ਚੋਰ ਨੇ ਨਿਗਲੀ ਸੋਨੇ ਦੀ ਚੇਨ, ਪੁਲਿਸ ਨੇ ਕੀਤਾ ਕੇਲੇ ਖਾਣ ਲਈ ਮਜਬੂਰ
ਬੰਗਲੌਰ ਵਿੱਚ ਤਿੰਨ ਚੋਰ ਸੜਕ 'ਤੇ ਚੱਲ ਰਹੀਆਂ ਔਰਤਾਂ ਨਾਲ ਚੇਨ ਸਨੈਚਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸੀ। ਇੱਕ ਦਿਨ ਚੋਰਾਂ 'ਚੋਂ ਇੱਕ ਨੂੰ ਭੀੜ ਨੇ ਫੜ ਲਿਆ। ਇਸ ਤੋਂ ਬਾਅਦ ਉਸ ਨੇ ਚੋਰੀ ਕੀਤੀ ਸੋਨੇ ਦੀ ਚੇਨ ਨਿਗਲ ਲਈ।
ਬੰਗਲੌਰ: ਤੁਸੀਂ ਚੋਰੀ ਦੀਆਂ ਕਈ ਘਟਨਾਵਾਂ ਬਾਰੇ ਸੁਣਿਆ ਹੋਵੇਗਾ। ਚੋਰ ਚੋਰੀ ਕਰਨ ਲਈ ਕਈ ਤਰ੍ਹਾਂ ਦੀਆਂ ਚਾਲਾਂ ਦੀ ਵਰਤੋਂ ਕਰਦੇ ਹਨ ਪਰ ਬੰਗਲੌਰ ਦੇ ਇੱਕ ਚੋਰ ਦੀ ਅਜੀਬ ਹਰਕਤ ਸਾਹਮਣੇ ਆਈ। ਦਰਅਸਲ, ਇੱਕ ਚੋਰ ਨੇ ਸੜਕ 'ਤੇ ਜਾ ਰਹੀ ਇੱਕ ਔਰਤ ਦੀ ਸੋਨੇ ਦੀ ਚੇਨ ਖੋਹ ਲਈ ਤੇ ਫਿਰ ਇਸ ਨੂੰ ਨਿਗਲ ਲਿਆ। ਜਦੋਂ ਪੁਲਿਸ ਨੇ ਚੋਰ ਦਾ ਐਕਸਰੇ ਕਰਵਾਇਆ ਤਾਂ ਇਸ ਬਾਰੇ ਪਤਾ ਲੱਗਿਆ।
ਇਸ ਤਰ੍ਹਾਂ ਚੋਰੀ ਹੋਈ
ਟਾਈਮਜ਼ ਆਫ਼ ਇੰਡੀਆ ਵਿੱਚ ਪ੍ਰਕਾਸ਼ਤ ਖ਼ਬਰਾਂ ਮੁਤਾਬਕ, ਚੋਰੀ ਦੀ ਇਹ ਘਟਨਾ ਬੰਗਲੁਰੂ ਸ਼ਹਿਰ ਦੀ ਹੈ। ਜਾਣਕਾਰੀ ਅਨੁਸਾਰ ਤਿੰਨ ਚੋਰ ਵਿਜੇ, ਸੰਜੇ ਤੇ ਪ੍ਰੇਮ ਸੜਕ ਤੋਂ ਲੰਘ ਰਹੀਆਂ ਔਰਤਾਂ ਦੀਆਂ ਜ਼ੰਜੀਰਾਂ ਖੋਹ ਲੈਂਦੇ ਸੀ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਸੀ। ਇਸੇ ਅੰਦਾਜ਼ 'ਚ ਇਨ੍ਹਾਂ ਤਿੰਨਾਂ ਨੇ ਸ਼ਹਿਰ ਦੇ ਸਿਟੀ ਮਾਰਕਿਟ ਇਲਾਕੇ 'ਚ ਹੇਮਾ ਨਾਂ ਦੀ ਔਰਤ ਤੋਂ ਚੇਨ ਖੋਹ ਲਈ ਤੇ ਭੱਜਣ ਦੀ ਕੋਸ਼ਿਸ਼ ਕੀਤੀ।
ਇਸੇ ਦੌਰਾਨ ਔਰਤ ਨੇ ਰੌਲਾ ਪਾਉਣਾ ਸ਼ੁਰੂ ਕੀਤਾ, ਜਿਸ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਪ੍ਰੇਮ ਤੇ ਸੰਜੇ ਮੌਕੇ ਤੋਂ ਫਰਾਰ ਹੋ ਗਏ ਪਰ ਵਿਜੇ ਫੜਿਆ ਗਿਆ। ਵਿਜੇ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ ਪਰ ਔਰਤ ਦੀ ਸੋਨੇ ਦੀ ਚੇਨ ਉਸ ਕੋਲੋਂ ਬਰਾਮਦ ਨਹੀਂ ਹੋ ਸਕੀ। ਬਾਅਦ ਵਿੱਚ ਚੋਰ ਨੂੰ ਪੁਲਿਸ ਲੈ ਗਈ।
ਐਕਸ-ਰੇ ਤੋਂ ਬਾਅਦ ਹੋਇਆ ਖੁਲਾਸਾ
ਚੋਰ ਨੂੰ ਘਟਨਾ ਦੇ ਸਮੇਂ ਕੁੱਟਮਾਰ ਕਾਰਨ ਕਾਫੀ ਸੱਟਾਂ ਲੱਗੀਆਂ ਸੀ, ਜਿਸਦੇ ਲਈ ਪੁਲਿਸ ਨੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਜਦੋਂ ਉਸਦਾ ਐਕਸ-ਰੇ ਕੀਤਾ ਗਿਆ, ਤਾਂ ਹਰ ਕੋਈ ਹੈਰਾਨ ਰਹਿ ਗਿਆ। ਐਕਸ-ਰੇ ਵਿੱਚ ਚੋਰ ਦੇ ਢਿੱਡ ਵਿੱਚ ਚੋਰੀ ਹੋਈ ਚੇਨ ਨਜ਼ਰ ਆਈ। ਚੋਰ ਨੇ ਪੁਲਿਸ ਤੋਂ ਬਚਣ ਲਈ ਚੋਰੀ ਕੀਤੀ ਸੋਨੇ ਦੀ ਚੇਨ ਨਿਗਲ ਲਈ।
ਜਿਸ ਤੋਂ ਬਾਅਦ ਚੋਰੀ ਹੋਈ ਚੇਨ ਬਰਾਮਦ ਕਰਨ ਲਈ ਡਾਕਟਰਾਂ ਅਤੇ ਪੁਲਿਸ ਨੇ ਚੋਰ ਨੂੰ ਕੇਲੇ ਅਤੇ ਕੁਝ ਸਾਫਟ ਡਰਿੰਕਸ ਪਿਲਾਏ। ਜਿਸਦੇ ਬਾਅਦ ਜਦੋਂ ਚੋਰ ਬਾਥਰੂਮ ਵਿੱਚ ਗਿਆ ਤਾਂ ਚੇਨ ਬਾਹਰ ਆ ਗਈ। ਪੁਲਿਸ ਨੇ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: Afghan Sikhs Hindus Evacuation: ਕਾਬੁਲ 'ਚ ਫਸੇ ਹਿੰਦੂ-ਸਿੱਖ ਅਮਰੀਕਾ-ਕੈਨੇਡਾ ਜਾਣ ਦੇ ਇੱਛੁਕ, ਛੱਡ ਰਹੇ ਭਾਰਤ ਦੀ ਉਡਾਣ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin