WhatsApp 'ਤੇ ਨੌਕਰੀ ਦੇ ਆਫ਼ਰ ਦਾ ਭਰੋਸਾ ਕਰਨਾ ਪੈ ਸਕਦਾ ਹੈ ਮਹਿੰਗਾ, ਝੱਟ ਖਾਲੀ ਹੋ ਜਾਵੇਗਾ ਬੈਂਕ ਖਾਤਾ !
WhatsApp Scam on rise: ਜੇਕਰ ਕੋਈ ਤੁਹਾਨੂੰ WhatsApp 'ਤੇ ਨੌਕਰੀ ਦੀ ਪੇਸ਼ਕਸ਼ ਕਰ ਰਿਹਾ ਹੈ, ਤਾਂ ਯਕੀਨ ਨਾ ਕਰੋ। ਖਾਸ ਕਰਕੇ ਜਦੋਂ ਤੁਸੀਂ ਕੰਪਨੀ ਬਾਰੇ ਜ਼ਿਆਦਾ ਨਹੀਂ ਜਾਣਦੇ ਹੋ। ਕਿਸੇ ਵੀ ਚਿੱਠੀ ਨੂੰ ਜਾਣੇ ਬਿਨਾਂ ਸਵੀਕਾਰ ਨਾ ਕਰੋ।
WhatsApp Job Scam: ਭਾਰਤ ਵਿੱਚ 550 ਮਿਲੀਅਨ ਤੋਂ ਵੱਧ ਲੋਕ WhatsApp ਦੀ ਵਰਤੋਂ ਕਰਦੇ ਹਨ। ਇੰਨੀ ਵੱਡੀ ਗਿਣਤੀ 'ਚ ਯੂਜ਼ਰਬੇਸ ਹੋਣ ਕਾਰਨ ਇਸ ਐਪ ਨਾਲ ਘੁਟਾਲੇ ਕਰਨ ਵਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਹਾਲ ਹੀ ਵਿੱਚ, ਮੁੰਬਈ ਦੇ ਇੱਕ ਫੁੱਟਬਾਲ ਕੋਚ ਨੂੰ ਵਟਸਐਪ 'ਤੇ ਮਿਲੀ ਨੌਕਰੀ ਦੀ ਪੇਸ਼ਕਸ਼ ਮਹਿੰਗੀ ਪਈ ਤੇ ਉਸਨੇ ਆਪਣੀ ਮਿਹਨਤ ਦੀ ਕਮਾਈ ਦੇ 10 ਰੁਪਏ ਇੱਕ ਠੱਗ ਨੂੰ ਸੌਂਪ ਦਿੱਤੇ। ਪੀੜਤ ਦੀ ਪਛਾਣ ਜੋਏਲ ਚੇਟੀ (28 ਸਾਲ) ਵਜੋਂ ਹੋਈ ਹੈ। 16 ਅਗਸਤ ਨੂੰ ਇੱਕ ਵਿਅਕਤੀ ਨੇ ਉਸ ਨਾਲ ਵਟਸਐਪ ਰਾਹੀਂ ਸੰਪਰਕ ਕੀਤਾ ਅਤੇ ਪਾਰਟ ਟਾਈਮ ਨੌਕਰੀ ਦੀ ਗੱਲ ਕੀਤੀ।
ਘੁਟਾਲੇ ਕਰਨ ਵਾਲੇ ਨੇ ਜੋਏਲ ਨੂੰ ਇੱਕ ਯੂਟਿਊਬ ਚੈਨਲ ਨੂੰ ਸਬਸਕ੍ਰਾਇਬ ਕਰਕੇ ਅਤੇ ਇਸਦੇ ਕੰਟੈਂਟ ਨੂੰ ਲਾਈਕ ਕਰਕੇ ਇੱਕ ਸਕ੍ਰੀਨਸ਼ੌਟ ਭੇਜਣ ਲਈ ਕਿਹਾ। ਇਸ ਦੇ ਬਦਲੇ ਉਨ੍ਹਾਂ ਨੂੰ ਚੰਗੇ ਪੈਸੇ ਮਿਲਣ ਦੀ ਗੱਲ ਵੀ ਆਖੀ ਗਈ। ਫੁੱਟਬਾਲ ਕੋਚ ਨੇ ਇਸ ਲਈ ਸਹਿਮਤੀ ਦਿੱਤੀ ਅਤੇ ਘੁਟਾਲੇਬਾਜ਼ ਦੁਆਰਾ ਇੱਕ ਲਿੰਕ ਦਿੱਤਾ ਗਿਆ ਜਿਸ ਵਿੱਚ ਉਸਨੂੰ ਸਾਰੇ ਵੇਰਵੇ ਭਰਨ ਲਈ ਕਿਹਾ ਗਿਆ ਸੀ। ਸ਼ੁਰੂ ਵਿਚ ਉਸ ਨੂੰ 150 ਰੁਪਏ ਮਿਲੇ, ਉਸ ਤੋਂ ਬਾਅਦ 2800 ਰੁਪਏ ਘਪਲੇਬਾਜ਼ਾਂ ਨੇ ਉਸ ਨੂੰ ਹੋਰ ਟਰਾਂਸਫਰ ਕਰ ਦਿੱਤੇ। ਜਿਵੇਂ ਹੀ ਘੁਟਾਲਾ ਕਰਨ ਵਾਲੇ ਨੂੰ ਲੱਗਾ ਕਿ ਜੋਏਲ ਨੂੰ ਹੁਣ ਕੰਮ ਦਾ ਯਕੀਨ ਹੋ ਗਿਆ ਹੈ, ਉਸ ਨੇ ਜੋਏਲ ਨੂੰ ਖਾਤਾ ਖੋਲ੍ਹਣ ਲਈ 9000 ਰੁਪਏ ਦੇਣ ਲਈ ਕਿਹਾ। ਇਸ ਤੋਂ ਬਾਅਦ ਟਾਸਕ ਦੇ ਨਾਂ 'ਤੇ ਵਿਅਕਤੀ ਤੋਂ 40 ਹਜ਼ਾਰ ਰੁਪਏ ਫਿਰ ਲਏ ਗਏ। ਇਸ ਤਰ੍ਹਾਂ ਘੁਟਾਲਾ ਕਰਨ ਵਾਲੇ ਨੇ 16 ਤੋਂ 21 ਅਗਸਤ ਦਰਮਿਆਨ ਜੋਇਲ ਤੋਂ ਕੁੱਲ 9,87,620 ਰੁਪਏ ਲੁੱਟ ਲਏ।
ਜਿਵੇਂ ਹੀ ਜੋਏਲ ਨੇ ਆਪਣੀ ਭੈਣ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੂੰ ਲੱਗਾ ਕਿ ਜੋਏਲ ਕਿਸੇ ਘੁਟਾਲੇ ਦਾ ਸ਼ਿਕਾਰ ਹੋ ਗਿਆ ਹੈ ਅਤੇ ਤੁਰੰਤ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਐੱਫ.ਆਈ.ਆਰ. ਦਰਜ ਕਰਵਾਈ।
ਘੁਟਾਲੇ ਦਾ ਸ਼ਿਕਾਰ ਨਾ ਬਣੋ, ਇਸ ਲਈ ਹਮੇਸ਼ਾ ਪਹਿਲਾਂ ਕਾਲਰ ਜਾਂ ਭੇਜਣ ਵਾਲੇ ਦੀ ਪੁਸ਼ਟੀ ਕਰੋ। ਜੇਕਰ ਕੋਈ ਤੁਹਾਨੂੰ ਕੰਮ ਦੇ ਬਦਲੇ ਚੰਗੇ ਪੈਸੇ ਦੀ ਪੇਸ਼ਕਸ਼ ਕਰ ਰਿਹਾ ਹੈ, ਤਾਂ ਉਸ ਨੂੰ ਵੀ ਚੈੱਕ ਕਰੋ ਅਤੇ ਬਿਨਾਂ ਕੁਝ ਜਾਣੇ ਕੰਮ ਸ਼ੁਰੂ ਨਾ ਕਰੋ। ਕਿਸੇ ਵੀ ਸਥਿਤੀ ਵਿੱਚ ਆਪਣੇ ਨਿੱਜੀ ਵੇਰਵੇ ਕਿਸੇ ਨਾਲ ਸਾਂਝੇ ਨਾ ਕਰੋ। ਜੇਕਰ ਕੋਈ ਅਣਜਾਣ ਵਿਅਕਤੀ ਤੁਹਾਨੂੰ ਵਟਸਐਪ 'ਤੇ ਨੌਕਰੀ ਲਈ ਸੰਪਰਕ ਕਰਦਾ ਹੈ, ਤਾਂ ਸਾਵਧਾਨ ਰਹੋ ਅਤੇ ਨੰਬਰ ਨੂੰ ਬਲੌਕ ਕਰੋ ਅਤੇ ਰਿਪੋਰਟ ਕਰੋ।
ਧਿਆਨ ਰੱਖੋ ਕਿ ਤੁਸੀਂ ਕਦੇ ਵੀ ਘੱਟ ਸਮੇਂ ਵਿੱਚ ਜ਼ਿਆਦਾ ਪੈਸੇ ਨਹੀਂ ਕਮਾ ਸਕਦੇ। ਜੇਕਰ ਕੋਈ ਜਲਦਬਾਜ਼ੀ 'ਚ ਜ਼ਿਆਦਾ ਪੈਸਾ ਕਮਾਉਣ ਦੀ ਗੱਲ ਕਰ ਰਿਹਾ ਹੈ ਤਾਂ ਅਜਿਹੇ ਵਿਅਕਤੀ ਤੋਂ ਵੀ ਦੂਰ ਰਹੋ ਕਿਉਂਕਿ ਉਹ ਤੁਹਾਨੂੰ ਘਪਲੇ ਦਾ ਸ਼ਿਕਾਰ ਬਣਾ ਸਕਦੇ ਹਨ।