KYC ਅਪਡੇਟ ਦੇ ਨਾਂਅ 'ਤੇ ਹੋ ਰਹੀ ਸਾਈਬਰ ਧੋਖਾਧੜੀ, ਜੇ ਕਰਨਾ ਬਚਾਅ ਤਾਂ ਮੰਨ ਲਓ ਆਹ ਗੱਲਾਂ !
ਸਾਈਬਰ ਅਪਰਾਧੀ KYC ਅਪਡੇਟ ਦੇ ਨਾਂਅ 'ਤੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਉਨ੍ਹਾਂ ਦੀ ਜਾਣਕਾਰੀ ਦੀ ਵਰਤੋਂ ਕਰਕੇ ਲੋਨ ਲੈ ਰਹੇ ਹਨ ਜਾਂ ਗੈਰ-ਕਾਨੂੰਨੀ ਗਤੀਵਿਧੀਆਂ ਕਰ ਰਹੇ ਹਨ। ਇਨ੍ਹਾਂ ਤੋਂ ਬਚਣ ਲਈ ਸੁਚੇਤ ਰਹਿਣ ਦੀ ਲੋੜ ਹੈ।
How to stay safe from KYC scams: ਦੇਸ਼ ਵਿੱਚ ਵੱਧ ਰਹੇ ਸਾਈਬਰ ਅਪਰਾਧ ਕਾਰਨ ਦੇਸ਼ ਦੇ ਲੋਕਾਂ ਨੂੰ ਹਰ ਰੋਜ਼ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਸਾਈਬਰ ਅਪਰਾਧੀ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਤੇ ਪਲਾਂ 'ਚ ਉਨ੍ਹਾਂ ਦੀ ਮਿਹਨਤ ਦੀ ਕਮਾਈ ਲੁੱਟ ਲੈਂਦੇ ਹਨ। ਹਾਲ ਹੀ ਦੇ ਸਮੇਂ 'ਚ ਕੇਵਾਈਸੀ (know your customer) ਨੂੰ ਅਪਡੇਟ ਕਰਨ ਦੇ ਨਾਂਅ 'ਤੇ ਕਈ ਲੋਕਾਂ ਨਾਲ ਧੋਖਾਧੜੀ ਕੀਤੀ ਗਈ ਹੈ। ਕੇਵਾਈਸੀ ਬੈਂਕਾਂ ਅਤੇ ਹੋਰ ਸੰਸਥਾਵਾਂ ਲਈ ਆਪਣੇ ਗਾਹਕਾਂ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਇੱਕ ਪ੍ਰਕਿਰਿਆ ਹੈ। ਇਸ ਦੀਆਂ ਕਮੀਆਂ ਦਾ ਫਾਇਦਾ ਉਠਾ ਕੇ ਧੋਖੇਬਾਜ਼ ਲੋਕਾਂ ਨੂੰ ਧੋਖਾ ਦੇ ਰਹੇ ਹਨ।
KYC ਦੇ ਨਾਂਅ 'ਤੇ ਕਿਵੇਂ ਹੋ ਰਹੀ ਧੋਖਾਧੜੀ?
