ਸਰਕਾਰ ਦੀ ਚੇਤਾਵਨੀ ਮਗਰੋਂ ਵਟਸਐਪ ਦਾ ਦਾਅਵਾ, ਨਵੀਂ ਪਾਲਿਸੀ ਨਾਲ ਨਿੱਜਤਾ 'ਤੇ ਨਹੀਂ ਕੋਈ ਅਸਰ
ਕੰਪਨੀ ਦੇ ਬੁਲਾਰੇ ਮੁਤਾਬਕ, 'ਅਸੀਂ ਇਸ ਮਾਮਲੇ 'ਚ ਸਰਕਾਰ ਦੇ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ। ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਸਾਫ ਕਿਹਾ ਕਿ ਜਿਹੜੇ ਯੂਜ਼ਰਸ ਨੇ ਹੁਣ ਤਕ ਸਾਡੀ ਨਵੀਂ ਪਾਲਿਸੀ ਸਵੀਕਾਰ ਨਹੀਂ ਕੀਤੀ, ਅਸੀਂ ਉਨ੍ਹਾਂ 'ਚੋਂ ਕਿਸੇ ਦਾ ਵੀ ਅਕਾਊਂਟ ਨਾ ਤਾਂ ਡਿਲੀਟ ਕੀਤਾ ਹੈ ਤੇ ਨਾ ਹੀ ਉਨ੍ਹਾਂ 'ਚ ਕਿਸੇ ਤਰ੍ਹਾਂ ਦਾ ਬਦਲਾਅ ਕੀਤਾ ਹੈ।'
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਵਟਸਐਪ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਉਸ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨਾਲ ਉਸ ਦੇ ਯੂਜ਼ਰਸ ਦੇ ਨਿੱਜੀ ਮੈਸੇਜਸ ਦੀ ਪ੍ਰਾਈਵੇਸੀ 'ਤੇ ਕਿਸੇ ਤਰ੍ਹਾਂ ਦਾ ਅਸਰ ਨਹੀਂ ਪਵੇਗਾ। ਦਰਅਸਲ ਇਲੈਕਟ੍ਰੌਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਵਟਸਐਪ ਨੂੰ ਆਪਣੀ ਇਸ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਵਾਪਸ ਲੈਣ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਕੰਪਨੀ ਦਾ ਇਹ ਬਿਆਨ ਸਾਹਮਣੇ ਆਇਆ ਹੈ।
ਕੰਪਨੀ ਦੇ ਬੁਲਾਰੇ ਮੁਤਾਬਕ, 'ਅਸੀਂ ਇਸ ਮਾਮਲੇ 'ਚ ਸਰਕਾਰ ਦੇ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ। ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਸਾਫ ਕਿਹਾ ਕਿ ਜਿਹੜੇ ਯੂਜ਼ਰਸ ਨੇ ਹੁਣ ਤਕ ਸਾਡੀ ਨਵੀਂ ਪਾਲਿਸੀ ਸਵੀਕਾਰ ਨਹੀਂ ਕੀਤੀ, ਅਸੀਂ ਉਨ੍ਹਾਂ 'ਚੋਂ ਕਿਸੇ ਦਾ ਵੀ ਅਕਾਊਂਟ ਨਾ ਤਾਂ ਡਿਲੀਟ ਕੀਤਾ ਹੈ ਤੇ ਨਾ ਹੀ ਉਨ੍ਹਾਂ 'ਚ ਕਿਸੇ ਤਰ੍ਹਾਂ ਦਾ ਬਦਲਾਅ ਕੀਤਾ ਹੈ।'
