GST ਕਟੌਤੀ ਨਾਲ ਇੱਕ ਝਟਕੇ ਨਾਲ 11 ਲੱਖ ਰੁਪਏ ਤੱਕ ਸਸਤੀਆਂ ਹੋਈਆਂ ਇਹ ਲਗਜ਼ਰੀ ਕਾਰਾਂ, ਖਰੀਦਣ ਤੋਂ ਪਹਿਲਾਂ ਜਾਣੋ ਜ਼ਰੂਰੀ ਗੱਲਾਂ
ਬਸ ਜਲਦ ਹੀ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਏਗਾ ਅਤੇ ਕਈ ਲੁਭਾਉਣ ਆਫਰ ਆਉਣਗੇ। ਇਸ ਲਈ ਜੇਕਰ ਤੁਸੀਂ ਵੀ ਕੋਈ ਨਵੀਂ ਕਾਰ ਖਰੀਦਣ ਬਾਰੇ ਮਨਾ ਬਣਾ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਲਗਜ਼ਰੀ ਕਾਰਾਂ ਉੱਤੇ ਵੱਡੀ ਕਟੌਤੀ ਹੋਣ ਜਾ ਰਹੀ ਹੈ...

ਭਾਰਤ ਸਰਕਾਰ ਦੇ GST 2.0 ਸੁਧਾਰਾਂ ਨੇ ਆਟੋਮੋਬਾਈਲ ਸੈਕਟਰ ਨੂੰ ਨਵੀਂ ਰਫ਼ਤਾਰ ਦੇ ਦਿੱਤੀ ਹੈ। ਜਿੱਥੇ ਛੋਟੀਆਂ ਗੱਡੀਆਂ 'ਤੇ ਵੱਡੀ ਛੋਟ ਮਿਲ ਰਹੀ ਹੈ, ਓਥੇ ਲਗਜ਼ਰੀ ਕਾਰਾਂ 'ਤੇ ਵੀ ਇਸਦਾ ਅਸਰ ਸਾਫ਼ ਦਿੱਸ ਰਿਹਾ ਹੈ। GST ਕੌਂਸਲ ਨੇ ਲਗਜ਼ਰੀ ਕਾਰਾਂ 'ਤੇ ਟੈਕਸ ਦਰ ਨੂੰ 45-50% ਤੋਂ ਘਟਾ ਕੇ 40% ਕਰ ਦਿੱਤਾ ਹੈ। ਇਸ ਬਦਲਾਅ ਦਾ ਫਾਇਦਾ ਹੁਣ ਸਿੱਧੇ ਗਾਹਕਾਂ ਤੱਕ ਪਹੁੰਚ ਰਿਹਾ ਹੈ। ਮਰਸਡੀਜ਼-ਬੈਂਜ਼ ਅਤੇ BMW ਨੇ ਅਧਿਕਾਰਕ ਤੌਰ 'ਤੇ ਐਲਾਨ ਕੀਤਾ ਹੈ ਕਿ ਉਹ ਇਸ ਟੈਕਸ ਕਟੌਤੀ ਦਾ ਪੂਰਾ ਲਾਭ ਕਾਰ ਖਰੀਦਦਾਰਾਂ ਨੂੰ ਦੇਣਗੇ। ਨਵੀਆਂ ਦਰਾਂ 22 ਸਤੰਬਰ 2025 ਤੋਂ ਲਾਗੂ ਹੋਣਗੀਆਂ।
ਮਰਸੀਡੀਜ਼-ਬੈਂਜ਼ ਦੀ ਨਵੀਂ ਕੀਮਤ
ਮਰਸੀਡੀਜ਼-ਬੈਂਜ਼ ਇੰਡੀਆ ਨੇ ਦੱਸਿਆ ਕਿ ਉਨ੍ਹਾਂ ਦੀਆਂ ਸਾਰੀਆਂ ਨਾਨ-ਇਲੈਕਟ੍ਰਿਕ ਗੱਡੀਆਂ (ਆਈਸੀਈ ਮਾਡਲਾਂ) 'ਤੇ 40% ਜੀਐੱਸਟੀ ਦਾ ਲਾਭ ਗ੍ਰਾਹਕਾਂ ਨੂੰ ਮਿਲੇਗਾ। ਹਾਲਾਂਕਿ, ਇਲੈਕਟ੍ਰਿਕ ਕਾਰਾਂ 'ਤੇ ਪਹਿਲਾਂ ਵਾਂਗੂ ਹੀ 5% ਜੀਐੱਸਟੀ ਲਾਗੂ ਰਹੇਗੀ। ਕੰਪਨੀ ਅਨੁਸਾਰ ਇਹ ਕਟੌਤੀ ਤਿਉਹਾਰੀ ਸੀਜ਼ਨ ਵਿੱਚ ਗ੍ਰਾਹਕਾਂ ਨੂੰ ਵਧੇਰੇ ਆਕਰਸ਼ਿਤ ਕਰੇਗੀ ਅਤੇ ਪ੍ਰੀਮੀਅਮ ਕਾਰ ਸੈਗਮੈਂਟ ਵਿੱਚ ਨਵੀਂ ਮੰਗ ਵਧਾਏਗੀ।
