ਵਾਰੇ-ਵਾਰੇ ਜਾਈਏ! ਰੇਲਵੇ ਲਾਈਨ ਵਿਚਕਾਰ ਟਰੈਕ 'ਤੇ ਹੀ ਲਾ ਦਿੱਤਾ ਖੰਭਾ, ਜਾਣੋ ਇਸ ਦੀ ਸੱਚਾਈ
ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਰਾਹੁਲ ਸ੍ਰੀਵਾਸਤਵ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਾ ਤਾਂ ਇਹ ਇੰਜਨੀਅਰਿੰਗ ਦਾ ਨੁਕਸ ਹੈ ਅਤੇ ਨਾ ਹੀ ਠੇਕੇਦਾਰ ਦੀ ਲਾਪਰਵਾਹੀ, ਸਗੋਂ ਇਹ ਰੇਲਵੇ ਟਰੈਕ ਆਰਜ਼ੀ ਤੌਰ 'ਤੇ ਵਿਛਾਇਆ ਗਿਆ ਹੈ।
ਜਬਲਪੁਰ : ਭਾਰਤੀ ਰੇਲਵੇ ਆਪਣੀ ਇੰਜੀਨੀਅਰਿੰਗ ਲਈ ਪੂਰੀ ਦੁਨੀਆ 'ਚ ਜਾਣੀ ਜਾਂਦੀ ਹੈ। ਭਾਰਤ ਦੀ ਰੇਲਵੇ ਲਾਈਨ ਦੁਨੀਆ ਦੀ ਸਭ ਤੋਂ ਵੱਡੀ ਰੇਲਵੇ ਲਾਈਨ ਹੈ, ਪਰ ਇਸ ਦੌਰਾਨ ਅਜਿਹੀ ਤਸਵੀਰ ਸਾਹਮਣੇ ਆਈ ਹੈ ਜੋ ਇਸ ਦੇ ਕੰਮ ਕਰਨ ਦੀ ਸ਼ੈਲੀ 'ਤੇ ਸਵਾਲ ਖੜ੍ਹੇ ਕਰਦੀ ਹੈ।
ਬੀਨਾ-ਕਟਨੀ ਵਿਚਕਾਰ ਵਿਛਾਈ ਜਾ ਰਹੀ ਨਵੀਂ ਰੇਲਵੇ ਲਾਈਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਟ੍ਰੈਕ ਦੇ ਬਿਲਕੁਲ ਵਿਚਕਾਰ ਬਿਜਲੀ ਦਾ ਖੰਭਾ ਲੱਗਾ ਹੋਇਆ ਹੈ। ਸਾਗਰ ਜ਼ਿਲ੍ਹੇ ਦੇ ਈਸਰਵਾੜਾ ਰੇਲਵੇ ਸਟੇਸ਼ਨ 'ਤੇ ਵਿਛਾਈ ਜਾ ਰਹੀ ਤੀਜੀ ਰੇਲਵੇ ਲਾਈਨ ਦੇ ਵਿਚਕਾਰ ਠੇਕੇਦਾਰ ਨੇ ਬਿਜਲੀ ਦਾ ਖੰਭਾ ਲਗਾ ਦਿੱਤਾ ਹੈ। ਹੁਣ ਸਵਾਲ ਇਹ ਹੈ ਕਿ ਜਦੋਂ ਟ੍ਰੈਕ ਦੇ ਵਿਚਕਾਰ ਖੰਭਾ ਲਗਾ ਦਿੱਤਾ ਗਿਆ ਹੈ ਤਾਂ ਰੇਲਗੱਡੀ ਕਿਵੇਂ ਲੰਘੇਗੀ? ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।
ਉਧਰ, ਜਦੋਂ ਇਸ ਮਾਮਲੇ ਸਬੰਧੀ ਪੱਛਮੀ ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਰਾਹੁਲ ਸ੍ਰੀਵਾਸਤਵ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਾ ਤਾਂ ਇਹ ਇੰਜਨੀਅਰਿੰਗ ਦਾ ਨੁਕਸ ਹੈ ਅਤੇ ਨਾ ਹੀ ਠੇਕੇਦਾਰ ਦੀ ਲਾਪਰਵਾਹੀ, ਸਗੋਂ ਇਹ ਰੇਲਵੇ ਟਰੈਕ ਆਰਜ਼ੀ ਤੌਰ 'ਤੇ ਵਿਛਾਇਆ ਗਿਆ ਹੈ ਕਿਉਂਕਿ ਬੀਨਾ-ਕਟਨੀ ਦਾ ਕੰਮ ਚੱਲ ਰਿਹਾ ਹੈ। ਰੇਲਵੇ ਲਾਈਨ 'ਤੇ ਚੱਲ ਰਹੀ ਹੈ ਅਤੇ ਈਸਰਵਾੜਾ ਸਟੇਸ਼ਨ ਨੇੜੇ ਨਵੀਂ ਰੇਲਵੇ ਲਾਈਨ ਵਿਛਾਈ ਜਾਣੀ ਹੈ।
ਇਸ ਲਈ ਆਰਜ਼ੀ ਤੌਰ 'ਤੇ ਵਿਛਾਈ ਰੇਲਵੇ ਲਾਈਨ ਤੋਂ ਉਸਾਰੀ ਸਮੱਗਰੀ ਦੀ ਢੋਆ-ਢੁਆਈ ਦਾ ਕੰਮ ਕੀਤਾ ਜਾਂਦਾ ਹੈ। ਜੋ ਖੰਭਾ ਲਗਾਇਆ ਗਿਆ ਹੈ, ਉਹ ਸਹੀ ਢੰਗ ਨਾਲ ਲਗਾਇਆ ਗਿਆ ਹੈ। ਆਉਣ ਵਾਲੇ ਦਿਨਾਂ 'ਚ ਜਲਦੀ ਹੀ ਇਸ ਨੂੰ ਟਰੈਕ ਤੋਂ ਹਟਾ ਦਿੱਤਾ ਜਾਵੇਗਾ। ਸ੍ਰੀਵਾਸਤਵ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ, "ਪੋਲ ਇਕ ਅਸਥਾਈ ਲਾਈਨ 'ਤੇ ਹੈ, ਜਿਸ ਨੂੰ ਨਵੀਂ ਲਾਈਨ ਬਣਨ ਤੋਂ ਪਹਿਲਾਂ ਮਦਦ ਲਈ ਬਣਾਇਆ ਗਿਆ ਹੈ। ਇਸ ਅਸਥਾਈ ਲਾਈਨ ਨੂੰ ਬਾਅਦ 'ਚ ਹਟਾ ਦਿੱਤਾ ਜਾਵੇਗਾ ਅਤੇ ਇੱਕ ਨਵੀਂ ਲਾਈਨ ਬਣਾਈ ਜਾਵੇਗੀ, ਇਸ ਲਈ OHE ਮਾਸਟ ਉਸੇ ਥਾਂ ਹੈ, ਜਿੱਥੇ ਇਹ ਹੋਣਾ ਚਾਹੀਦਾ ਹੈ।"