ਵਟਸਐਪ ਦੇ ਬੁਲਾਰੇ ਨੇ ਨਾਲ ਹੀ ਕਿਹਾ, 'ਅਸੀਂ ਕਈ ਨਵੇਂ ਵਿਕਲਪਾਂ 'ਤੇ ਕੰਮ ਕਰ ਰਹੇ ਹਾਂ ਕੇ ਸਾਡਾ ਉਦੇਸ਼ ਯੂਜ਼ਰਸ ਤਕ ਇਸ ਦੀ ਜਾਣਕਾਰੀ ਪਹੁੰਚਾਉਣਾ ਹੈ। ਸਾਡੇ ਜ਼ਿਆਦਾਤਰ ਯੂਜ਼ਰਸ ਨੇ ਇਸ ਪਾਲਿਸੀ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਕੁਝ ਲੋਕ ਹੁਣ ਤਕ ਇਸ ਨੂੰ ਆਪਣੀ ਸਹਿਮਤੀ ਨਹੀਂ ਦੇ ਸਕੇ ਤੇ ਅਸੀਂ ਉਨ੍ਹਾਂ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ।'
ਇਸ ਦੇ ਨਾਲ ਹੀ ਉਨ੍ਹਾਂ ਕਿਹਾ, 'ਆਪਣੀ ਪਾਲਿਸੀ ਦੇ ਮਹੱਤਵ ਨੂੰ ਲੈਕੇ ਅਸੀਂ ਇਨ੍ਹਾਂ ਯੂਜ਼ਰਸ ਨੂੰ ਅਗਲੇ ਕੁਝ ਦਿਨਾਂ 'ਚ ਦੁਬਾਰਾ ਰਿਮਾਇੰਡਰ ਭੇਜਾਂਗੇ। ਵਟਸਐਪ ਲੋਕਾਂ ਦੀ ਜ਼ਿੰਦਗੀ 'ਚ ਜਿਸ ਤਰ੍ਹਾਂ ਦਾ ਅਹਿਮ ਰੋਲ ਅਦਾ ਕਰ ਰਿਹਾ ਹੈ ਇਹ ਸਾਡੇ ਲਈ ਬੇਹੱਦ ਖੁਸ਼ੀ ਦੀ ਗੱਲ ਹੈ। ਸਾਡੇ ਯੂਜ਼ਰਸ ਦੇ ਪਰਸਨਲ ਮੈਸੇਜ ਤੇ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਹੈ ਤੇ ਲੋਕਾਂ ਤਕ ਆਪਣੀ ਗੱਲ ਪਹੁੰਚਾਉਣ ਦਾ ਅਸੀਂ ਹਰ ਯਤਨ ਕਰਾਂਗੇ।'
ਆਈਟੀ ਮੰਤਰਾਲੇ ਨੇ ਵਟਸਐਪ ਦੀ ਪਾਲਿਸੀ ਨੂੰ ਦੱਸਿਆ ਨਿਯਮਾਂ ਦੇ ਖਿਲਾਫ਼
ਇਲੈਕਟ੍ਰੌਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਵਾਪਸ ਲੈਣ ਦਾ ਹੁਕਮ ਦਿੱਤਾ ਹੈ। ਮੰਤਰਾਲੇ ਨੇ ਆਪਣੇ ਨੋਟਿਸ 'ਚ ਦੱਸਿਆ ਹੈ ਕਿ ਕਿਸ ਤਰ੍ਹਾਂ ਵਟਸਐਪ ਦੀ ਨਵੀਂ ਪਾਲਿਸੀ 'ਚ ਮੌਜੂਦਾ ਭਾਰਤੀ ਕਾਨੂੰਨਾਂ ਤੇ ਨਿਯਮਾਂ 'ਚ ਕਈ ਪ੍ਰਬੰਧਾਂ ਦੀ ਉਲੰਘਣਾ ਕੀਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਦੇ ਅਧਿਕਾਰਾਂ ਤੇ ਹਿੱਤਾਂ ਦੀ ਰੱਖਿਆ ਲਈ ਸਰਕਾਰ ਭਾਰਤੀ ਕਾਨੂੰਨਾਂ ਦੇ ਤਹਿਤ ਉਪਲਬਧ ਵੱਖ-ਵੱਖ ਵਿਕਲਪਾਂ 'ਤੇ ਵਿਚਾਰ ਕਰੇਗੀ।
ਮੰਤਰਾਲੇ ਨੇ ਵਟਸਐਪ ਵੱਲੋਂ ਯੂਰਪ 'ਚ ਯੂਜ਼ਰਸ ਦੇ ਮੁਕਾਬਲੇ ਭਾਰਤੀ ਯੂਜ਼ਰਸ ਦੇ ਨਾਲ ਵਿਤਕਰੇ ਭਰੇ ਵਿਵਹਾਰ ਦੇ ਮੁੱਦੇ ਨੂੰ ਵੀ ਚੁੱਕਿਆ ਹੈ। ਸਰਕਾਰ ਨੇ ਨੋਟਿਸ ਦਾ ਜਵਾਬ ਦੇਣ ਲਈ ਵਟਸਐਪ ਨੂੰ ਸੱਤ ਦਿਨ ਦਾ ਸਮਾਂ ਦਿੱਤਾ ਹੈ ਤੇ ਜੇਕਰ ਕੋਈ ਸੰਤੁਸ਼ਟੀਜਨਕ ਉੱਤਰ ਨਹੀਂ ਮਿਲਿਆ ਤਾਂ ਕਾਨੂੰਨ ਦੇ ਮੁਤਾਬਕ ਜ਼ਰੂਰੀ ਕਦਮ ਚੁੱਕਣਗੇ।