ਨਵੀਂ ਦਿੱਲੀ: ਭਾਰਤ ਸਰਕਾਰ ਨੇ ਬੁੱਧਵਾਰ 118 ਚੀਨੀ ਐਪਸ (China Apps) 'ਤੇ ਪਾਬੰਦੀ ਲਾ ਦਿੱਤੀ, ਜਿਸ 'ਚ ਬੇਹੱਦ ਮਸ਼ਹੂਰ ਤੇ ਪਸੰਦ ਕੀਤੀ ਜਾਣ ਵਾਲੀ ਗੇਮ PUBG ਵੀ ਸ਼ਾਮਲ ਹੈ। ਭਾਰਤੀ ਮਾਪਿਆਂ ਲਈ ਇਹ ਰਾਹਤ ਭਰੀ ਖ਼ਬਰ ਸੀ। ਕਿਉਂਕਿ ਉਹ ਕਈ ਮਹੀਨਿਆਂ ਤੋਂ ਇਸ ਦਾ ਇੰਤਜ਼ਾਰ ਕਰ ਰਹੇ ਸਨ। ਪਰ ਦੂਜੇ ਪਾਸੇ ਬੱਚੇ ਤੇ ਨੌਜਵਾਨ ਇਸ ਖ਼ਬਰ ਨੂੰ ਸੁਣ ਕੇ ਹੈਰਾਨ ਤੇ ਮਾਯੂਸ ਹੋ ਗਏ।


ਇਸ ਤੋਂ ਪਹਿਲਾਂ ਵੀ ਸਰਕਾਰ ਨੇ ਜੂਨ 'ਚ 58 ਹੋਰ ਚੀਨੀ ਐਪਸ ਦੇ ਨਾਲ ਲਘੂ ਵੀਡੀਓ ਸ਼ੇਅਰਿੰਗ ਐਪ ਟਿਕਟੌਕ 'ਤੇ ਪਾਬੰਦੀ ਲਾ ਦਿੱਤੀ ਸੀ। ਪਰ PUBG 'ਤੇ ਕੋਈ ਪਾਬੰਦੀ ਨਹੀਂ ਲਾਈ ਸੀ। ਹਾਲਾਂਕਿ ਸਮੇਂ-ਸਮੇਂ 'ਤੇ ਕਈ ਪਲੇਟਫਾਰਮ ਜ਼ਰੀਏ PUBG 'ਤੇ ਪਾਬੰਦੀ ਲਾਉਣ ਸਬੰਧੀ ਕੁਝ ਮੰਗਾਂ ਸਾਹਮਣੇ ਆਈਆਂ ਸਨ।


ਜਿੱਥੇ ਕੁਝ ਮਾਪਿਆਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਪ੍ਰਭਾਵਿਤ ਕਰਨਾ ਵਾਲੇ ਬੇਹੱਦ ਹਰਮਨਪਿਆਰੇ ਵੀਡੀਓ ਗੇਮ ਬਾਰੇ ਸ਼ਿਕਾਇਤ ਕੀਤੀ। ਉੱਤੇ ਹੀ ਕਈ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਇਸ ਖੇਡ ਦੇ ਆਦੀ ਹੋ ਚੁੱਕੇ ਹਨ। ਏਨਾ ਹੀ ਨਹੀਂ ਕਈ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਬੱਚਿਆਂ ਨੂੰ ਇਸ ਗੇਮ ਪ੍ਰਤੀ ਏਨਾ ਆਕਰਸ਼ਣ ਸੀ ਕਿ ਉਨ੍ਹਾਂ ਨੂੰ ਇਸ ਦੀ ਆਦਤ ਪੈ ਗਈ। ਜਿਸ ਨਾਲ ਮਾਪਿਆਂ ਤੇ ਅਧਿਆਪਕਾਂ ਨੂੰ ਬੱਚਿਆਂ ਦੀ ਮਾਨਸਿਕ ਸਿਹਤ ਬਾਰੇ ਚਿੰਤਾ ਹੋਣ ਲੱਗੀ ਸੀ।


