ਨਵਾਂ ਸਾਲ ਮਹਿੰਗਾਈ ਨਾਲ ! Mahindra-Hyundai ਤੋਂ ਬਾਅਦ ਹੁਣ Kia ਦਾ ਝਟਕਾ, ਇਸ ਤਰੀਕ ਤੋਂ ਮਹਿੰਗੀਆਂ ਹੋ ਜਾਣਗੀਆਂ ਕਾਰਾਂ ?
Kia ਇੰਡੀਆ ਨੇ ਆਪਣੇ ਸਾਰੇ ਵਾਹਨਾਂ ਦੀਆਂ ਕੀਮਤਾਂ 2 ਫੀਸਦੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ, ਜਦਕਿ ਮਹਿੰਦਰਾ ਨੇ 3 ਫੀਸਦੀ ਤੱਕ ਵਾਧੇ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਟਾਟਾ ਮੋਟਰਸ ਨੇ ਵੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ।
Car Prices Hike: ਆਟੋ ਸੈਕਟਰ ਵਿੱਚ ਹਰ ਰੋਜ਼ ਕੁਝ ਨਵਾਂ ਹੁੰਦਾ ਰਹਿੰਦਾ ਹੈ। ਜੇ ਤੁਸੀਂ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਦਰਅਸਲ, ਕੁਝ ਕਾਰ ਨਿਰਮਾਤਾ ਕੰਪਨੀਆਂ ਨੇ ਵਧਦੀਆਂ ਕੀਮਤਾਂ ਦਾ ਹਵਾਲਾ ਦਿੰਦੇ ਹੋਏ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਕਾਰ ਕੰਪਨੀਆਂ ਵਿੱਚ ਕੀਆ ਮੋਟਰਜ਼ ਤੋਂ ਲੈ ਕੇ ਮਹਿੰਦਰਾ ਐਂਡ ਮਹਿੰਦਰਾ ਤੱਕ ਦੇ ਨਾਮ ਸ਼ਾਮਲ ਹਨ।
Kia ਨੇ ਰੇਟ ਵਧਾਉਣ ਪਿੱਛੇ ਕੀ ਦਿੱਤਾ ਤਰਕ ?
Kia ਇੰਡੀਆ ਨੇ ਜਨਵਰੀ ਤੋਂ ਆਪਣੇ ਸਾਰੇ ਵਾਹਨਾਂ ਦੀਆਂ ਕੀਮਤਾਂ ਦੋ ਫੀਸਦੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਮੋਟਰ ਵਾਹਨ ਨਿਰਮਾਤਾ ਨੇ ਬਿਆਨ ਵਿੱਚ ਕਿਹਾ ਕਿ ਕੀਮਤ ਵਿੱਚ ਵਾਧਾ 1 ਜਨਵਰੀ, 2025 ਤੋਂ ਕੀਤਾ ਜਾ ਰਿਹਾ ਹੈ। ਕੀਆ ਇੰਡੀਆ ਨੇ ਕਿਹਾ ਕਿ ਕੰਪਨੀ ਗਾਹਕਾਂ ਨੂੰ ਉੱਚ ਗੁਣਵੱਤਾ ਵਾਲੀ ਤਕਨੀਕ ਨਾਲ ਲੈਸ ਆਧੁਨਿਕ ਵਾਹਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਹਾਲਾਂਕਿ, ਕੰਪਨੀ ਨੇ ਕਿਹਾ, ਵਸਤੂਆਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਤੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਰੇਟ ਨੂੰ ਵਧਾਇਆ ਜਾ ਰਿਹਾ ਹੈ।
ਹੋਰ ਕਿਹੜੀਆਂ ਕੰਪਨੀਆਂ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ ?
ਇਸ ਤੋਂ ਇਲਾਵਾ ਟਾਟਾ ਮੋਟਰਜ਼ ਨੇ ਸੋਮਵਾਰ ਨੂੰ ਕਿਹਾ ਕਿ ਉਹ ਅਗਲੇ ਮਹੀਨੇ ਤੋਂ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ ਤਿੰਨ ਫੀਸਦੀ ਤੱਕ ਵਧਾਏਗੀ। ਕੰਪਨੀ ਨੇ ਬਿਆਨ 'ਚ ਕਿਹਾ ਕਿ ਉਹ ਕੱਚੇ ਮਾਲ ਦੀ ਲਾਗਤ ਤੇ ਮਹਿੰਗਾਈ 'ਚ ਵਾਧੇ ਦੇ ਪ੍ਰਭਾਵ ਨੂੰ ਅੰਸ਼ਕ ਤੌਰ 'ਤੇ ਘੱਟ ਕਰਨ ਲਈ ਵਾਹਨਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਬਿਆਨ ਦੇ ਮੁਤਾਬਕ, ਇਹ ਕੀਮਤ ਵਾਧਾ ਜੋ ਕਿ ਜਨਵਰੀ 2025 ਤੋਂ ਲਾਗੂ ਹੋਵੇਗਾ, ਮਾਡਲਾਂ ਤੇ ਉਨ੍ਹਾਂ ਦੇ ਸੰਸਕਰਣਾਂ ਦੇ ਆਧਾਰ 'ਤੇ ਵੱਖ-ਵੱਖ ਹੋਵੇਗਾ। ਇਸ ਤੋਂ ਪਹਿਲਾਂ ਮਾਰੂਤੀ ਸੁਜ਼ੂਕੀ, ਹੁੰਡਈ, ਮਹਿੰਦਰਾ ਐਂਡ ਮਹਿੰਦਰਾ ਅਤੇ JSW MG ਮੋਟਰ ਸਮੇਤ ਕਈ ਵਾਹਨ ਨਿਰਮਾਤਾ ਕੰਪਨੀਆਂ ਨੇ ਵੀ ਅਗਲੇ ਮਹੀਨੇ ਤੋਂ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਲਗਜ਼ਰੀ ਆਟੋਮੇਕਰਜ਼ ਮਰਸਡੀਜ਼-ਬੈਂਜ਼ ਇੰਡੀਆ, ਔਡੀ ਅਤੇ ਬੀਐਮਡਬਲਯੂ ਨੇ ਵੀ ਲਾਗਤਾਂ ਅਤੇ ਸੰਚਾਲਨ ਖਰਚਿਆਂ ਵਿੱਚ ਵਾਧੇ ਦਾ ਹਵਾਲਾ ਦਿੰਦੇ ਹੋਏ ਜਨਵਰੀ ਤੋਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ।