Car price hike: ਸਰਕਾਰ ਦੇ ਇਸ ਨਿਯਮ ਨਾਲ ਦੇਸ਼ ਅੰਦਰ ਕਾਰਾਂ ਹੋ ਜਾਣਗੀਆਂ ਮਹਿੰਗੀਆਂ
ਸਰਕਾਰ ਦੇ ਨਵੇਂ ਨਿਯਮ ਨਾਲ ਕਾਰਾਂ ਮਹਿੰਗੀ ਹੋ ਜਾਣਗੀਆਂ। ਕੇਂਦਰ ਸਰਕਾਰ ਨੇ ਜਨਵਰੀ 'ਚ ਮਤਾ ਜਾਰੀ ਕੀਤਾ ਸੀ ਕਿ 1 ਅਕਤੂਬਰ ਤੋਂ ਨਿਰਮਿਤ ਸਾਰੀਆਂ ਪੈਸੇਂਜਰ ਕਾਰਾਂ ਲਈ 6 ਏਅਰਬੈਗ ਲਾਜ਼ਮੀ ਹੋਣਗੇ।
Car price hike: ਸਰਕਾਰ ਦੇ ਨਵੇਂ ਨਿਯਮ ਨਾਲ ਕਾਰਾਂ ਮਹਿੰਗੀ ਹੋ ਜਾਣਗੀਆਂ। ਕੇਂਦਰ ਸਰਕਾਰ ਨੇ ਜਨਵਰੀ 'ਚ ਮਤਾ ਜਾਰੀ ਕੀਤਾ ਸੀ ਕਿ 1 ਅਕਤੂਬਰ ਤੋਂ ਨਿਰਮਿਤ ਸਾਰੀਆਂ ਪੈਸੇਂਜਰ ਕਾਰਾਂ ਲਈ 6 ਏਅਰਬੈਗ ਲਾਜ਼ਮੀ ਹੋਣਗੇ। ਮਤਲਬ ਕੰਪਨੀਆਂ ਨੂੰ 1 ਅਕਤੂਬਰ ਤੋਂ ਨਿਰਮਿਤ ਸਾਰੀਆਂ ਕਾਰਾਂ 'ਚ 6 ਏਅਰਬੈਗ ਪ੍ਰਦਾਨ ਕਰਨੇ ਪੈਣਗੇ। ਸਰਕਾਰ ਦਾ ਇਹ ਕਦਮ ਸੜਕ ਸੁਰੱਖਿਆ ਨੂੰ ਵਧਾਉਣ ਦਾ ਇੱਕ ਉਪਾਅ ਹੈ। ਫਿਲਹਾਲ ਇਸ ਨੂੰ ਅੰਤਮ ਰੂਪ ਨਹੀਂ ਦਿੱਤਾ ਗਿਆ। ਇਸ ਨਾਲ ਕਾਰਾਂ ਦੇ ਰੇਟ ਵਧ ਜਾਣਗੇ।
ਇਸ ਬਾਰੇ ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰਸੀ ਭਾਰਗਵ ਨੇ ਕਿਹਾ ਕਿ ਪੈਸੇਂਜਰ ਕਾਰਾਂ 'ਚ 6 ਏਅਰਬੈਗਸ ਨੂੰ ਲਾਜ਼ਮੀ ਕਰਨ ਦੀ ਸ਼ਰਤ ਕਰਕੇ ਕਾਰਾਂ ਮਹਿੰਗੀਆਂ ਹੋਣਗੀਆਂ। ਉਨ੍ਹਾਂ ਇਹ ਗੱਲ ਨਿਊਜ਼ ਏਜੰਸੀ ਰਾਇਟਰਜ਼ ਨਾਲ ਗੱਲਬਾਤ ਕਰਦਿਆਂ ਕਹੀ। ਗੱਲਬਾਤ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨਾਲ ਵਾਹਨ ਨਿਰਮਾਤਾਵਾਂ ਦੀ ਵਿਕਰੀ ਪ੍ਰਭਾਵਿਤ ਹੋਵੇਗੀ। ਆਰਸੀ ਭਾਰਗਵ ਨੇ ਕਿਹਾ ਕਿ ਇਸ ਕਦਮ ਨਾਲ ਉਨ੍ਹਾਂ ਕੰਪਨੀਆਂ 'ਤੇ ਹੋਰ ਦਬਾਅ ਪਵੇਗਾ, ਜੋ ਪਹਿਲਾਂ ਹੀ ਕੱਚੇ ਮਾਲ ਦੀਆਂ ਵਧੀਆਂ ਕੀਮਤਾਂ ਕਾਰਨ ਵਾਹਨਾਂ ਦੀਆਂ ਕੀਮਤਾਂ ਦੇ ਮਾਮਲੇ 'ਚ ਸੰਘਰਸ਼ ਕਰ ਰਹੀਆਂ ਹਨ।
