SYL Canal Dispute: ਐਸਵਾਈਐਲ 'ਤੇ ਸੀਐਮ ਭਗਵੰਤ ਮਾਨ ਤੇ ਖੱਟਰ ਨੇ ਕੀਤਾ ਮੰਥਨ, ਨਹੀਂ ਬਣੀ ਕੋਈ ਸਹਿਮਤੀ
SYL Canal Dispute: ਐਸਵਾਈਐਲ 'ਤੇ ਸੀਐਮ ਭਗਵੰਤ ਮਾਨ ਤੇ ਖੱਟਰ ਨੇ ਕੀਤਾ ਮੰਥਨ, ਨਹੀਂ ਬਣੀ ਕੋਈ ਸਹਿਮਤੀ
SYL Canal Dispute: ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਮਸਲੇ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਚਾਲੇ ਮੀਟਿੰਗ ਹੋਈ। ਇਸ ਦੌਰਾਨ ਪੰਜਾਬ ਤੇ ਹਰਿਆਣਾ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਵਿੱਚ ਵਿਚਾਰੇ ਗਏ ਤੱਥਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਪਰ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਸੂਬਿਆਂ ਵਿਚਾਲੇ ਅਜੇ ਕੋਈ ਸਹਿਮਤੀ ਨਹੀਂ ਬਣੀ।
ਇਹ ਮੀਟਿੰਗ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ਵਿੱਚ ਹੋਈ। ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਦੋਵਾਂ ਮੁੱਖ ਮੰਤਰੀਆਂ ਨੂੰ ਇਸ ਮਾਮਲੇ ’ਤੇ ਮਿਲਣ ਤੇ ਸੁਖਾਵੇਂ ਹੱਲ ਕੱਢਣ ਲਈ ਕਿਹਾ ਗਿਆ ਸੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਅੱਜ ਸਿਰਫ਼ ਨਹਿਰ ਦੇ ਨਿਰਮਾਣ 'ਤੇ ਗੱਲਬਾਤ ਹੋਈ ਹੈ। ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਪਾਣੀਆਂ ਸਬੰਧੀ ਗੱਲਬਾਤ ਬਾਅਦ ਵਿੱਚ ਕੀਤੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਦੀ ਸਲਾਹ
ਕੈਪਟਨ ਨੇ ਕਿਹਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਪਹਿਲਾਂ ਸਾਰਿਆਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ। ਕੈਪਟਨ ਨੇ ਭਗਵੰਤ ਮਾਨ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਮੁੱਦੇ ’ਤੇ ਸਪੱਸ਼ਟ ਹੋਣਾ ਪਵੇਗਾ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ। ਕੈਪਟਨ ਅਮਰਿੰਦਰ ਨੇ ਉਮੀਦ ਪ੍ਰਗਟਾਈ ਹੈ ਕਿ ਭਗਵੰਤ ਮਾਨ ਪੰਜਾਬ ’ਚ ਪਾਣੀ ਦੇ ਸੰਕਟ ਦੀ ਜ਼ਮੀਨੀ ਸਥਿਤੀ ਤੋਂ ਜਾਣੂ ਹਨ।