ਹੌਟਸਪੌਟ ਮੰਗ ਰਹੇ ਸਨ ਨਾਬਾਲਿਗ, ਇਨਕਾਰ ਕਰਨ 'ਤੇ ਬੈਂਕ ਮੁਲਾਜ਼ਮ ਦਾ ਕਤਲ; ਵਿਗੜੀ ਹਾਲਤ 'ਚ ਮਿਲੀ ਲਾਸ਼
Bank Employee : ਮ੍ਰਿਤਕ ਵਾਸੁਦੇਵ ਦੀ ਉਮਰ 47 ਸਾਲ ਹੈ। ਹਡਪਸਰ ਪੁਲਸ ਨੇ 20 ਸਾਲਾ ਮਯੂਰ ਭੋਸਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੇ ਤਿੰਨ ਹੋਰ ਨਾਬਾਲਗ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਵੀ ਦਰਜ ਕਰ ਲਿਆ ਹੈ।
ਮਹਾਰਾਸ਼ਟਰ ਤੋਂ ਇਕ ਸਨਸਨੀਖੇਜ਼ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਹੋਮ ਲੋਨ ਏਜੰਸੀ ਦੇ ਮੈਨੇਜਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦਾ ਕਾਰਨ ਜਾਣ ਕੇ ਲੋਕ ਹੈਰਾਨ ਹਨ। ਮੋਬਾਈਲ ਹੌਟਸਪੌਟ ਨਾ ਦੇਣ ਕਾਰਨ ਮੈਨੇਜਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਹੋਮ ਲੋਨ ਦੀ ਏਜੰਸੀ ਚਲਾ ਰਹੇ ਮੈਨੇਜਰ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ। ਮ੍ਰਿਤਕ ਦਾ ਨਾਂ ਵਾਸੂਦੇਵ ਰਾਮਚੰਦਰ ਕੁਲਕਰਨੀ ਹੈ।
ਮ੍ਰਿਤਕ ਵਾਸੁਦੇਵ ਦੀ ਉਮਰ 47 ਸਾਲ ਹੈ। ਹਡਪਸਰ ਪੁਲਸ ਨੇ 20 ਸਾਲਾ ਮਯੂਰ ਭੋਸਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੇ ਤਿੰਨ ਹੋਰ ਨਾਬਾਲਗ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਵੀ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਹਮਲਾ ਇੰਨੀ ਬੁਰੀ ਤਰ੍ਹਾਂ ਨਾਲ ਕੀਤਾ ਗਿਆ ਕਿ ਮ੍ਰਿਤਕ ਵਾਸੂਦੇਵ ਦਾ ਚਿਹਰਾ ਫਟ ਗਿਆ।
ਫੁੱਟਪਾਥ 'ਤੇ ਪਈ ਮਿਲੀ ਲਾਸ਼
ਮ੍ਰਿਤਕ ਫੁੱਟਪਾਥ 'ਤੇ ਖੂਨ ਨਾਲ ਲੱਥਪੱਥ ਪਿਆ ਸੀ ਜਦੋਂ ਰਾਹਗੀਰਾਂ ਨੇ ਉਨ੍ਹਾਂ ਨੂੰ ਦੇਖਿਆ। ਇਸ ਤੋਂ ਬਾਅਦ ਇੱਕ ਵਿਅਕਤੀ ਨੇ ਪੁਲਸ ਨੂੰ ਸੂਚਨਾ ਦਿੱਤੀ। ਹਡਪਸਰ ਪੁਲਸ ਮੌਕੇ ’ਤੇ ਪੁੱਜ ਗਈ। ਪੁਲਸ ਨੇ ਵਾਸੁਦੇਵ ਦੇ ਮੋਬਾਈਲ ਫ਼ੋਨ ਤੋਂ ਘਰ ਫ਼ੋਨ ਕਰਕੇ ਉਸ ਦੇ ਪਰਿਵਾਰ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਵਾਸੁਦੇਵ ਨੂੰ ਇਲਾਜ ਲਈ ਸਾਸੂਨ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇੱਕ ਨਿੱਜੀ ਬੈਂਕ ਦਾ ਕਰਮਚਾਰੀ ਸੀ ਮ੍ਰਿਤਕ
ਮ੍ਰਿਤਕ ਕੁਲਕਰਨੀ ਆਪਣੇ ਪਰਿਵਾਰ ਨਾਲ ਉਤਕਰਸ਼ਨਗਰ ਇਲਾਕੇ 'ਚ ਰਹਿੰਦਾ ਸੀ। ਕੁਲਕਰਨੀ ਇੱਕ ਨਿੱਜੀ ਬੈਂਕ ਵਿੱਚ ਮੁਲਾਜ਼ਮ ਸੀ। ਐਤਵਾਰ ਰਾਤ ਕਰੀਬ 10.30 ਵਜੇ ਜਦੋਂ ਉਹ ਸੈਰ ਕਰਨ ਲਈ ਬਾਹਰ ਨਿਕਲਿਆ ਸੀ ਤਾਂ ਫੁੱਟਪਾਥ 'ਤੇ ਬੈਠੇ ਨਾਬਾਲਗਾਂ ਨੇ ਉਸ ਨੂੰ ਮੋਬਾਈਲ 'ਤੇ ਹੌਟਸਪੌਟ ਲਈ ਕਿਹਾ ਪਰ ਕੁਲਕਰਨੀ ਨੇ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਕੁਲਕਰਨੀ 'ਤੇ ਅਪਰਾਧੀ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਮਲਾ ਕਰਨ ਤੋਂ ਬਾਅਦ ਨਾਬਾਲਗ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀ ਤਿੰਨ ਖਿਲਾਫ ਜਾਂਚ ਕੀਤੀ ਜਾ ਰਹੀ ਹੈ।