ਨਸ਼ਾ ਤਸਕਰੀ ਦਾ ਨਵਾਂ ਜੁਗਾੜ! ਐਂਬੂਲੈਂਸ ਦੀ ਆਢ 'ਚ ਨਸ਼ਾ ਸਪਲਾਈ, ਪੁਲਿਸ ਵੱਲੋਂ 8 ਕਿਲੋ ਅਫ਼ੀਮ ਬਰਾਮਦ
ਚੰਡੀਗੜ੍ਹ: ਪੰਜਾਬ ਵਿੱਚ ਨਸ਼ਾ ਤਸਕਰੀ ਬਾਰੇ ਵੱਡਾ ਖੁਲਾਸਾ ਹੋਇਆ ਹੈ। ਐਂਬੂਲੈਂਸ ਦੀ ਆਢ ਹੇਠ ਨਸ਼ਾ ਸਪਲਾਈ ਹੋ ਰਿਹਾ ਸੀ। ਮੁਹਾਲੀ ਪੁਲਿਸ ਨੇ ਇਸ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਐਂਬੂਲੈਂਸ ਰਾਹੀਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਕੇ 8 ਕਿਲੋ ਅਫ਼ੀਮ ਬਰਾਮਦ ਕੀਤੀ ਹੈ। ਇਸ ਸਬੰਧੀ ਤਿੰਨ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁਹਾਲੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਐਸਪੀ (ਡੀ) ਅਮਨਦੀਪ ਸਿੰਘ ਬਰਾੜ ਤੇ ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਆਗਵਾਈ ਵਾਲੀ ਟੀਮ ਨੇ ਅੰਬਾਲਾ-ਚੰਡੀਗੜ੍ਹ ਹਾਈਵੇਅ ਪਿੰਡ ਦੱਪਰ ਨੇੜੇ ਟੌਲ ਪਲਾਜ਼ਾ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਅੰਬਾਲਾ ਤੋਂ ਆ ਰਹੀ ਐਂਬੂਲੈਸ ਵੈਨ ਨੂੰ ਰੋਕ ਕੇ ਚੈਕਿੰਗ ਕੀਤੀ ਗਈ।
ਐਂਬੂਲੈਂਸ ਵਿੱਚ ਇੱਕ ਵਿਅਕਤੀ ਮਰੀਜ਼ ਦੀ ਤਰ੍ਹਾਂ ਲੰਮਾ ਪਿਆ ਸੀ ਅਤੇ ਦੂਜਾ ਉਸ ਨਾਲ ਦੇਖਭਾਲ ਲਈ ਬੈਠਾ ਹੋਇਆ ਸੀ। ਐਂਬੂਲੈਂਸ ਵੈਨ ਵਿੱਚ ਮੈਡੀਕਲ ਟੀਮ ਦਾ ਮੈਂਬਰ ਨਾ ਹੋਣ ਕਰਕੇ ਅਤੇ ਨਾ ਹੀ ਕੋਈ ਐਂਬੂਲੈਸ ਵਿੱਚ ਆਕਸੀਜਨ ਸਿਲੰਡਰ, ਫਸਟ-ਏਡ ਕਿੱਟ ਸੀ। ਸ਼ੱਕ ਪੈਣ ’ਤੇ ਐਂਬੂਲੈਸ ਨੂੰ ਚੈਕ ਕਰਨ ’ਤੇ ਮਰੀਜ਼ ਬਣੇ ਵਿਅਕਤੀ ਦੇ ਸਿਰਹਾਣੇ ਦੀ ਤਲਾਸ਼ੀ ਕਰਨ 'ਤੇ ਉਸ ਵਿੱਚ 8 ਕਿੱਲੋ ਅਫੀਮ ਬਰਾਮਦ ਕੀਤੀ ਗਈ।
ਚਾਲਕ ਸਮੇਤ ਤਿੰਨਾਂ ਵਿਅਕਤੀਆਂ ਖਿਲਾਫ਼ ਲਾਲੜੂ ਥਾਣੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਪਾ ਲਈ ਗਈ। ਐਸਐਸਪੀ ਸੋਨੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰਵੀ ਸ੍ਰੀਵਾਸਤਵ, ਹਰਿੰਦਰ ਸ਼ਰਮਾ ਤੇ ਅੰਕੁਸ਼ ਵਜੋਂ ਕੀਤੀ ਗਈ ਹੈ।