ਡੀਜੇ ਦੀ ਆਵਾਜ਼ ਨਾਲ ਮਰ ਗਈਆਂ 63 ਮੁਰਗੀਆਂ, ਪੋਲਟਰੀ ਮਾਲਕ ਨੇ FIR ਦਰਜ ਕਰਵਾ ਮੰਗਿਆ ਮੁਆਵਜ਼ਾ
ਓੜੀਸਾ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਓੜੀਸਾ ਦੇ ਬਾਲਾਸੌਰ ਜ਼ਿਲ੍ਹੇ ਵਿੱਚ ਪੋਲਟਰੀ ਫਾਰਮ ਚਲਾਉਣ ਵਾਲੇ ਸ਼ਖਸ ਨੇ ਗੰਭੀਰ ਇਲਜ਼ਾਮ ਲਗਾਏ ਹਨ।
ਨਵੀਂ ਦਿੱਲੀ: ਓੜੀਸਾ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਓੜੀਸਾ ਦੇ ਬਾਲਾਸੌਰ ਜ਼ਿਲ੍ਹੇ ਵਿੱਚ ਪੋਲਟਰੀ ਫਾਰਮ ਚਲਾਉਣ ਵਾਲੇ ਸ਼ਖਸ ਨੇ ਗੰਭੀਰ ਇਲਜ਼ਾਮ ਲਗਾਏ ਹਨ। ਪੋਲਟਰੀ ਫਾਰਮ ਮਾਲਕ ਦਾ ਦਾਅਵਾ ਹੈ ਕਿ ਡੀਜੇ ਦੀ ਤੇਜ਼ ਆਵਾਜ਼ ਨਾਲ ਉਸ ਦੀਆਂ 63 ਮੁਰਗੀਆਂ ਮਰ ਗਈਆਂ ਹਨ।
ਮੁਰਗੀਆਂ ਦੇ ਮਾਲਕ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਪਿੰਡ ਇੱਕ ਬਾਰਾਤ ਆਈ ਸੀ, ਜਿਸ ਵਿੱਚ ਤੇਜ਼ ਡੀਜੇ ਵੱਜ ਰਿਹਾ ਸੀ, ਜਿਸ ਕਾਰਨ ਉਸ ਦੀਆਂ 63 ਮੁਰਗੀਆਂ ਦੀ ਮੌਤ ਹੋ ਗਈ। ਮਾਲਕ ਨੇ ਕਿਹਾ ਕਿ ਉਸ ਨੇ ਉੱਥੇ ਜਾ ਕਿ ਉਨ੍ਹਾਂ ਨੂੰ ਆਵਾਜ਼ ਘੱਟ ਕਰਨ ਲਈ ਵੀ ਕਿਹਾ ਪਰ ਲੋਕਾਂ ਨੇ ਉਸ ਨੂੰ ਗਾਲਾਂ ਕੱਢ ਕੇ ਉਥੋਂ ਭਜਾ ਦਿੱਤਾ। ਇਸ ਤੋਂ ਬਾਅਦ ਉਸ ਨੇ ਖੇਤ ਵਿੱਚ ਵੇਖਿਆ ਤਾਂ ਉਸ ਦੀਆਂ 63 ਮੁਰਗੀਆਂ ਦੀ ਮੌਤ ਹੋ ਚੁੱਕੀ ਸੀ।
ਬਾਲਾਸੌਰ ਜ਼ਿਲ੍ਹੇ ਦੇ ਨੀਲਾਗਿਰੀ ਥਾਣੇ ਅਧੀਨ ਆਉਂਦੇ ਕੰਡਾਗਰਾਡੀ ਪਿੰਡ ਦੇ ਰਣਜੀਤ ਪਰੀਦਾ ਨੇ ਸੋਮਵਾਰ ਨੂੰ ਇੱਕ FIR ਦਰਜ ਕਰਵਾ ਕੇ ਇਲਜ਼ਾਮ ਲਾਏ ਹਨ ਕਿ ਐਤਵਾਰ ਨੂੰ ਰਾਤ ਆਈ ਬਾਰਾਤ ਨੇ ਤੇਜ਼ ਡੀਜੇ ਵਜਾਇਆ ਜਿਸ ਨਾਲ ਉਸ ਦੀਆਂ 63 ਮੁਰਗੀਆਂ ਦੀ ਮੌਤ ਹੋ ਗਈ।
ਮੁਰਗੀ ਪਾਲਨ ਕਰਨ ਵਾਲੇ ਕਿਸਾਨ ਨੇ ਕਿਹਾ ਕਿ ਜਦੋਂ ਅਗਲੀ ਸਵੇਰੇ ਲੜਕੀ ਦੇ ਪਰਿਵਾਰ ਨੂੰ ਮੁਰਗੀਆਂ ਦੇ ਮਰਨ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਪਰੀਦਾ ਨੇ ਕਿਹਾ, "ਤੇਜ਼ ਆਵਾਜ਼ ਦੇ ਕਾਰਨ ਲਗਭਗ ਮੇਰੇ 150 ਕਿਲੋ ਚਿਕਨ ਦਾ ਨੁਕਸਾਨ ਹੋਇਆ ਹੈ ਕਿਉਂਕਿ ਮੁਰਗੀਆਂ ਸਦਮੇ 'ਚ ਮਰ ਗਈਆਂ।"