ਹਿਮਾਚਲ 'ਚ ਬਰਫ਼ਬਾਰੀ ਦਾ ਅਲਰਟ, ਪੰਜਾਬ 'ਚ ਵੀ ਕੜਾਕੇ ਦੀ ਠੰਡ ਲਈ ਤਿਆਰ ਰਹੋ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
ਸ਼ਿਮਲਾ ਮੈਟਰੋਲੌਜਿਕਲ ਸੈਂਟਰ ਨੇ ਹੁਣੇ ਹੀ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ 4 ਅਤੇ 5 ਦਸੰਬਰ ਨੂੰ ਬਰਫਬਾਰੀ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਉੱਤਰ ਭਾਰਤ ਵਿੱਚ ਸਰਦੀ ਪਹਿਲਾਂ ਹੀ ਕਾਫ਼ੀ ਵਧ ਚੁੱਕੀ ਹੈ, ਤੇ ਹੁਣ ਇੱਕ ਨਵੀਂ ਵੈਸਟਰਨ

ਸ਼ਿਮਲਾ ਮੈਟਰੋਲੌਜਿਕਲ ਸੈਂਟਰ ਨੇ ਹੁਣੇ ਹੀ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ 4 ਅਤੇ 5 ਦਸੰਬਰ ਨੂੰ ਬਰਫਬਾਰੀ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਉੱਤਰ ਭਾਰਤ ਵਿੱਚ ਸਰਦੀ ਪਹਿਲਾਂ ਹੀ ਕਾਫ਼ੀ ਵਧ ਚੁੱਕੀ ਹੈ, ਤੇ ਹੁਣ ਇੱਕ ਨਵੀਂ ਵੈਸਟਰਨ ਡਿਸਟਰਬੈਂਸ ਦੇ ਅਸਰ ਕਰਕੇ ਹਿਮਾਚਲ ਦੇ ਮੱਧ ਅਤੇ ਉੱਚੇ ਇਲਾਕਿਆਂ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਦੇ ਚਾਂਸ ਬਣੇ ਹੋਏ ਹਨ। ਇਸ ਤੋਂ ਇਲਾਵਾ, ਹਫ਼ਤੇ ਦੇ ਬਾਕੀ ਦਿਨਾਂ ਦੌਰਾਨ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ।
ਬਰਫਬਾਰੀ ਹੋਣ ‘ਤੇ ਪੰਜਾਬ 'ਚ ਡਿੱਗਾ ਪਾਰਾ
ਮੌਸਮ ਵਿਭਾਗ ਦੇ ਅਨੁਸਾਰ ਇਹ ਨਵਾਂ ਸਿਸਟਮ ਇਸ ਵੇਲੇ ਉੱਤਰੀ ਹਰਿਆਣਾ ਦੇ ਉੱਪਰ ਲਗਭਗ 1.5 ਤੋਂ 3.1 ਕਿਲੋਮੀਟਰ ਦੀ ਉਚਾਈ ‘ਤੇ ਸਥਿਤ ਹੈ। ਇਸ ਤਰ੍ਹਾਂ ਦੇ ਮੌਸਮੀ ਸਿਸਟਮ ਆਮ ਤੌਰ ‘ਤੇ ਨੇੜਲੇ ਰਾਜਾਂ ਦੀ ਸਰਦੀ ਹੋਰ ਵਧਾ ਦਿੰਦੇ ਹਨ। ਪੰਜਾਬ ਵਿੱਚ ਵੀ ਅਗਲੇ ਦਿਨਾਂ ਵਿੱਚ ਇਸਦਾ ਸਿੱਧਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਹਿਮਾਚਲ ਵਿੱਚ ਬਰਫਬਾਰੀ ਹੋਣ ‘ਤੇ ਪੰਜਾਬ ਦੇ ਤਾਪਮਾਨ ‘ਚ ਅਕਸਰ 2 ਤੋਂ 5 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਹੁੰਦੀ ਹੈ। ਇਸਦੇ ਨਾਲ ਹੀ ਧੁੰਦ ਤੇ ਵਧੀ ਹੋਈ ਨਮੀ ਮੈਦਾਨੀ ਇਲਾਕਿਆਂ ‘ਚ ਠੰਡ ਨੂੰ ਹੋਰ ਤੇਜ਼ ਮਹਿਸੂਸ ਕਰਾਉਂਦੀ ਹੈ, ਭਾਵੇਂ ਇੱਥੇ ਬਰਫਬਾਰੀ ਨਾ ਵੀ ਹੋ ਰਹੀ ਹੋਵੇ।
ਆਈਐਮਡੀ ਚੰਡੀਗੜ੍ਹ ਪਹਿਲਾਂ ਹੀ 30 ਨਵੰਬਰ ਤੋਂ 3 ਦਸੰਬਰ ਤੱਕ ਜਲੰਧਰ, ਮੋਗਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਲਈ ਕੋਲਡ ਵੇਵ ਦਾ ਪੀਲਾ ਅਲਰਟ ਜਾਰੀ ਕਰ ਚੁੱਕੀ ਹੈ। ਫਰੀਦਕੋਟ ਵਿੱਚ ਰਾਜ ਦਾ ਸਭ ਤੋਂ ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਪਠਾਨਕੋਟ ਅਤੇ ਬਠਿੰਡਾ ਵਿੱਚ ਵੀ ਠੰਡ ਦੇ ਵਧਦੇ ਅਸਰ ਕਰਕੇ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ।
ਹਿਮਾਚਲ ਪ੍ਰਦੇਸ਼ ਵਿੱਚ ਬਰਫਬਾਰੀ ਦੀ ਸੰਭਾਵਨਾ ਦੇ ਮੱਦੇਨਜ਼ਰ, ਪੰਜਾਬ ਦੇ ਲੋਕਾਂ ਨੂੰ ਵੀ ਅਗਲੇ ਦਿਨਾਂ ਵਿੱਚ ਕੜਾਕੇ ਦੀ ਠੰਡ, ਸਵੇਰ ਦੀਆਂ ਧੁੰਦ ਵਾਲੀਆਂ ਸੜਕਾਂ ਅਤੇ ਤਿੱਖੀ ਸਰਦੀ ਲਈ ਤਿਆਰ ਰਹਿਣ ਦੀ ਲੋੜ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















