(Source: ECI/ABP News/ABP Majha)
ਕਿੰਨੇ ਰੰਗ ਦੀਆਂ ਹੁੰਦੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ? ਜਾਣੋ ਹਰੇਕ ਰੰਗ ਦਾ ਮਤਲਬ?
ਸੜਕ ’ਤੇ ਦੌੜਦੇ ਵਾਹਨਾਂ ਉੱਤੇ ਤੁਸੀਂ ਅਕਸਰ ਵੱਖੋ-ਵੱਖਰੇ ਰੰਗਾਂ ਦੀਆਂ ਨੰਬਰ ਪਲੇਟਾਂ ਵੇਖਦੇ ਹੋ। ਸਫ਼ੇਦ ਰੰਗ ਦੀ ਨੰਬਰ ਪਲੇਟ ਜ਼ਿਆਦਾਤਰ ਗੱਡੀਆਂ ’ਤੇ ਲੱਗੀ ਹੁੰਦੀ ਹੈ। ਦਰਅਸਲ, ਗੱਡੀਆਂ ਉੱਤੇ ਕੁੱਲ 7 ਤਰ੍ਹਾਂ ਦੀਆਂ ਨੰਬਰ ਪਲੇਟਾਂ ਲੱਗਦੀਆਂ ਹਨ
ਸੜਕ ’ਤੇ ਦੌੜਦੇ ਵਾਹਨਾਂ ਉੱਤੇ ਤੁਸੀਂ ਅਕਸਰ ਵੱਖੋ-ਵੱਖਰੇ ਰੰਗਾਂ ਦੀਆਂ ਨੰਬਰ ਪਲੇਟਾਂ ਵੇਖਦੇ ਹੋ। ਸਫ਼ੇਦ ਰੰਗ ਦੀ ਨੰਬਰ ਪਲੇਟ ਜ਼ਿਆਦਾਤਰ ਗੱਡੀਆਂ ’ਤੇ ਲੱਗੀ ਹੁੰਦੀ ਹੈ। ਦਰਅਸਲ, ਗੱਡੀਆਂ ਉੱਤੇ ਕੁੱਲ 7 ਤਰ੍ਹਾਂ ਦੀਆਂ ਨੰਬਰ ਪਲੇਟਾਂ ਲੱਗਦੀਆਂ ਹਨ; ਜਿਨ੍ਹਾਂ ਵਿੱਚੋਂ ਕਈ ਤਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਮਤਲਬ ਕਿਸੇ ਨੂੰ ਪਤਾ ਨਹੀਂ ਲੱਗਦਾ। ਹਰੇਕ ਰੰਗ ਦਾ ਇੱਕ ਵੱਖਰਾ ਮਤਲਬ ਹੁੰਦਾ ਹੈ। ਆਓ ਇਸ ਬਾਰੇ ਥੋੜ੍ਹਾ ਖੁੱਲ੍ਹ ਕੇ ਜਾਣੀਏ:
1. ਸਫ਼ੇਦ ਪਲੇਟ: ਇਹ ਪਲੇਟ ਆਮ ਗੱਡੀਆਂ ’ਚ ਲੱਗਦੀ ਹੈ। ਅਜਿਹੇ ਵਾਹਨ ਦੀ ਵਰਤੋਂ ਵਪਾਰਕ ਮੰਤਵਾਂ ਲਈ ਨਹੀਂ ਕੀਤੀ ਜਾ ਸਕਦੀ। ਚਿੱਟੇ ਰੰਗ ਦੀ ਇਸ ਨੰਬਰ ਪਲੇਟ ਉੱਤੇ ਕਾਲੇ ਰੰਗ ਨਾਲ ਨੰਬਰ ਲਿਖੇ ਹੁੰਦੇ ਹਨ। ਇਸ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਇਹ ਕਿਸੇ ਦੀ ਨਿੱਜੀ ਗੱਡੀ ਹੈ।
