Commonwealth Games 'ਚ ਮੈਡਲ ਜਿੱਤਣ ਬਾਅਦ ਗੁਰਦੀਪ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ
Gurdeep Singh in Commonwealth Games: ਖੰਨਾ ਦੇ ਪਿੰਡ ਮਾਜਰੀ ਰਸੂਲਦਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਵੇਟ ਲਿਫਟਿੰਗ 109 ਪਲੱਸ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਸਮੇਤ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਗੁਰਦੀਪ ਦੇ ਮੈਡਲ ਜਿੱਤਣ ਤੋਂ ਬਾਅਦ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ਪਿਤਾ ਭਾਗ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਗੁਰਦੀਪ ਦੀ ਕਾਮਯਾਬੀ ਪਿੱਛੇ ਉਸ ਦੀ ਬਹੁਤ ਤਪੱਸਿਆ ਸੀ। ਉਸ ਨੇ 2009 ਤੋਂ ਇਸ ਖੇਡ ਦੀ ਸ਼ੁਰੂਆਤ ਕੀਤੀ ਸੀ, ਅੱਜ ਉਸ ਨੇ 109 ਪਲੱਸ ਵਰਗ ਵਿੱਚ ਦੇਸ਼ ਲਈ ਪਹਿਲਾ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਗੁਰਦੀਪ ਦੀ ਭੈਣ ਨੇ ਦੱਸਿਆ ਕਿ ਭਰਾ ਨੇ ਜਾਂਦੇ ਸਮੇਂ ਮੈਡਲ ਲਿਆਉਣ ਦਾ ਵਾਅਦਾ ਕੀਤਾ ਸੀ, ਅੱਜ ਮੈਡਲ ਜਿੱਤ ਕੇ ਤੋਹਫ਼ਾ ਦਿੱਤਾ ਹੈ, ਜਦੋਂ ਭਰਾ ਵਾਪਸ ਆਵੇਗਾ ਤਾਂ ਇਕੱਠੇ ਜਸ਼ਨ ਮਨਾਵਾਂਗੇ। ਦੂਜੇ ਪਾਸੇ ਗੁਰਦੀਪ ਸਿੰਘ ਨੇ ਮੈਡਲ ਜਿੱਤਣ ਤੋਂ ਬਾਅਦ ਵੀਡੀਓ ਕਾਲ 'ਤੇ ਗੱਲਬਾਤ ਕਰਦਿਆਂ ਗੁਰਦੀਪ ਨੇ ਕਿਹਾ ਕਿ ਉਹ ਦੇਸ਼ ਲਈ ਮੈਡਲ ਜਿੱਤ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹੈ।