ਛੜੇ ਬਾਬੇ ਨੂੰ ਫੇਸਬੁਕ 'ਤੇ ਹੋਇਆ ਗੋਰੀ ਮੇਮ ਨਾਲ ਪਿਆਰ, ਲੱਖਾਂ ਦੇ ਰਗੜੇ ਮਗਰੋਂ ਆਈ ਹੋਸ਼

ਨਵੀਂ ਦਿੱਲੀ: ਗੁਰੂਗ੍ਰਾਮ ਦੇ ਰਹਿਣ ਵਾਲੇ 66 ਸਾਲਾ ਰਿਟਾਇਰਡ ਬੈਂਕ ਕਰਮਚਾਰੀ ਨੇ ਫੇਸਬੁੱਕ 'ਤੇ ਹੋਏ ਪਿਆਰ ਦੇ ਝਾਂਸੇ 'ਚ ਆ ਕੇ 35 ਲੱਖ ਰੁਪਏ ਹੱਥੋਂ ਗਵਾ ਲਏ। ਦਰਅਸਲ 19 ਮਈ ਨੂੰ ਬਜ਼ੁਰਗ ਦੀ ਜੇਨੀ ਐਂਡਰਸਨ ਨਾਂ ਦੀ ਕੁੜੀ ਨਾਲ ਫੇਸਬੁੱਕ 'ਤੇ ਦੋਸਤੀ ਹੋਈ ਤੇ ਇਹ ਜੇਨੀ ਹੀ ਅਣਵਿਆਹੇ ਬਜ਼ੁਰਗ ਨੂੰ 35 ਲੱਖ ਦਾ ਚੂਨਾ ਲਾ ਗਈ।
ਫੇਸਬੁਕ ਤੋਂ ਬਾਅਦ ਇਨ੍ਹਾਂ ਦੀ ਵਟਸਐਪ 'ਤੇ ਆਪਸੀ ਗੱਲਬਾਤ ਹੋਣ ਲੱਗੀ। ਗੱਲਬਾਤ ਦੌਰਾਨ ਜੇਨੀ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਲੰਦਨ 'ਚ ਰਹਿੰਦੀ ਹੈ। ਉਸ ਨੂੰ ਮਿਲਣ ਭਾਰਤ ਆਉਣਾ ਚਾਹੁੰਦੀ ਹੈ। ਜੇਨੀ ਨੇ ਖੁਦ ਨੂੰ ਗਹਿਣਿਆਂ ਦੀ ਦੁਕਾਨ ਦੀ ਮਾਲਕ ਦੱਸਿਆ। ਗੱਲਬਾਤ ਦੌਰਾਨ ਜੇਨੀ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਦੀ ਵਰ੍ਹੇਗੰਢ ਮਨਾ ਰਹੀ ਹੈ। ਬਜ਼ੁਰਗ ਨੂੰ ਉਸ ਸਮਾਰੋਹ 'ਚ ਸ਼ਾਮਲ ਹੋਣ ਲਈ ਕਿਹਾ। ਜੇਨੀ ਨੇ ਬਜ਼ੁਰਗ ਦੇ ਘਰ ਦਾ ਪਤਾ ਵੀ ਮੰਗਿਆ ਕਿ ਉਹ ਕੁਝ ਤੋਹਫੇ ਭੇਜਣਾ ਚਾਹੁੰਦੀ ਹੈ।
ਜੇਨੀ ਦੇ ਵਾਰ-ਵਾਰ ਕਹਿਣ 'ਤੇ ਬਜ਼ੁਰਗ ਨੇ ਲੰਦਨ ਜਾਣ ਦੀ ਅਸਮਰਥਤਾ ਜਤਾਈ ਤਾਂ ਉਸ ਨੇ ਕਿਹਾ ਕਿ ਉਹ ਜਲਦ ਹੀ ਭਾਰਤ ਉਸ ਨੂੰ ਮਿਲਣ ਲਈ ਆਵੇਗੀ। ਫਿਰ ਅਚਾਨਕ ਇੱਕ ਜੂਨ ਨੂੰ ਬਜ਼ੁਰਗ ਕੋਲ ਫੋਨ ਆਇਆ ਕਿ ਉਸ ਦੀ ਦੋਸਤ ਜੇਨੀ ਨੂੰ ਮੁੰਬਈ ਏਅਰਪੋਰਟ 'ਤੇ 68 ਲੱਖ ਦੀ ਵਿਦੇਸ਼ੀ ਕਰੰਸੀ ਨਾਲ ਫੜਿਆ ਗਿਆ ਹੈ।
ਖੁਦ ਨੂੰ ਇਮੀਗ੍ਰੇਸ਼ਨ ਅਧਿਕਾਰੀ ਦੱਸਣ ਵਾਲੀ ਕੁੜੀ ਨੇ ਬਜ਼ੁਰਗ ਦੀ ਜੇਨੀ ਨਾਲ ਗੱਲ ਵੀ ਕਰਵਾਈ। ਜੇਨੀ ਨੇ ਰੋਂਦਿਆਂ ਬਜ਼ੁਰਗ ਨੂੰ ਜੁਰਮਾਨੇ ਦੀ ਰਕਮ ਭਰਨ ਲਈ ਕਿਹਾ ਤੇ ਵਾਅਦਾ ਕੀਤਾ ਕਿ ਉਹ ਦਿੱਲੀ ਪਹੁੰਚ ਕੇ ਉਸ ਦੀ ਸਾਰੀ ਰਕਮ ਵਾਪਸ ਕਰ ਦੇਵੇਗੀ। ਜੇਨੀ ਦੇ ਪਿਆਰ 'ਚ ਪਏ ਬਜ਼ੁਰਗ ਨੇ ਜੇਨੀ ਵੱਲੋਂ ਦੱਸੇ ਵੱਖ-ਵੱਖ ਅਕਾਊਂਟ 'ਚ 35 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਬਜ਼ੁਰਗ ਨੇ 13 ਲੱਖ ਆਪਣੀ ਸੇਵਿੰਗ 'ਚੋਂ ਤੇ ਬਾਕੀ 22 ਲੱਖ ਰੁਪਏ ਕਰਜ਼ ਲੈ ਕੇ ਇਹ ਰਕਮ ਭੇਜੀ।
ਪੈਸੇ ਭੇਜਣ ਤੋਂ ਬਾਅਦ ਜਦੋਂ ਬਜ਼ੁਰਗ ਨੇ ਜੇਨੀ ਨੂੰ ਫੋਨ ਕੀਤਾ ਤਾਂ ਫੋਨ ਬੰਦ ਆ ਰਿਹਾ ਸੀ। ਉਨ੍ਹਾਂ ਫੇਸਬੁਕ 'ਤੇ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਆਇਆ। ਪ੍ਰੇਸ਼ਾਨ ਹੋਏ ਬਜ਼ੁਰਗ ਨੇ ਅਖੀਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਜਿਸ ਤੋਂ ਬਾਅਦ ਸਾਇਬਰ ਸੈੱਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।






















