ਲੋਕਾਂ ਲਈ ਰਾਹਤ ਦੀ ਖਬਰ! 5 ਦਿਨਾਂ ਬਾਅਦ ਕਰਮਚਾਰੀਆਂ ਨੇ ਹੜਤਾਲ ਕੀਤੀ ਖਤਮ, ਸਾਰੇ ਰੂਟ ਬਹਾਲ; ਇੱਕ ਹਜ਼ਾਰ ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ
ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਜੀ ਹਾਂ ਸੜਕਾਂ ਉੱਤੇ ਮੁੜ ਤੋਂ ਸਰਕਾਰੀ ਬੱਸਾਂ ਚੱਲਦੀਆਂ ਹੋਈਆਂ ਨਜ਼ਰ ਆਉਣਗੀਆਂ। ਪੰਜਾਬ ਵਿੱਚ ਪਿਛਲੇ 5 ਦਿਨਾਂ ਤੋਂ ਚੱਲ ਰਹੀ ਰੋਡਵੇਜ਼–ਪੰਜਾਬਸ–ਪੀ.ਆਰ.ਟੀ.ਸੀ. ਕਾਂਟ੍ਰੈਕਟ ਵਰਕਰਾਂ..

ਪੰਜਾਬ ਵਿੱਚ ਪਿਛਲੇ 5 ਦਿਨਾਂ ਤੋਂ ਚੱਲ ਰਹੀ ਰੋਡਵੇਜ਼–ਪੰਜਾਬਸ–ਪੀ.ਆਰ.ਟੀ.ਸੀ. ਕਾਂਟ੍ਰੈਕਟ ਵਰਕਰਾਂ ਦੀ ਹੜਤਾਲ ਮੰਗਲਵਾਰ ਨੂੰ ਖਤਮ ਹੋ ਗਈ। ਲੁਧਿਆਣਾ ਵਿੱਚ ਯੂਨੀਅਨ ਦੇ ਉੱਪ-ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸੰਘਰਸ਼ ਕਾਰਪੋਰੇਟ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਸੀ ਅਤੇ ਕਰਮਚਾਰੀਆਂ ਨੇ ਇਕੱਠੇ ਹੋ ਕੇ ਇਸ ਵਿੱਚ ਭਾਗ ਲਿਆ।
ਗੁਰਪ੍ਰੀਤ ਸਿੰਘ ਅਨੁਸਾਰ, ਹੜਤਾਲ ਦੌਰਾਨ ਪੁਲਿਸ ਨੇ ਕਈ ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਉਹਨਾਂ ‘ਤੇ 307 ਵਰਗੀ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਕੀਤੇ ਗਏ। ਦੁਸਰੇ ਪਾਸੇ ਮੈਨੇਜਮੈਂਟ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਸੀ ਕਿ ਜੋ ਵੀ ਕਰਮਚਾਰੀ ਧਰਨਾ-ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ‘ਤੇ ਵਿਭਾਗੀ ਕਾਰਵਾਈ ਕਰਕੇ ਨੌਕਰੀ ਤੋਂ ਕੱਢਿਆ ਜਾਵੇਗਾ।
ਉਹਨਾਂ ਕਿਹਾ ਕਿ ਇਹ ਧਰਨਾ ਮੁੱਖ ਤੌਰ ‘ਤੇ ਜੇਲਾਂ ਵਿੱਚ ਬੰਦ ਸਾਥੀਆਂ ਦੀ ਰਿਹਾਈ ਅਤੇ ਸਾਰੇ ਕਰਮਚਾਰੀਆਂ ਨੂੰ ਵਾਪਸ ਨੌਕਰੀ ‘ਤੇ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਲਾਇਆ ਗਿਆ ਸੀ। ਯੂਨੀਅਨ ਨੇਤਾਵਾਂ ਦੇ ਮੁਤਾਬਕ ਮੈਨੇਜਮੈਂਟ ਨੇ ਇਹਨਾਂ ਮੰਗਾਂ ‘ਤੇ ਸਹਿਮਤੀ ਜਤਾ ਦਿੱਤੀ, ਜਿਸ ਤੋਂ ਬਾਅਦ ਹੜਤਾਲ ਖਤਮ ਕਰਨ ਦਾ ਫ਼ੈਸਲਾ ਲਿਆ ਗਿਆ। ਹੁਣ 5 ਦਿਨ ਤੋਂ ਡਿਪੋ ਵਿੱਚ ਖੜੀਆਂ 1600 ਬੱਸਾਂ ਦੁਬਾਰਾ ਸੜਕਾਂ ‘ਤੇ ਦੌੜਣ ਲੱਗ ਪਈਆਂ ਹਨ।
28 ਨਵੰਬਰ ਤੋਂ ਹੜਤਾਲ ਦਾ ਹੋਇਆ ਸੀ ਆਗਾਜ਼: ਸਰਵਿਸ ਨੂੰ ਨਿਯਮਿਤ ਕਰਨ ਅਤੇ ਕਿਲੋਮੀਟਰ ਸਕੀਮ ਹੇਠ ਪ੍ਰਾਈਵੇਟ ਬੱਸਾਂ ਨੂੰ ਹਾਇਰ ਕਰਨ ਲਈ ਸਰਕਾਰ ਵੱਲੋਂ ਜਾਰੀ ਕੀਤੇ ਟੈਂਡਰ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਾਂਟ੍ਰੈਕਟ ਵਰਕਰਾਂ ਨੇ 28 ਨਵੰਬਰ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਰਾਜ ਵਿੱਚ ਲਗਭਗ 1600 ਬੱਸਾਂ ਨੂੰ ਵੱਖ-ਵੱਖ ਡਿਪੂਆਂ ਵਿੱਚ ਖੜ੍ਹਾ ਕਰ ਦਿੱਤਾ ਗਿਆ ਸੀ।
ਕਰਮਚਾਰੀਆਂ ਅਤੇ ਪੁਲਿਸ ਵਿੱਚ ਟਕਰਾਅ: ਹੜਤਾਲ ਦੇ ਪਹਿਲੇ ਹੀ ਦਿਨ ਸੂਬੇ ਭਰ ਵਿੱਚ ਕਰਮਚਾਰੀਆਂ ਅਤੇ ਪੁਲਿਸ ਵਿਚਕਾਰ ਟਕਰਾਅ ਹੋਇਆ। ਕਈ ਜ਼ਿਲ੍ਹਿਆਂ ਵਿੱਚ ਕਰਮਚਾਰੀ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀਆਂ ਓਵਰਹੈੱਡ ਟੈਂਕੀਆਂ ਉੱਤੇ ਚੜ੍ਹ ਗਏ ਸਨ।
1 ਦਸੰਬਰ ਨੂੰ ਸਰਕਾਰ ਨਾਲ ਲਗਭਗ 7 ਘੰਟੇ ਮੀਟਿੰਗ ਹੋਈ। ਬੁੱਢਲਾਂਵਾਲਾ ਡਿਪੂ ਯੂਨੀਅਨ ਨੇਤਾ ਰਾਜਵੀਰ ਸਿੰਘ ਦੇ ਮੁਤਾਬਕ, ਮੀਟਿੰਗ ਵਿੱਚ ਕੁਝ ਮੰਗਾਂ ‘ਤੇ ਸਹਿਮਤੀ ਬਣੀ ਸੀ—ਜਿਵੇਂ ਕਿ ਗ੍ਰਿਫ਼ਤਾਰ ਕਰਮਚਾਰੀਆਂ ਨੂੰ ਰਿਹਾਅ ਕਰਨਾ, ਟਰਮੀਨੇਟ ਜਾਂ ਸਸਪੈਂਡ ਕੀਤੇ ਨੇਤਾਵਾਂ ਨੂੰ ਵਾਪਸ ਬਹਾਲ ਕਰਨਾ ਅਤੇ ਕਾਂਟ੍ਰੈਕਟ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨਾ। ਪਰ ਸਰਕਾਰ ਵੱਲੋਂ ਅਜੇ ਤੱਕ ਕਿਸੇ ਵੀ ਫ਼ੈਸਲੇ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਰਾਜਵੀਰ ਸਿੰਘ ਨੇ ਦੱਸਿਆ ਕਿ ਮੀਟਿੰਗ ਤੋਂ ਇੱਕ ਰਾਤ ਬੀਤ ਜਾਣ ਦੇ ਬਾਵਜੂਦ ਗ੍ਰਿਫ਼ਤਾਰ ਕਰਮਚਾਰੀਆਂ ਨੂੰ ਰਿਹਾਅ ਵੀ ਨਹੀਂ ਕੀਤਾ ਗਿਆ ਸੀ।