2. ਪੀਲੀ ਪਲੇਟ: ਪੀਲੀ ਪਲੇਟ ਟੈਕਸੀ ਦੀ ਹੁੰਦੀ ਹੈ। ਇਹ ਕਮਰਸ਼ੀਅਲ ਵਰਤੋਂ ਵਾਲੇ ਟਰੱਕਾਂ ਜਾਂ ਟੈਕਸੀਆਂ ਵਿੱਚ ਲੱਗਦੀ ਹੈ। ਇਸ ਪਲੇਟ ਉੱਤੇ ਨੰਬਰ ਕਾਲੇ ਰੰਗ ਨਾਲ ਲਿਖਿਆ ਹੁੰਦਾ ਹੈ।
3. ਨੀਲੀ ਪਲੇਟ: ਨੀਲੇ ਰੰਗ ਦੀ ਨੰਬਰ ਪਲੇਟ ਅਜਿਹੇ ਵਾਹਨਾਂ ਨੂੰ ਮਿਲਦੀ ਹੈ, ਜਿਸ ਦੀ ਵਰਤੋਂ ਵਿਦੇਸ਼ੀ ਨੁਮਾਇੰਦਿਆਂ ਵੱਲੋਂ ਕੀਤੀ ਜਾਂਦੀ ਹੈ। ਨੀਲੇ ਰੰਗ ਦੀ ਇਸ ਪਲੇਟ ਉੱਤੇ ਚਿੱਟੇ ਰੰਗ ਨਾਲ ਨੰਬਰ ਲਿਖੇ ਹੁੰਦੇ ਹਨ। ਅਜਿਹੀਆਂ ਗੱਡੀਆਂ ਤੁਹਾਨੂੰ ਦਿੱਲੀ ਜਾਂ ਵੱਡੇ ਸ਼ਹਿਰਾਂ ਵਿੱਚ ਵੇਖਣ ਨੂੰ ਮਿਲ ਜਾਣਗੀਆਂ। ਇਹ ਗੱਡੀ ਆਮ ਤੌਰ ਉੱਤੇ ਵਿਦੇਸ਼ੀ ਦੂਤਾਵਾਸ ਦੀ ਹੁੰਦੀ ਹੈ ਜਾਂ ਫਿਰ ਯੂਐਨ ਮਿਸ਼ਨ ਲਈ ਹੁੰਦੀ ਹੈ।
4. ਕਾਲੀ ਪਲੇਟ: ਆਮ ਤੌਰ ਉੱਤੇ ਕਾਲੇ ਰੰਗ ਦੀ ਪਲੇਟ ਵਾਲੀਆਂ ਗੱਡੀਆਂ ਵੀ ਵਪਾਰਕ ਹੁੰਦੀ ਹੈ ਪਰ ਇਹ ਕਿਸੇ ਖ਼ਾਸ ਵਿਅਕਤੀ ਲਈ ਹੁੰਦੀਆਂ ਹਨ। ਅਜਿਹੀਆਂ ਗੱਡੀਆਂ ਆਮ ਤੌਰ ਉੱਤੇ ਕਿਸੇ ਵੱਡੇ ਹੋਟਲ ’ਚ ਖੜ੍ਹੀਆਂ ਮਿਲ ਜਾਣਗੀਆਂ। ਇਨ੍ਹਾਂ ਉੱਤੇ ਪੀਲੇ ਰੰਗ ਨਾਲ ਨੰਬਰ ਲਿਖੇ ਹੁੰਦੇ ਹਨ।
