Mohali Murder|ਪਰਵਾਸੀਆਂ ਦੇ ਹਮਲੇ 'ਚ ਜ਼ਖ਼ਮੀ ਦੂਜੇ ਨੌਜਵਾਨ ਦੀ ਵੀ ਮੌਤ, ਛਾਉਣੀ ਬਣਿਆ ਮੁਹਾਲੀ ਦਾ ਪਿੰਡ ਕੁੰਭੜਾ
ਪਰਵਾਸੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਵਿੱਚ ਜ਼ਖ਼ਮੀ ਦਿਲਪ੍ਰੀਤ ਸਿੰਘ (16) ਦੀ ਵੀ ਮੌਤ ਹੋਣ ਮਗਰੋਂ ਮੁਹਾਲੀ ਦੇ ਸੈਕਟਰ-68 ਵਿੱਚ ਮੁੜ ਮਾਹੌਲ ਤਣਾਅ ਵਾਲਾ ਬਣ ਗਿਆ ਹੈ। ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਹੈ। ਪਿੰਡ ਕੁੰਭੜਾ 'ਚ ਪੁਲਿਸ ਅਲਰਟ ਮੋਡ 'ਤੇ ਹੈ। ਸਾਵਧਾਨੀ ਦੇ ਤੌਰ 'ਤੇ ਪੁਲਿਸ ਕੁੰਭੜਾ ਤੇ ਏਅਰਪੋਰਟ ਰੋਡ 'ਤੇ ਨਜ਼ਰ ਰੱਖ ਰਹੀ ਹੈ। 250 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ ਸੀਨੀਅਰ ਪੁਲਿਸ ਅਧਿਕਾਰੀ ਵੀ ਸਾਰੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ।
ਦੱਸ ਦਈਏ ਕਿ ਮੁਹਾਲੀ ਦੇ ਸੈਕਟਰ-68 (ਪਿੰਡ ਕੁੰਭੜਾ) ਵਿੱਚ ਪਿਛਲੇ ਦਿਨੀਂ ਪਰਵਾਸੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਿੱਚ ਜ਼ਖ਼ਮੀ ਹੋਏ ਦਿਲਪ੍ਰੀਤ ਸਿੰਘ (16) ਨੇ ਵੀ ਵੀਰਵਾਰ ਸ਼ਾਮ ਪੀਜੀਆਈ ਵਿੱਚ ਦਮ ਤੋੜ ਦਿੱਤਾ, ਜਦੋਂਕਿ ਉਸ ਦੇ ਦੋਸਤ ਦਮਨਪ੍ਰੀਤ ਸਿੰਘ (17) ਦੀ ਘਟਨਾ ਵਾਲੇ ਦਿਨ 13 ਨਵੰਬਰ ਨੂੰ ਹੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਪਰ ਦੋ ਹਾਲੇ ਫ਼ਰਾਰ ਹਨ। ਸਾਰੇ ਹਮਲਾਵਰ ਕੁੰਭੜਾ ਦੇ ਪੀਜੀ ਵਿੱਚ ਰਹਿੰਦੇ ਸਨ।