ਈ-ਕਲਾਸ ਐੱਲਡਬਲਿਊਬੀ, ਜੋ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਲਗਜ਼ਰੀ ਸੈਡਨ ਹੈ, ਹੁਣ ਹੋਰ ਵੀ ਕਿਫਾਇਤੀ ਹੋ ਜਾਵੇਗੀ। ਕੰਪਨੀ ਨੇ ਹਾਲ ਹੀ ਵਿੱਚ ਇਸ ਨੂੰ ਨਵੇਂ 'ਵਰਡੇ ਸਿਲਵਰ' ਰੰਗ ਵਿੱਚ ਲਾਂਚ ਕੀਤਾ ਹੈ। ਇਹ ਮਾਡਲ ਪਿਛਲੇ ਇੱਕ ਸਾਲ ਵਿੱਚ 9 ਵੱਡੇ ਆਟੋਮੋਬਾਈਲ ਅਵਾਰਡ ਜਿੱਤ ਚੁੱਕਾ ਹੈ। ਕੀਮਤਾਂ ਵਿੱਚ ਕਮੀ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਵਿਕਰੀ ਹੋਰ ਵਧੇਗੀ।
ਬੀਐੱਮਡਬਲਿਊ ਦੀਆਂ ਨਵੀਆਂ ਕੀਮਤਾਂ
ਬੀਐੱਮਡਬਲਿਊ ਇੰਡੀਆ ਨੇ ਵੀ ਆਪਣੇ ਗ੍ਰਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਕੁਝ ਚੁਣੀਆਂ ਹੋਈਆਂ ਮਾਡਲਾਂ ਦੀਆਂ ਕੀਮਤਾਂ ਵਿੱਚ 9 ਲੱਖ ਰੁਪਏ ਤੱਕ ਦੀ ਕਟੌਤੀ ਕੀਤੀ ਜਾਵੇਗੀ। ਹਾਲਾਂਕਿ ਬੀਐੱਮਡਬਲਿਊ ਨੇ ਅਜੇ ਸਾਰੇ ਮਾਡਲਾਂ ਦੀ ਪੂਰੀ ਪ੍ਰਾਈਸ ਲਿਸਟ ਸਾਂਝੀ ਨਹੀਂ ਕੀਤੀ ਹੈ, ਪਰ ਜਲਦੀ ਹੀ ਮਾਡਲ-ਵਾਈਜ਼ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਣਗੀਆਂ। ਬੀਐੱਮਡਬਲਿਊ ਦਾ ਇਹ ਕਦਮ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਬ੍ਰਾਂਡ ਨੂੰ ਹੋਰ ਮਜ਼ਬੂਤ ਬਣਾਵੇਗਾ। ਇਸ ਨਾਲ ਮਰਸੀਡੀਜ਼-ਬੈਂਜ਼ ਅਤੇ ਆਡੀ ਵਰਗੀਆਂ ਕੰਪਨੀਆਂ ਨਾਲ ਇਸ ਦੀ ਟੱਕਰ ਹੋਰ ਵੀ ਤਿੱਖੀ ਹੋ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















