Watch: Salute! ਟ੍ਰੈਫਿਕ ਪੁਲਿਸ ਜਵਾਨ ਨੇ ਜਾਨ 'ਤੇ ਖੇਡ ਕੇ ਬਚਾਈ ਬੱਚੇ ਦੀ ਜਾਨ, ਵੀਡੀਓ ਹੋਈ ਵਾਇਰਲ
ਸੋਸ਼ਲ ਮੀਡੀਆ 'ਤੇ ਅਜਿਹਾ ਹੀ ਇਕ ਵੀਡੀਓ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਇਕ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਇਕ ਬੱਚੇ ਦੀ ਜਾਨ ਬਚਾਉਂਦੇ ਹੋਏ ਦਿਖਾਇਆ ਗਿਆ ਹੈ।
ਸੋਸ਼ਲ ਮੀਡੀਆ 'ਤੇ ਅਕਸਰ ਅਜਿਹੀਆਂ ਵੀਡੀਓਜ਼ ਵੀ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਸ਼ੇਅਰ ਨਾ ਕੀਤਾ ਜਾਵੇ ਤਾਂ ਪਤਾ ਨਹੀਂ ਲੱਗੇਗਾ ਦੁਨੀਆਂ 'ਚ ਕਿੰਨੇ ਨੇਕ ਦਿਲ ਅਤੇ ਬਹਾਦਰ ਲੋਕ ਹਨ। ਅਜਿਹਾ ਹੀ ਇਕ ਵੀਡੀਓ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਇਕ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਇਕ ਬੱਚੇ ਦੀ ਜਾਨ ਬਚਾਉਂਦੇ ਹੋਏ ਦਿਖਾਇਆ ਗਿਆ ਹੈ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਇਸ 'ਚ ਇਕ ਬੱਚਾ ਚੱਲਦੇ ਥ੍ਰੀ-ਵ੍ਹੀਲਰ ਵਾਹਨ ਤੋਂ ਸੜਕ 'ਤੇ ਡਿੱਗਦਾ ਨਜ਼ਰ ਆ ਰਿਹਾ ਹੈ।
ਦੂਜੇ ਪਾਸੇ ਇੱਕ ਪ੍ਰਾਈਵੇਟ ਬੱਸ ਵੀ ਮੌਕੇ 'ਤੇ ਪਹੁੰਚ ਜਾਂਦੀ ਹੈ। ਉੱਥੇ ਖੜ੍ਹੇ ਟ੍ਰੈਫ਼ਿਕ ਮੁਲਾਜ਼ਮ ਸੁੰਦਰ ਲਾਲ ਬੱਸ ਨੂੰ ਹੱਥ ਦਿਖਾ ਕੇ ਰੋਕਦੇ ਹਨ ਅਤੇ ਸੜਕ ਪਾਰ ਕਰਕੇ ਬੱਚੇ ਵੱਲ ਭੱਜਦੇ ਹਨ। ਸੁੰਦਰ ਲਾਲ ਨੇ ਤੁਰੰਤ ਬੱਚੇ ਨੂੰ ਫੜ੍ਹ ਲਿਆ ਅਤੇ ਇੱਕ ਔਰਤ ਨੂੰ ਸੌਂਪ ਦਿੱਤਾ, ਜੋ ਬੱਚੇ ਦੀ ਮਾਂ ਲੱਗਦੀ ਹੈ, ਜੋ ਉਸੇ ਆਟੋ ਰਿਕਸ਼ਾ 'ਚ ਸਫ਼ਰ ਕਰ ਰਹੀ ਸੀ, ਜਿਸ 'ਚੋਂ ਬੱਚਾ ਡਿੱਗਿਆ ਸੀ।
ਸੁੰਦਰ ਲਾਲ ਨੇ ਕੀਤੀ ਸ਼ਲਾਘਾ
ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਅਵਨੀਸ਼ ਸ਼ਰਨ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਘਟਨਾ ਦੀ ਪੂਰੀ ਸੀਸੀਟੀਵੀ ਫੁਟੇਜ਼ ਸ਼ੇਅਰ ਕੀਤੀ ਹੈ ਅਤੇ ਟ੍ਰੈਫਿਕ ਪੁਲਿਸ ਸੁੰਦਰ ਲਾਲ ਦੀ ਤਾਰੀਫ਼ ਵੀ ਕੀਤੀ ਹੈ।
ਨੇਟੀਜ਼ਨਸ ਨੇ ਸੁੰਦਰ ਲਾਲ ਦੀ ਕੀਤੀ ਤਾਰੀ
ਫ਼ਟਵਿੱਟਰ 'ਤੇ 16 ਸੈਕਿੰਡ ਦੀ ਇਸ ਕਲਿੱਪ ਨੂੰ 9 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਬੱਚੇ ਨੂੰ ਬਚਾਉਣ ਲਈ ਆਪਣੀ ਜਾਨ ਖਤਰੇ 'ਚ ਪਾਉਣ ਲਈ ਨੇਟੀਜ਼ਨਸ ਨੇ ਸੁੰਦਰ ਲਾਲ ਦੀ ਤਾਰੀਫ਼ ਕੀਤੀ ਹੈ। ਇਸ ਦੇ ਨਾਲ ਹੀ ਬੱਸ ਡਰਾਈਵਰ ਦੀ ਵੀ ਤਾਰੀਫ਼ ਕੀਤੀ ਹੈ, ਕਿਉਂਕਿ ਬੱਸ ਡਰਾਈਵਰ ਨੇ ਬੱਚੇ ਨੂੰ ਡਿੱਗਦਾ ਦੇਖ ਕੇ ਤੁਰੰਤ ਬੱਸ ਰੋਕ ਦਿੱਤੀ।
ਸੁੰਦਰ ਲਾਲ ਨੂੰ ਮਿਲਣਾ ਚਾਹੀਦਾ ਹੈ ਇਨਾਮ
ਇੱਕ ਯੂਜ਼ਰ ਨੇ ਕੁਮੈਂਟ ਕੀਤਾ, "ਸੁੰਦਰ ਲਾਲ ਨੇ ਚੱਲਦੀ ਬੱਸ ਦੇ ਸਾਹਮਣੇ ਇੱਕ ਵਾਰ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਉਨ੍ਹਾਂ ਵਰਗੇ ਨਿਰਸਵਾਰਥ ਲੋਕਾਂ ਕਰਕੇ ਹੀ ਮਨੁੱਖਤਾ ਜਿਉਂਦੀ ਹੈ। ਮੈਨੂੰ ਉਮੀਦ ਹੈ ਕਿ ਸੂਬਾ ਸਰਕਾਰ ਅਤੇ ਪੁਲਿਸ ਵਿਭਾਗ ਉਸ ਨੂੰ ਉਚਿੱਤ ਇਨਾਮ ਦੇਣਗੇ।"