ਭਾਰਗਵ ਨੇ ਕਿਹਾ ਕਿ ਮਹਾਂਮਾਰੀ ਕਾਰਨ ਛੋਟੀਆਂ ਕਾਰਾਂ ਦੀ ਵਿਕਰੀ ਪਹਿਲਾਂ ਨਾਲੋਂ ਕਾਫੀ ਘੱਟ ਗਈ ਹੈ। 6 ਏਅਰਬੈਗਸ ਦੇ ਨਿਯਮ ਨਾਲ ਉਨ੍ਹਾਂ ਦੀ ਲਾਗਤ ਵਧੇਗੀ, ਜਿਸ ਨਾਲ ਉਨ੍ਹਾਂ ਦੀ ਵਿਕਰੀ ਨੂੰ ਹੋਰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਿਯਮ ਦਾ ਸਭ ਤੋਂ ਵੱਧ ਅਸਰ ਛੋਟੀ ਕਾਰ ਦੇ ਬਾਜ਼ਾਰ 'ਤੇ ਪਵੇਗਾ। ਗਾਹਕ ਜ਼ਿਆਦਾ ਮਹਿੰਗੀਆਂ ਕਾਰਾਂ ਨਹੀਂ ਖਰੀਦ ਸਕਦੇ।
ਹਾਲਾਂਕਿ ਸੁਰੱਖਿਆ ਦੇ ਨਜ਼ਰੀਏ ਤੋਂ ਇਸ ਨਾਲ ਗਾਹਕਾਂ ਨੂੰ ਫ਼ਾਇਦਾ ਹੋਵੇਗਾ। ਉਹ ਪਹਿਲਾਂ ਨਾਲੋਂ ਸੁਰੱਖਿਅਤ ਕਾਰਾਂ 'ਚ ਸਫ਼ਰ ਕਰ ਸਕਣਗੇ। ਦੱਸ ਦੇਈਏ ਕਿ ਦੇਸ਼ 'ਚ ਬਣੀਆਂ ਸਾਰੀਆਂ ਕਾਰਾਂ ਲਈ ਡਰਾਈਵਰ ਸਾਈਡ ਤੇ ਫਰੰਟ ਪੈਸੰਜਰ ਸਾਈਡ 'ਚ ਏਅਰਬੈਗ ਦੇਣਾ ਪਹਿਲਾਂ ਹੀ ਲਾਜ਼ਮੀ ਹੈ। ਮਤਲਬ ਦੇਸ਼ 'ਚ ਬਣੀ ਕਿਸੇ ਵੀ ਕਾਰ 'ਚ ਘੱਟੋ-ਘੱਟ ਦੋ ਏਅਰਬੈਗ ਦੇਣ ਦਾ ਨਿਯਮ ਫਿਲਹਾਲ ਦੇਸ਼ 'ਚ ਲਾਗੂ ਹੈ।
ਆਟੋ ਮਾਰਕੀਟ ਡੇਟਾ ਪ੍ਰੋਵਾਈਡਰ JATO ਡਾਇਨਾਮਿਕਸ ਦੇ ਅਨੁਸਾਰ ਕਾਰ 'ਚ 4 ਹੋਰ ਏਅਰਬੈਗ ਜੋੜਨ ਨਾਲ ਕੀਮਤ 'ਚ ਲਗਪਗ 17,600 ਰੁਪਏ ਦਾ ਵਾਧਾ ਹੋਵੇਗਾ। JATO ਇੰਡੀਆ ਦੇ ਪ੍ਰਧਾਨ ਰਵੀ ਭਾਟੀਆ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ 'ਚ ਲਾਗਤ ਹੋਰ ਵੀ ਵੱਧ ਹੋ ਸਕਦੀ ਹੈ, ਕਿਉਂਕਿ ਕੰਪਨੀਆਂ ਨੂੰ ਵੀ ਕਾਰ ਦੇ ਢਾਂਚੇ 'ਚ ਇੰਜਨੀਅਰਿੰਗ ਬਦਲਾਅ ਕਰਨ ਦੀ ਲੋੜ ਪਵੇਗੀ।