5. ਲਾਲ ਪਲੇਟ: ਜੇ ਕਿਸੇ ਗੱਡੀ ਉੱਤੇ ਲਾਲ ਰੰਗ ਦੀ ਨੰਬਰ ਪਲੇਟ ਹੈ, ਤਾਂ ਉਹ ਭਾਰਤ ਦੇ ਰਾਸ਼ਟਰਪਤੀ ਜਾਂ ਫਿਰ ਕਿਸੇ ਰਾਜ ਦੇ ਰਾਜਪਾਲ ਦੀ ਹੁੰਦੀ ਹੈ। ਇਹ ਲੋਕ ਬਿਨਾ ਲਾਇਸੈਂਸ ਦੀਆਂ ਆਫ਼ੀਸ਼ੀਅਲ ਗੱਡੀਆਂ ਦੀ ਵਰਤੋਂ ਕਰਦੇ ਹਨ। ਉਸ ਪਲੇਟ ਉੱਤੇ ਸੁਨਹਿਰੀ ਰੰਗ ਨਾਲ ਨੰਬਰ ਲਿਖੇ ਹੁੰਦੇ ਹਨ। ਇਨ੍ਹਾਂ ਗੱਡੀਆਂ ਉੱਤੇ ਲਾਲ ਰੰਗ ਦੀ ਨੰਬਰ ਪਲੇਟ ਉੱਤੇ ਅਸ਼ੋਕ ਦੀ ਲਾਠ ਦਾ ਚਿੰਨ੍ਹ ਬਣਿਆ ਹੁੰਦਾ ਹੈ।
6. ਤੀਰ ਵਾਲੀ ਨੰਬਰ ਪਲੇਟ: ਫ਼ੌਜੀ ਵਾਹਨਾਂ ਵਿੱਚ ਅਜਿਹੇ ਨਿਸ਼ਾਨ ਦੀ ਵਰਤੋਂ ਹੁੰਦੀ ਹੈ। ਇਹ ਨੰਬਰ ਰੱਖਿਆ ਮੰਤਰਾਲੇ ਵੱਲੋਂ ਜਾਰੀ ਹੁੰਦੇ ਹਨ। ਇਨ੍ਹਾਂ ਗੱਡੀਆਂ ਦੀ ਨੰਬਰ ਪਲੇਟ ਉੱਤੇ ਨੰਬਰ ਦੇ ਪਹਿਲੇ ਜਾਂ ਤੀਜੇ ਅੰਕ ਦੀ ਥਾਂ ਉੱਪਰ ਵੱਲ ਇਸ਼ਾਰਾ ਕਰਦਾ ਤੀਰ ਦਾ ਨਿਸ਼ਾਨ ਹੁੰਦਾ ਹੈ, ਜਿਸ ਨੂੰ ਬ੍ਰਾਡ ਐਰੋ ਕਿਹਾ ਜਾਂਦਾ ਹੈ। ਤੀਰ ਤੋਂ ਬਾਅਦ ਦੇ ਪਹਿਲੇ ਦੋ ਅੰਕ ਉਸ ਸਾਲ ਨੂੰ ਦਰਸਾਉਂਦੇ ਹਨ, ਜਿਸ ਵਿੱਚ ਫ਼ੌਜ ਨੇ ਉਹ ਵਾਹਨ ਖ਼ਰੀਦਿਆ ਸੀ। ਇਹ ਨੰਬਰ 11 ਅੰਕਾਂ ਦਾ ਹੁੰਦਾ ਹੈ।
7. ਹਰੀ ਨੰਬਰ ਪਲੇਟ: ਟ੍ਰਾਂਸਪੋਰਟ ਮੰਤਰਾਲੇ ਨੇ ਇਲੈਕਟ੍ਰਿਕ ਵਾਹਨਾਂ ਲਈ ਹਰੇ ਰੰਗ ਦੀ ਨੰਬਰ ਪਲੇਟ ਨਿਰਧਾਰਤ ਕੀਤੀ ਹੈ। ਪਲੇਟ ਦਾ ਬੈਕਗ੍ਰਾਊਂਡ ਹਰਾ ਹੋਵੇਗਾ ਤੇ ਇਸ ਉੱਤੇ ਵਾਹਨ ਦੇ ਵਰਗ ਦੇ ਹਿਸਾਬ ਨਾਲ ਪੀਲੇ ਜਾਂ ਚਿੱਟੇ ਰੰਗ ਨਾਲ ਨੰਬਰ ਲਿਖੇ ਹੁੰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904