ਹੁਣ ਸਰਕਾਰ ਵੱਲੋਂ ਪਾਬੰਦੀ ਲਾਏ ਜਾਣ ਮਗਰੋਂ ਮਾਪਿਆਂ ਨੇ ਰਾਹਤ ਮਹਿਸੂਸ ਕੀਤੀ ਹੈ। ਹਾਲਾਂਕਿ ਗੇਮ ਦੇ ਕੁਝ ਪ੍ਰਸ਼ੰਸਕਾਂ ਨੇ ਵੀ ਇਸ ਫੈਸਲੇ ਨੂੰ ਸਵੀਕਾਰ ਕੀਤਾ ਹੈ। ਦਿੱਲੀ ਤੋਂ ਬੀਟੈਕ ਅੰਤਿਮ ਸਾਲ ਦੇ ਵਿਦਿਆਰਥੀ ਅਨਿਕੇਤ ਨੇ ਕਿਹਾ ਕਿ ਉਹ ਚੀਨ ਨਾਲ ਭਾਰਤ ਦੇ ਵਧਦੇ ਤਣਾਅ ਕਾਰਨ ਇਹ ਫੈਸਲਾ ਸਵੀਕਾਰ ਕਰ ਰਹੇ ਹਨ। ਉਨ੍ਹਾਂ ਕਿਹਾ ਹਾਲਾਂਕਿ ਮੇਰੇ ਲਈ ਫੈਸਲਾ ਬਹੁਤ ਨਿਰਾਸ਼ਾਜਨਕ ਸੀ। ਕਿਉਂਕਿ ਲੌਕਡਾਊਨ ਦੌਰਾਨ ਇਹੀ ਇਕ ਸਾਧਨ ਸੀ ਜਿਸ ਨਾਲ ਮੈਂ ਬੋਰੀਅਤ ਤੋਂ ਛੁਟਕਾਰਾ ਪਾ ਸਕਿਆ।


ਪਬਜੀ ਬੈਨ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਸਕਿੰਟਾਂ 'ਚ ਫੈਲ ਗਈ ਤੇ ਕੁਝ ਹੀ ਮਿੰਟਾਂ 'ਚ ਟਵਿਟਰ 'ਤੇ PUBG ਬੈਨ ਟ੍ਰੈਂਡ ਕਰਨ ਲੱਗਾ। ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ। ਗੇਮ ਦੇ ਕੁਝ ਪ੍ਰਸ਼ੰਸਕ ਕਾਫੀ ਨਿਰਾਸ਼ ਦਿਖਾਈ ਦੇ ਰਹੇ ਹਨ। ਕੁਝ ਲੋਕ ਇਸ ਫੈਸਲੇ ਨੂੰ ਸਹੀ ਦੱਸ ਰਹੇ ਹਨ।


ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ, ਇਹ ਕਦਮ ਕਰੋੜਾਂ ਭਾਰਤੀ ਮੋਬਾਇਲ ਅਤੇ ਇੰਟਰਨੈੱਟ ਉਪਭੋਗਤਾਵਾਂ ਦੇ ਹਿੱਤਾਂ ਦੀ ਰੱਖਿਆ ਕਰੇਗਾ। ਇਹ ਫੈਸਲਾ ਭਾਰਤੀ ਸਾਇਬਰਸਪੇਸ ਦੀ ਸੁਰੱਖਿਆ ਐਂਟ ਪ੍ਰਭੂਸੱਤਾ ਯਕੀਨੀ ਬਣਾਉਣ ਤਹਿਤ ਇਕ ਕਦਮ ਹੈ।


PUBG ਗੇਮ ਫਿਲਹਾਲ ਕੌਮਾਂਤਰੀ ਪੱਧਰ 'ਤੇ 60 ਕਰੋੜ ਤੋਂ ਵੱਧ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਗੇਮ ਖੇਡਣ ਵਾਲੇ ਪੰਜ ਕਰੋੜ ਐਕਟਿਵ ਯੂਜ਼ਰਸ ਹਨ। PUBG ਨੇ ਇਸ ਸਾਲ ਦੀ ਪਹਿਲੀ ਛਿਮਾਹੀ 'ਚ 1.3 ਅਰਬ ਡਾਲਰ ਕਰੀਬ 9,731 ਕਰੋੜ ਰੁਪਏ ਦਾ ਕੌਮਾਂਤਰੀ ਮਾਲੀਆ ਹਾਸਲ ਕੀਤਾ ਹੈ।


ਗਲੋਬਲ ਇਨੋਵੇਸ਼ਨ ਇੰਡੈਕਸ 'ਚ ਸੁਧਾਰ ਦੇ ਨਾਲ ਭਾਰਤ ਟੌਪ 50 'ਚ ਸ਼ਾਮਲ


ਇਨ੍ਹਾਂ ਗਾਈਡਲਾਈਨਜ਼ ਦੇ ਤਹਿਤ ਸ਼ੁਰੂ ਹੋਵੇਗੀ ਮੈਟਰੋ ਸੇਵਾ, ਯਾਤਰੀਆਂ ਲਈ ਖਾਸ ਧਿਆਨ ਦੇਣ ਯੋਗ ਗੱਲਾਂ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