ਪੰਜਾਬ 'ਚ ਅੱਜ ਹੋ ਰਿਹਾ ਵੱਡਾ ਐਕਸ਼ਨ, 1 ਮਹੀਨੇ 'ਚ ਖਤਮ ਕਰੇਗੀ ਨਸ਼ਾ ਸਰਕਾਰ
ਪੰਜਾਬ 'ਚ ਅੱਜ ਹੋ ਰਿਹਾ ਵੱਡਾ ਐਕਸ਼ਨ, 1 ਮਹੀਨੇ 'ਚ ਖਤਮ ਕਰੇਗੀ ਨਸ਼ਾ ਸਰਕਾਰ
ਪੰਜਾਬ ਪੁਲੀਸ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਦੇ ਵਿਰੁੱਧ’ ਮੁਹਿੰਮ ਤਹਿਤ ਸਰਚ ਅਪਰੇਸ਼ਨ ਚਲਾ ਕੇ 798 ਥਾਵਾਂ ’ਤੇ ਛਾਪੇ ਮਾਰੇ। ਇਸ ਦੌਰਾਨ 8,368 ਤੋਂ ਵੱਧ ਪੁਲੀਸ ਮੁਲਾਜ਼ਮਾਂ ਨੇ 369 ਡਰੱਗ ਹੌਟਸਪੌਟਾਂ ਤੋਂ 8.14 ਕਿਲੋ ਹੈਰੋਇਨ, 1.21 ਕਿਲੋ ਅਫੀਮ ਅਤੇ 8.02 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਇਸ ਦੇ ਨਾਲ ਵੱਖ-ਵੱਖ ਥਾਣਿਆਂ ਵਿੱਚ 232 ਕੇਸ ਦਰਜ ਕਰ ਕੇ 290 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਿੰਨ ਮਹੀਨਿਆਂ ਵਿੱਚ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਸਬੰਧੀ ਦਿੱਤੇ ਹੁਕਮਾਂ ਮਗਰੋਂ ਇਹ ਅਪਰੇਸ਼ਨ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਛਾਪੇ ਸਾਰੇ 28 ਪੁਲੀਸ ਜ਼ਿਲ੍ਹਿਆਂ ’ਚ ਸਵੇਰੇ 9 ਤੋਂ ਬਾਅਦ ਦੁਪਹਿਰ 1 ਵਜੇ ਤੱਕ ਮਾਰੇ ਗਏ। ਚਾਰ ਘੰਟੇ ਚੱਲੇ ਇਸ ਅਪਰੇਸ਼ਨ ਦੌਰਾਨ 8.14 ਕਿਲੋਗ੍ਰਾਮ ਹੈਰੋਇਨ, 1.21 ਕਿਲੋਗ੍ਰਾਮ ਅਫੀਮ, 3.5 ਕਿਲੋਗ੍ਰਾਮ ਗਾਂਜਾ, 19 ਕਿਲੋਗ੍ਰਾਮ ਭੁੱਕੀ, 700 ਗ੍ਰਾਮ ਚਰਸ, 16,238 ਨਸ਼ੀਲੀਆਂ ਗੋਲੀਆਂ, ਕੈਪਸੂਲ, ਟੀਕੇ ਅਤੇ 8.02 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਡੀਜੀਪੀ ਨੇ ਕਿਹਾ ਕਿ ਛਾਪਿਆਂ ਦੌਰਾਨ 232 ਕੇਸ ਦਰਜ ਕਰ ਕੇ 290 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਟੀਮਾਂ ਨੇ 2000 ਤੋਂ ਵੱਧ ਮਸ਼ਕੂਕਾਂ ਦੀ ਚੈਕਿੰਗ ਕੀਤੀ ਅਤੇ 27 ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲੀਸ ਨੇ ਪੰਜ ਭਗੌੜੇ ਅਪਰਾਧੀਆਂ (ਪੀਓ) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਡੀਜੀਪੀ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਦਿਸ਼ਾ ਵਿੱਚ ਪਹਿਲਕਦਮੀ ਭਵਿੱਖ ਵਿੱਚ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਪੈਸ਼ਲ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਖੁਦ ਮੁਹਾਲੀ ਦੇ ਬਲੌਂਗੀ ’ਚ ਐੱਸਐੱਸਪੀ ਦੀਪਕ ਪਾਰਿਕ ਨਾਲ ਛਾਪਾ ਮਾਰਨ ਪਹੁੰਚੇ ਸਨ। ਇਸੇ ਤਰ੍ਹਾਂ ਹੋਰ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਵੀ ਵੱਖ-ਵੱਖ ਥਾਵਾਂ ’ਤੇ ਟੀਮਾਂ ਦੀ ਅਗਵਾਈ ਕੀਤੀ।






















