ਬੱਬਰ ਖਾਲਸਾ ਦੀ ਸਾਜ਼ਿਸ਼ ਨਾਕਾਮ, ਪੰਜਾਬ ਪੁਲਿਸ ਦੀ ਵੱਡੀ ਕਾਰਵਾਈ
ਪੰਜਾਬ ਪੁਲਿਸ ਨੇ ਆਜ਼ਾਦੀ ਦਿਵਸ (15 ਅਗਸਤ) 'ਤੇ ਬੱਬਰ ਖਾਲਸਾ ਦੀ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਫਿਰੋਜ਼ਪੁਰ ਵਿੱਚ ਕਾਊਂਟਰ ਇੰਟੈਲੀਜੈਂਸ ਟੀਮ ਨੇ ਸੂਚਨਾ ਦੇ ਆਧਾਰ 'ਤੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਇਹ ਅੱਤਵਾਦੀ ਯੋਜਨਾ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਆਪਰੇਟਿਵ ਹਰਵਿੰਦਰ ਰਿੰਦਾ ਨੇ ਰਚੀ ਸੀ, ਜੋ ਪਾਕਿਸਤਾਨ ਵਿੱਚ ਲੁਕਿਆ ਹੋਇਆ ਸੀ, ਜਿਸਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਸਮਰਥਨ ਪ੍ਰਾਪਤ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਯੂਕੇ, ਅਮਰੀਕਾ ਤੇ ਯੂਰਪ ਵਿੱਚ ਸਥਿਤ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਉਹ ਗ੍ਰਨੇਡਾਂ ਦੀ ਵਰਤੋਂ ਕਰਕੇ ਸਰਕਾਰੀ ਦਫਤਰਾਂ ਤੇ ਪ੍ਰੋਗਰਾਮਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਸਨ।
ਗ੍ਰਿਫ਼ਤਾਰੀ ਦੌਰਾਨ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਹੱਥਗੋਲੇ, ਇੱਕ ਬੇਰੇਟਾ 9 ਐਮਐਮ ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ ਸਿਰ ਕਾਰਵਾਈ ਕਰਕੇ, ਇੱਕ ਵੱਡਾ ਅੱਤਵਾਦੀ ਹਮਲਾ ਟਾਲਿਆ ਗਿਆ, ਜਿਸ ਨਾਲ ਆਜ਼ਾਦੀ ਦਿਵਸ ਦੇ ਜਸ਼ਨਾਂ ਤੇ ਪੰਜਾਬ ਦੀ ਸੁਰੱਖਿਆ ਲਈ ਇੱਕ ਗੰਭੀਰ ਖ਼ਤਰਾ ਟਲ ਗਿਆ।






















