Festive Season PV Sale: ਇਸ ਸਾਲ ਤਿਉਹਾਰੀ ਸੀਜ਼ਨ ਵਿੱਚ 10 ਲੱਖ ਤੋਂ ਵੱਧ ਗੱਡੀਆਂ ਦੀ ਵਿੱਕਰੀ ਹੋਣ ਦੀ ਉਮੀਦ
ਆਈਐਮਡੀ ਵੱਲੋਂ ਅਗਸਤ ਵਿੱਚ ਔਸਤ ਤੋਂ ਘੱਟ ਮੀਂਹ ਪੈਣ ਦੀ ਭਵਿੱਖਬਾਣੀ ਬਾਰੇ ਚਿੰਤਾ ਪ੍ਰਗਟਾਈ ਗਈ ਹੈ, ਕਿਉਂਕਿ ਇਸ ਨਾਲ ਫ਼ਸਲ ਦੀ ਪੈਦਾਵਾਰ ਘਟਣ ਦੀ ਸੰਭਾਵਨਾ ਹੈ। ਜਿਸ ਕਾਰਨ ਪੇਂਡੂ ਖੇਤਰਾਂ ਦੀ ਖਰੀਦ ਸ਼ਕਤੀ ਪ੍ਰਭਾਵਿਤ ਹੋ ਸਕਦੀ ਹੈ।
Vehicle Sale in Fastive Season: ਇਸ ਸਾਲ ਤਿਉਹਾਰੀ ਸੀਜ਼ਨ ਵਿੱਚ ਘਰੇਲੂ ਯਾਤਰੀ ਵਾਹਨਾਂ ਦੀਆਂ 10 ਲੱਖ ਤੋਂ ਵੱਧ ਯੂਨਿਟਾਂ ਦੀ ਵਿਕਰੀ ਹੋਣ ਦੀ ਉਮੀਦ ਹੈ, ਖਾਸ ਕਰਕੇ ਉਪਯੋਗੀ ਵਾਹਨਾਂ ਲਈ ਕਿਉਂਕਿ ਉਨ੍ਹਾਂ ਦੀ ਮੰਗ ਬਹੁਤ ਮਜ਼ਬੂਤ ਰਹਿੰਦੀ ਹੈ। ਤਿਉਹਾਰਾਂ ਦਾ ਸੀਜ਼ਨ 68 ਦਿਨਾਂ ਲਈ ਆਉਂਦਾ ਹੈ ਜੋ ਕਿ 17 ਅਗਸਤ ਤੋਂ 14 ਨਵੰਬਰ ਤੱਕ ਹੁੰਦਾ ਹੈ। ਵਿਚਕਾਰਲੇ ਕੁਝ ਦਿਨ ਖਰੀਦਦਾਰੀ ਲਈ ਚੰਗੇ ਨਹੀਂ ਮੰਨੇ ਜਾਂਦੇ।
ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਮਾਰਕੀਟਿੰਗ ਅਤੇ ਸੇਲਜ਼) ਸ਼ਸ਼ਾਂਕ ਸ਼੍ਰੀਵਾਸਤਵ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਮ ਤੌਰ 'ਤੇ ਤਿਉਹਾਰੀ ਸੀਜ਼ਨ ਦੌਰਾਨ ਸਾਲ ਭਰ ਦੀ ਵਿਕਰੀ ਦਾ ਲਗਭਗ 22-26 ਫੀਸਦੀ ਵਿਕਰੀ ਹੁੰਦੀ ਹੈ। ਪਰ ਇਸ ਵਿੱਤੀ ਸਾਲ 'ਚ ਯਾਤਰੀ ਵਾਹਨਾਂ ਦੀ ਕੁੱਲ ਵਿਕਰੀ 40 ਲੱਖ ਯੂਨਿਟ ਦੇ ਅੰਦਰ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ ਤਿਉਹਾਰੀ ਸੀਜ਼ਨ 'ਚ ਕਰੀਬ 10 ਲੱਖ ਯੂਨਿਟਾਂ ਦੀ ਵਿਕਰੀ ਦੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਇਸ ਸਾਲ ਵਿਕਰੀ 'ਚ ਮਜ਼ਬੂਤੀ ਦੇਖਣ ਨੂੰ ਮਿਲੀ ਹੈ, ਜੋ ਆਉਣ ਵਾਲੇ ਮਹੀਨਿਆਂ 'ਚ ਵੀ ਜਾਰੀ ਰਹਿਣ ਦੀ ਉਮੀਦ ਹੈ।