ਲੁਧਿਆਣਾ ਵਿੱਚ ਯੂਨੀਅਨ ਦੇ ਉਪ-ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਰੋਡਵੇਜ਼–ਪੰਜਾਬਸ–ਪੀ.ਆਰ.ਟੀ.ਸੀ. ਮੈਨੇਜਮੈਂਟ ਨਾਲ ਮੀਟਿੰਗ ਹੋਈ, ਜਿਸ ਵਿੱਚ ਗ੍ਰਿਫ਼ਤਾਰ ਕਰਮਚਾਰੀਆਂ ਨੂੰ ਰਿਹਾਅ ਕਰਨ ਅਤੇ ਨੌਕਰੀ ਤੋਂ ਹਟਾਏ ਗਏ ਕਰਮਚਾਰੀਆਂ ਨੂੰ ਬਹਾਲ ਕਰਨ ‘ਤੇ ਸਹਿਮਤੀ ਬਣ ਗਈ। ਇਸ ਤੋਂ ਬਾਅਦ ਦੁਪਹਿਰ ਨੂੰ ਹੜਤਾਲ ਖਤਮ ਕਰ ਦਿੱਤੀ ਗਈ ਅਤੇ ਡਿਪੂ ਵਿੱਚ ਖੜੀਆਂ ਬੱਸਾਂ ਮੁੜ ਸੜਕਾਂ ‘ਤੇ ਚੱਲਣ ਲੱਗੀਆਂ।
ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਸਰਕਾਰ ਨਾਲ ਮੀਟਿੰਗ ਵਿੱਚ ਕਈ ਮੁੱਦਿਆਂ ਸਹਿਮਤੀ ਨਾਲ ਨਿਪਟਾਏ ਗਏ ਸਨ, ਪਰ ਅਧਿਕਾਰੀਆਂ ਵੱਲੋਂ ਇਹਨਾਂ ਨੂੰ ਲਾਗੂ ਕਰਨ ਵਿੱਚ ਦੇਰੀ ਹੋਈ, ਜਿਸ ਕਾਰਨ ਹੜਤਾਲ ਮਿਆਦ ਤੋਂ ਵੱਧ ਚੱਲਦੀ ਰਹੀ। ਹੁਣ ਮੈਨੇਜਮੈਂਟ ਨਾਲ ਸਾਰੇ ਮਸਲੇ ਹੱਲ ਹੋ ਚੁੱਕੇ ਹਨ।
ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਧਰਨਾ ਲਗਾਉਣ ਵਾਲੇ ਕਰਮਚਾਰੀ ਵੀ ਸਾਡੇ ਪਰਿਵਾਰ ਦੇ ਹੀ ਹਿੱਸੇ ਹਨ। ਕਿਲੋਮੀਟਰ ਸਕੀਮ ਪਿਛਲੀ ਸਰਕਾਰਾਂ ਦੇ ਸਮੇਂ ਲਾਗੂ ਕੀਤੀ ਗਈ ਸੀ, ਜਿਸ ਵਿੱਚ ਬੇਰੋਜ਼ਗਾਰ ਲੋਕਾਂ ਨੂੰ ਪਰਮਿਟ ਦਿੱਤੇ ਜਾਂਦੇ ਸਨ ਅਤੇ ਸਰਕਾਰ ਆਪਣੀਆਂ ਬੱਸਾਂ ਵੀ ਇਸ ਵਿੱਚ ਸ਼ਾਮਲ ਕਰਦੀ ਸੀ। ਹੁਣ ਸਰਕਾਰ ਪਨਬੱਸ–ਪੀ.ਆਰ.ਟੀ.ਸੀ. ਵਿੱਚ 900 ਬੱਸਾਂ ਚਲਾਏਗੀ। 100 ਮਿੰਨੀ ਬੱਸਾਂ ਵੀ ਪੀ.ਆਰ.ਟੀ.ਸੀ. ਵਿੱਚ ਸ਼ਾਮਲ ਕੀਤੀਆਂ ਜਾਣਗੀਆਂ, ਜਿਨ੍ਹਾਂ ਦੀ ਖਰੀਦਦਾਰੀ ਸਰਕਾਰ ਕਰੇਗੀ।






