ਸਾਈਬਰ ਧੋਖੇਬਾਜ਼ ਕਿਸੇ ਦੀ ਨਿੱਜੀ ਜਾਣਕਾਰੀ ਜਾਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਖਾਤੇ ਬਣਾ ਰਹੇ ਹਨ, ਲੋਨ ਲਈ ਅਰਜ਼ੀ ਦੇ ਰਹੇ ਹਨ ਜਾਂ ਕੋਈ ਗ਼ੈਰ-ਕਾਨੂੰਨੀ ਲੈਣ-ਦੇਣ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਕਿਸੇ ਦੀ ਫੋਟੋ ਨਾਲ ਛੇੜਛਾੜ ਕਰਕੇ ਜਾਂ ਕਿਸੇ ਦੀ ਨਿੱਜੀ ਜਾਣਕਾਰੀ ਇਕੱਠੀ ਕਰਕੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਆਪਣੇ ਫਾਇਦੇ ਲਈ ਵਰਤਦੇ ਹਨ। ਹੁੰਦਾ ਇਹ ਹੈ ਕਿ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਨਾਂ 'ਤੇ ਜਾਂ ਉਨ੍ਹਾਂ ਦੇ ਖਾਤੇ 'ਤੇ ਗੈਰ-ਕਾਨੂੰਨੀ ਕੰਮ ਹੋ ਰਹੇ ਹਨ, ਜਿਸ ਦਾ ਨਤੀਜਾ ਆਉਣ ਵਾਲੇ ਸਮੇਂ 'ਚ ਉਨ੍ਹਾਂ ਨੂੰ ਭੁਗਤਣਾ ਪੈ ਸਕਦਾ ਹੈ।
ਅਜਿਹੀ ਧੋਖਾਧੜੀ ਤੋਂ ਕਿਵੇਂ ਬਚਿਆ ਜਾਵੇ?
ਵਧਦੇ ਸਾਈਬਰ ਅਪਰਾਧ ਦੇ ਵਿਚਕਾਰ ਚੌਕਸ ਰਹਿਣਾ ਬਹੁਤ ਜ਼ਰੂਰੀ ਹੋ ਗਿਆ ਹੈ। ਜੇ ਕੋਈ ਤੁਹਾਡੇ ਤੋਂ ਖਾਤੇ ਦੇ ਵੇਰਵਿਆਂ ਜਾਂ ਕੇਵਾਈਸੀ ਨਾਲ ਜੁੜੀ ਜਾਣਕਾਰੀ ਮੰਗ ਰਿਹਾ ਹੈ, ਤਾਂ ਉਸਦੀ ਸੰਸਥਾ ਤੋਂ ਪੁਸ਼ਟੀ ਕੀਤੇ ਬਿਨਾਂ ਕੋਈ ਜਾਣਕਾਰੀ ਨਾ ਦਿਓ। ਕੋਈ ਵੀ ਬੈਂਕ ਜਾਂ ਹੋਰ ਸੰਸਥਾ ਆਪਣੇ ਗਾਹਕਾਂ ਤੋਂ OTP, ਪਾਸਵਰਡ ਅਤੇ ਪਿੰਨ ਨੰਬਰ ਨਹੀਂ ਮੰਗਦੀ। ਅੱਜਕੱਲ੍ਹ ਪੁਲਿਸ ਅਫ਼ਸਰ ਬਣ ਕੇ ਨਿੱਜੀ ਜਾਣਕਾਰੀ ਮੰਗਣ ਦੇ ਮਾਮਲੇ ਵਧਦੇ ਜਾ ਰਹੇ ਹਨ। ਅਜਿਹੀ ਕਿਸੇ ਵੀ ਕਾਲ ਦੌਰਾਨ ਸਬਰ ਰੱਖੋ ਅਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਗੈਰ-ਪ੍ਰਮਾਣਿਤ ਸਰੋਤਾਂ ਤੋਂ ਕੋਈ ਵੀ ਐਪ ਡਾਊਨਲੋਡ ਨਾ ਕਰੋ ਅਤੇ ਜਨਤਕ ਪਲੇਟਫਾਰਮਾਂ 'ਤੇ ਆਧਾਰ ਅਤੇ ਪੈਨ ਨੰਬਰ ਆਦਿ ਨੂੰ ਸਾਂਝਾ ਨਾ ਕਰੋ।
ਜੇ ਤੁਸੀਂ ਸਾਈਬਰ ਅਪਰਾਧ ਦਾ ਸ਼ਿਕਾਰ ਹੋ ਗਏ ਹੋ, ਤਾਂ ਤੁਰੰਤ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ ਜਾਂ ਸਾਈਬਰ ਅਪਰਾਧ ਹੈਲਪਲਾਈਨ 'ਤੇ ਸੰਪਰਕ ਕਰੋ।