ ਨੂੰ ਹੋਵੇਗਾ। ਇਸ ਵਰਚੂਅਲ 'ਕੈਲੇਫੋਰਨਿਆ ਸਟ੍ਰੀਮਿੰਗ' ਈਵੈਂਟ 'ਚ ਕਈ ਨਵੇਂ ਪ੍ਰੋਡਕਟ ਲੌਂਚ ਕੀਤੇ ਜਾਣਗੇ। ਲੀਕ ਹੋਈਆਂ ਖ਼ਬਰਾਂ ਮੁਤਾਬਕ ਇਸ ਵਾਰ ਕੁਝ ਖਾਸ ਡਿਵਾਈਸ ਲੌਂਚ ਕੀਤੇ ਜਾਣਗੇ। ਇਨ੍ਹਾਂ 'ਚ ਐਪਲ ਵਾਚ ਸੀਰੀਜ਼ 7 ਸਮਾਰਟਵਾਚ ਦੇ ਨਾਲ ਆਈਫੋਨ 13 ਰੇਂਜ ਨੂੰ ਈਵੈਂਟ 'ਚ ਐਲਾਨੇ ਜਾਣ ਦੀ ਉਮੀਦ ਹੈ।
ਇਸ ਤੋਂ ਇਲਾਵਾ ਨਵੇਂ Airpods ਵੀ ਮੰਗਲਵਾਰ ਲੌਂਚ ਕੀਤੇ ਜਾਣ ਦੀ ਸੰਭਾਵਨਾ ਹੈ। iPhone 13 ਰੇਂਜ 'ਚ ਚਾਰ ਮਾਡਲ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਕੰਪਨੀ ਆਈਫੋਨ 13 (iPhone) ਸੀਰੀਜ਼ ਤਹਿਤ ਆਈਫੋਨ 13 ਮਿੰਨੀ, ਆਈਫੋਨ 13, ਆਈਫੋਨ 13 Pro ਅਤੇ iPhone 13 Pro Max ਨੂੰ ਬਾਜ਼ਾਰ ਵਿੱਚ ਲਾਂਚ ਕਰ ਸਕਦੀ ਹੈ। Apple ਦਾ 'ਕੈਲੇਫੋਰਨਿਆ ਸਟ੍ਰੀਮਿੰਗ' ਈਵੈਂਟ 14 ਸਤੰਬਰ ਨੂੰ ਭਾਰਤੀ ਸਮੇਂ ਦੇ ਮੁਤਾਬਕ ਰਾਤ ਸਾਢੇ 10 ਵਜੇ ਹੋਵੇਗਾ। ਇਸ ਨੂੰ Apple ਦੇ ਈਵੈਂਟ ਪੇਜ, Apple ਦੇ ਅਧਿਕਾਰਤ YouTube ਚੈਨਲ 'ਤੇ ਵੀ ਸਟ੍ਰੀਮ ਕੀਤਾ ਜਾਵੇਗਾ।
ਮਜਬੂਤ ਵਿਕਰੀ ਦੀ ਸੰਭਾਵਨਾ
ਟੈਕ ਦਿੱਗਜ਼ Apple ਨੂੰ ਇਸ ਸਾਲ ਦੀ ਦੂਜੀ ਛਿਮਾਹੀ 'ਚ ਮਜਬੂਤ ਵਿਕਰੀ ਦੇਖਣ ਦੀ ਸੰਭਾਵਨਾ ਹੈ। ਜਿਸ ਨਾਲ ਇਹ 2021 'ਚ ਕੁੱਲ ਕੌਮਾਂਤਰੀ 5G ਸਮਾਰਟਫੋਨ ਸ਼ਿਪਮੈਂਟ ਦਾ ਇਕ-ਤਿਹਾਈ ਹਿੱਸਾ ਹਾਸਲ ਕਰ ਸਕਦਾ ਹੈ। ਮਾਰਕਿਟ ਰਿਸਰਚ ਫਰਮ ਕਾਊਂਟਰਪੁਆਂਇੰਟ ਦੇ ਮੁਤਾਬਕ ਆਈਫੋਨ 12 ਤੇ ਆਗਾਮੀ 13 ਸੀਰੀਜ਼ ਡਿਵਾਈਸ ਕੌਮਾਂਤਰੀ 5G ਸ਼ਿਪਮੈਂਟ ਨੂੰ ਕਰੀਬ 200 ਮਿਲੀਅਨ ਯੂਨਿਟ ਤਕ ਪਹੁੰਚਾਉਣ ਲਈ ਤਿਆਰ ਹੈ। ਜਿਸ ਨਾਲ ਚੌਥੀ ਤਿਮਾਹੀ 'ਚ 2021 ਦੇ ਕੁੱਲ ਸ਼ਿਪਮੈਂਟ ਨੂੰ 605 ਮਿਲੀਅਨ ਤਕ ਵਧਾਉਣ 'ਚ ਮਦਦ ਮਿਲੇਗੀ।
