Alert! Supreme Court ਦੇ ਨਾਮ 'ਤੇ ਨਕਲੀ ਵੈਬਸਾਈਟ ਬਣਾ ਕੇ ਲੋਕਾਂ ਨਾਲ ਹੋ ਰਹੀ ਠੱਗੀ, ਇਦਾਂ ਕਰੋ ਆਪਣਾ ਬਚਾਅ
ਸੁਪਰੀਮ ਕੋਰਟ ਨੇ ਆਪਣੀ ਅਧਿਕਾਰਤ ਵੈੱਬਸਾਈਟ ਤੋਂ ਮਿਲਦੀ-ਜੁਲਦੀ ਨਕਲੀ ਵੈਬਸਾਈਟਸ ਤੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਅਦਾਲਤ ਵੱਲੋਂ ਨੋਟਿਸ ਜਾਰੀ ਕਰਕੇ ਲੋਕਾਂ ਨੂੰ ਇਨ੍ਹਾਂ ਵੈੱਬਸਾਈਟਾਂ 'ਤੇ ਕਿਸੇ ਵੀ ਤਰ੍ਹਾਂ ਦੀ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਬਚਣ ਲਈ ਕਿਹਾ ਗਿਆ ਹੈ।

Cyber Crime: ਹਰ ਕੋਈ ਲਗਾਤਾਰ ਵੱਧ ਰਹੇ ਸਾਈਬਰ ਅਪਰਾਧ ਤੋਂ ਪਰੇਸ਼ਾਨ ਹੈ। ਹੁਣ ਸੁਪਰੀਮ ਕੋਰਟ ਨੇ ਇੱਕ ਪਬਲਿਕ ਨੋਟਿਸ ਜਾਰੀ ਕਰਕੇ ਲੋਕਾਂ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਵਰਗੀਆਂ ਨਕਲੀ ਵੈੱਬਸਾਈਟਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਅਜਿਹੀਆਂ ਵੈੱਬਸਾਈਟਾਂ ਨਿੱਜੀ ਅਤੇ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰ ਰਹੀਆਂ ਹਨ। ਸੁਪਰੀਮ ਕੋਰਟ ਦੀ ਰਜਿਸਟਰੀ ਨੇ ਕਿਹਾ ਹੈ ਕਿ ਅਜਿਹੇ ਫਿਸ਼ਿੰਗ ਅਟੈਕ ਬਾਰੇ ਕਾਨੂੰਨੀ ਏਜੰਸੀਆਂ ਨੂੰ ਦੱਸ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਇਨ੍ਹਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜਾਅਲੀ ਵੈੱਬਸਾਈਟਾਂ ਨਿੱਜੀ ਜਾਣਕਾਰੀ ਚੋਰੀ ਕਰ ਰਹੀਆਂ ਹਨ। ਇਸ ਲਈ ਅਜਿਹੀਆਂ ਵੈੱਬਸਾਈਟਾਂ ਤੋਂ ਸਾਵਧਾਨ ਰਹੋ ਅਤੇ ਉਨ੍ਹਾਂ 'ਤੇ ਆਪਣੀ ਕੋਈ ਵੀ ਨਿੱਜੀ ਜਾਂ ਸੰਵੇਦਨਸ਼ੀਲ ਜਾਣਕਾਰੀ ਦਰਜ ਨਾ ਕਰੋ। ਇਸ ਤੋਂ ਇਲਾਵਾ, ਕਿਸੇ ਵੀ ਅਣਜਾਣ ਵਿਅਕਤੀ ਤੋਂ ਆਏ ਕਿਸੇ ਵੀ ਲਿੰਕ 'ਤੇ ਕਲਿੱਕ ਨਾ ਕਰੋ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਕਦੇ ਵੀ ਨਿੱਜੀ ਜਾਣਕਾਰੀ, ਵਿੱਤੀ ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀ ਨਹੀਂ ਮੰਗੀ ਜਾਂਦੀ। ਸੁਪਰੀਮ ਕੋਰਟ ਦੀ ਅਧਿਕਾਰਤ ਵੈੱਬਸਾਈਟ www.sci.gov.in ਹੈ। ਇਸ ਲਈ, ਹਮੇਸ਼ਾ URL ਦੀ ਪੁਸ਼ਟੀ ਕਰੋ।
ਨੋਟਿਸ ਵਿੱਚ ਦਿੱਤੀ ਗਈ ਆਹ ਸਲਾਹ
ਰਜਿਸਟਰੀ ਵੱਲੋਂ ਜਾਰੀ ਨੋਟਿਸ ਵਿੱਚ ਇਹ ਸਲਾਹ ਦਿੱਤੀ ਗਈ ਹੈ ਕਿ ਜੇਕਰ ਕੋਈ ਫਿਸ਼ਿੰਗ ਅਟੈਕ ਦਾ ਸ਼ਿਕਾਰ ਹੁੰਦਾ ਹੈ, ਤਾਂ ਉਸ ਨੂੰ ਤੁਰੰਤ ਆਪਣੇ ਸਾਰੇ ਖਾਤਿਆਂ ਦੇ ਪਾਸਵਰਡ ਬਦਲ ਲੈਣੇ ਚਾਹੀਦੇ ਹਨ। ਇਸ ਦੇ ਨਾਲ ਹੀ, ਉਨ੍ਹਾਂ ਨੂੰ ਆਪਣੇ ਬੈਂਕ ਅਤੇ ਕ੍ਰੈਡਿਟ ਕਾਰਡ ਕੰਪਨੀ ਨੂੰ ਅਣਅਧਿਕਾਰਤ ਐਕਸੈਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।
ਸਾਈਬਰ ਧੋਖਾਧੜੀ ਬਣ ਜਾਂਦੀ ਚਿੰਤਾ ਦਾ ਕਾਰਨ
ਇੰਟਰਨੈੱਟ ਦੇ ਵਿਸਥਾਰ ਦੇ ਨਾਲ ਸਾਈਬਰ ਧੋਖਾਧੜੀ ਚਿੰਤਾ ਦਾ ਕਾਰਨ ਬਣ ਗਈ ਹੈ। ਲੋਕਾਂ ਨੂੰ ਹਰ ਰੋਜ਼ ਸਾਈਬਰ ਧੋਖਾਧੜੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ ਦੇ ਸਮੇਂ ਵਿੱਚ ਡਿਜੀਟਲ ਗ੍ਰਿਫ਼ਤਾਰੀ ਵਰਗੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਸ ਵਿੱਚ ਲੋਕਾਂ ਨੂੰ ਵਰਚੁਅਲੀ ਬੰਧਕ ਬਣਾ ਕੇ ਧੋਖਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, OTP, KYC ਅਤੇ ਵੈਰੀਫਿਕੇਸ਼ਨ ਆਦਿ ਦੇ ਨਾਮ 'ਤੇ ਕਈ ਘੁਟਾਲੇ ਹੋ ਰਹੇ ਹਨ। ਇਨ੍ਹਾਂ ਤੋਂ ਬਚਣ ਲਈ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।






















