Punjab Weather : ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਸਾਹ ਰੋਕੇ
Punjab Weather : ਜਿੱਥੇ ਪੰਜਾਬ ਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਨੇ ਸੂਬੇ ਦੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਉਥੇ ਹੀ ਹਲਕਾ ਸਮਰਾਲਾ ਦੇ ਕਿਸਾਨਾਂ ਦੀਆਂ ਫਸਲਾਂ ਤੇ ਇਹ ਬਰਸਾਤ ਆਫਤ ਬਣ ਕੇ ਬਰਸੀ ਹੈ, ਇਸ ਤੇਜ਼ ਬਾਰਸ਼ ਨੇ ਲੱਖਾਂ ਏਕੜ ਖੇਤਾਂ ਚ ਖੜੀ ਝੋਨੇ ਅਤੇ ਹੋਰ ਫਸਲਾਂ ਦੀ ਭਾਰੀ ਬਰਬਾਦੀ ਕਰਕੇ ਰੱਖ ਦਿੱਤੀ। ਇਸ ਬੇਮੌਸਮੀ ਬਰਸਾਤ ਨੇ ਝੋਨੇ ਤੋਂ ਬਾਅਦ ਆਲੂ ਅਤੇ ਸਬਜ਼ੀਆਂ ਦੀ ਕਾਸ਼ਤ ਦਾ ਵੱਡਾ ਨੁਕਸਾਨ ਕੀਤਾ ਹੈ ।ਭਾਰੀ ਮੀਂਹ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਝੋਨੇ ਦੀ ਪੱਕ ਕੇ ਤਿਆਰ ਖੜ੍ਹੀ ਫਸਲ ਮੀਂਹ ਦੇ ਪਾਣੀ ਵਿੱਚ ਡੇਗ ਦਿੱਤੀ ਹੈ, ਜਿਸ ਕਾਰਨ ਇਨ੍ਹਾਂ ਫਸਲਾਂ ਦਾ ਸੌ ਫ਼ੀਸਦੀ ਨੁਕਸਾਨ ਹੋ ਚੁੱਕਾ ਹੈ। ਸਮਰਾਲਾ ਤੋਂ ਇਲਾਵਾ ਕਈ ਇਲਾਕਿਆਂ ਵਿੱਚ ਕਿਸਾਨਾਂ ਵੱਲੋਂ ਬੀਜੀ ਗਈ ਆਲੂ ਦੀ ਫਸਲ ਅਤੇ ਹੋਰ ਸਬਜ਼ੀਆਂ ਦੀ ਕਾਸ਼ਤ ਦੇ ਉੱਪਰ ਦੀ ਮੀਂਹ ਦਾ ਪਾਣੀ ਲੰਘ ਜਾਣ ਕਾਰਨ ਇਹ ਫ਼ਸਲਾਂ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀਆਂ ਹਨ। ਸਮਰਾਲਾ ਦੇ ਇਲਾਕੇ ਵਿਚ ਇਸ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਅੱਜ ਤੀਜੇ ਦਿਨ ਮੌਸਮ ਕੁਝ ਦੇਰ ਲਈ ਸਾਫ ਹੋਣ ਤੋਂ ਬਾਅਦ ਇਸ ਇਲਾਕੇ ਦੇ ਕਿਸਾਨ ਕੁਦਰਤੀ ਆਫ਼ਤ ਤੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਪਾਣੀ ਨਾਲ ਭਰੇ ਖੇਤ ਖਾਲੀ ਕਰਨ ਵਿੱਚ ਰੁੱਝੇ ਹੋਏ ਹਨ।