ਮਾਰਕਿਟ ਰਿਸਰਚ ਫਰਮ ਨੇ ਇਕ ਬਿਆਨ 'ਚ ਕਿਹਾ ਕਿ ਪਿਛਲੇ ਸਾਲ ਅਕਤੂਬਰ 'ਚ ਦੇਰੀ ਨਾਲ ਲੌਂਚ ਹੋਣ ਦੇ ਬਾਵਜੂਦ ਐਪਲ ਦੇ ਆਈਫੋਨ 12 ਨੇ ਕੌਮਾਂਤਰੀ ਪੱਧਰ 'ਤੇ ਸਾਰੇ 5G ਸਮਾਰਟਫਰੋਨ ਸ਼ਿਪਮੈਂਟ ਦਾ 24 ਫੀਸਦ ਹਿੱਸਾ ਲਿਆ। ਇਸ ਸਾਲ ਆਈਫੋਨ 13 ਲਈ ਪਹਿਲਾਂ ਲੌਂਚ ਤੇ ਆਈਓਐਸ ਲਈ ਲਗਾਤਾਰ ਮਜਬੂਤ ਮੰਗ ਦੇ ਨਾਲ ਕਾਊਂਟਰਪੁਆਂਇੰਟ ਦੇਖਦਾ ਹੈ ਕਿ ਐਪਲ ਸਾਰੇ ਕੌਮਾਂਤਰੀ 5G ਸ਼ਿਪਮੈਂਟ ਦਾ 33 ਫੀਸਦ ਹਿੱਸਾ ਲੈ ਰਿਹਾ ਹੈ।
ਇਸ ਦੇ ਨਾਲ ਹੀ, ਲਾਂਚ ਤੋਂ ਪਹਿਲਾਂ, ਇਸ ਸੀਰੀਜ਼ ਦੇ ਆਈਫੋਨ 13 ਪ੍ਰੋ ਮੈਕਸ (iPhone 13 Pro Max) ਦੇ ਟੌਪ ਵੇਰੀਐਂਟ ਦੇ ਕੁਝ ਵੇਰਵੇ ਹਾਲ ਹੀ ਵਿੱਚ ਲੀਕ ਹੋਏ ਸਨ। ਇਸ ਵਿੱਚ ਇਸ ਸਮਾਰਟਫੋਨ ਦੀ ਕੀਮਤ ਤੇ ਸਪੈਸੀਫ਼ਿਕੇਸ਼ਨਜ਼ ਦਾ ਖੁਲਾਸਾ ਕੀਤਾ ਗਿਆ ਹੈ। ਆਓ ਜਾਣੀਏ, ਇਨ੍ਹਾਂ ਬਾਰੇ ਹੋਰ ਵੇਰਵੇ:
ਇੰਨੀ ਹੋ ਸਕਦੀ ਕੀਮਤ
ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ, ਕੰਪਨੀ ਆਈਫੋਨ 13 ਪ੍ਰੋ ਮੈਕਸ (iPhone 13 Pro Max) ਨੂੰ 1,099 ਡਾਲਰ ਭਾਵ ਲਗਭਗ 80,679 ਰੁਪਏ ਦੀ ਕੀਮਤ ਦੇ ਨਾਲ ਲਾਂਚ ਕਰੇਗੀ। ਫੋਨ ਦੀ ਪਹਿਲੀ ਸੇਲ 24 ਸਤੰਬਰ ਤੋਂ ਸ਼ੁਰੂ ਹੋਵੇਗੀ। ਤੁਸੀਂ ਇਸ ਸਮਾਰਟਫੋਨ ਨੂੰ ਵ੍ਹਾਈਟ, ਬਲੈਕ ਤੇ ਪ੍ਰੋਡਕਟ (ਰੈੱਡ) ਕਲਰ ਆਪਸ਼ਨਜ਼ ਨਾਲ ਖਰੀਦ ਸਕਦੇ ਹੋ। ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਗੁਲਾਬੀ ਰੰਗ 'ਚ ਵੀ ਉਪਲੱਬਧ ਹੋਵੇਗਾ।
ਸੰਭਵ ਸਪੈਸੀਫ਼ਿਕੇਸ਼ਨਜ਼
ਆਈਫੋਨ 13 ਪ੍ਰੋ ਮੈਕਸ (iPhone 13 Pro Max) 'ਚ 6.7 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ, ਜਿਸ ਦਾ ਰੀਫ਼੍ਰੈਸ਼ ਰੇਟ 120Hz ਤੱਕ ਹੋ ਸਕਦਾ ਹੈ। ਇਸ ਦੇ ਡਿਸਪਲੇਅ ਵਿੱਚ ਪਹਿਲਾਂ ਛੋਟੇ ਨੋਟਸ ਦਿੱਤੇ ਜਾਣਗੇ, ਭਾਵੇਂ ਫੇਸ ਆਈਡੀ 2.0 ਵੀ ਬਾਅਦ ਵਿੱਚ ਇਸ ਵਿੱਚ ਪੇਸ਼ ਕੀਤੀ ਜਾ ਸਕਦੀ ਹੈ। ਇਸ ਵਿੱਚ ਤੁਹਾਨੂੰ ਤਿੰਨ ਵੇਰੀਐਂਟ ਮਿਲਣਗੇ, ਜਿਸ ਵਿੱਚ 128GB, 512GB ਤੇ 1TB ਤੱਕ ਦੀ ਸਟੋਰੇਜ ਦਿੱਤੀ ਜਾ ਸਕਦੀ ਹੈ। ਕੰਪਨੀ ਇਸ ਸੀਰੀਜ਼ 'ਚ ਆਪਣਾ ਖਾਸ ਲੇਟੈਸਟ ਪ੍ਰੋਸੈਸਰ ਏ 15 ਬਾਇਓਨਿਕ ਲੈ ਕੇ ਆ ਰਹੀ ਹੈ।
ਕੈਮਰਾ ਤੇ ਬੈਟਰੀ
ਫੋਟੋਗ੍ਰਾਫੀ ਲਈ ਆਈਫੋਨ 13 ਪ੍ਰੋ ਮੈਕਸ (iPhone 13 Pro Max) ਸਮਾਰਟਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਵੀਡੀਓ ਲਈ, ਇਸ ਵਿੱਚ ProRes ਫੀਚਰ ਦਿੱਤਾ ਜਾ ਸਕਦਾ ਹੈ। ਨਾਲ ਹੀ, ਫੋਨ ਵਿੱਚ f/1.8 ਅਲਟ੍ਰਾ-ਵਾਈਡ ਐਂਗਲ ਲੈਨਜ਼ ਦਿੱਤਾ ਜਾ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਮਾਡਲ ਨੂੰ ਐਸਟ੍ਰੋਫੋਟੋਗ੍ਰਾਫੀ ਮੋਡ ਵੀ ਦੇ ਸਕਦੀ ਹੈ।
ਜੇਕਰ ਬੈਟਰੀ ਦੀ ਗੱਲ ਕਰੀਏ ਤਾਂ ਆਈਫੋਨ 13 (iPhone 13) ਦੇ ਟੌਪ ਮਾਡਲ ਵਿੱਚ 4352mAh ਦੀ ਬੈਟਰੀ ਮਿਲ ਸਕਦੀ ਹੈ, ਜੋ 25W ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।