ਇਸ ਦੇ ਨਾਲ ਹੀ ਇਸ ਵਿੱਤੀ ਸਾਲ 'ਚ ਅਪ੍ਰੈਲ, ਮਈ, ਜੂਨ ਅਤੇ ਜੁਲਾਈ 'ਚ ਸਭ ਤੋਂ ਵਧੀਆ ਵਿਕਰੀ ਦੇਖਣ ਨੂੰ ਮਿਲੀ ਹੈ। ਜੁਲਾਈ ਵਿੱਚ ਲਗਭਗ 3.52 ਲੱਖ ਯੂਨਿਟਾਂ ਦੀ ਦੂਜੀ ਸਭ ਤੋਂ ਵੱਧ ਵਿਕਰੀ ਹੋਈ, ਜੋ ਅਗਸਤ ਵਿੱਚ ਵੀ ਜਾਰੀ ਰਹਿਣ ਦੀ ਉਮੀਦ ਹੈ। ਵਾਹਨਾਂ ਲਈ ਕਰਜ਼ੇ ਦੀ ਉੱਚ ਕੀਮਤ ਵੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਲਗਭਗ 83 ਫੀਸਦੀ ਗਾਹਕ ਕਾਰ ਖਰੀਦਣ ਲਈ ਇਸ ਦਾ ਸਹਾਰਾ ਲੈਂਦੇ ਹਨ।
ਵਿਕਰੀ ਦੇ ਮਾਮਲੇ ਵਿੱਚ ਮਾਰੂਤੀ ਸੁਜ਼ੂਕੀ ਦਾ ਪ੍ਰਦਰਸ਼ਨ ਆਮ ਤੌਰ 'ਤੇ ਬਾਕੀ ਪ੍ਰਤੀਯੋਗੀਆਂ ਨਾਲੋਂ ਥੋੜ੍ਹਾ ਬਿਹਤਰ ਹੁੰਦਾ ਹੈ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਆਪਣੀ ਕੁੱਲ ਸਾਲਾਨਾ ਵਿਕਰੀ ਦਾ ਲਗਭਗ 22-25 ਪ੍ਰਤੀਸ਼ਤ ਪ੍ਰਾਪਤ ਕਰਦਾ ਹੈ ਕਿਉਂਕਿ ਮਾਰੂਤੀ ਖਾਸ ਤੌਰ 'ਤੇ ਬਜਟ ਵਾਹਨਾਂ ਦੇ ਮਾਮਲੇ 'ਚ ਮਜ਼ਬੂਤ ਸਥਿਤੀ 'ਚ ਹੈ, ਜਿਨ੍ਹਾਂ ਨੂੰ ਗਾਹਕ ਤਿਉਹਾਰੀ ਸੀਜ਼ਨ 'ਚ ਜ਼ਿਆਦਾ ਖਰੀਦਣਾ ਪਸੰਦ ਕਰਦੇ ਹਨ।
ਇਸ ਦੇ ਨਾਲ ਹੀ ਮਾਰੂਤੀ ਦੇ ਹਾਲ ਹੀ ਵਿੱਚ ਲਾਂਚ ਕੀਤੇ ਗਏ ਮਾਡਲ ਵੀ ਤਿਉਹਾਰੀ ਸੀਜ਼ਨ ਦੌਰਾਨ ਵਿੱਕਰੀ ਵਧਾਉਣ ਵਿੱਚ ਸਕਾਰਾਤਮਕ ਭੂਮਿਕਾ ਨਿਭਾਉਣਗੇ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੋਣ ਦੇ ਨਾਤੇ, ਇਸ ਕੋਲ ਇਸ ਸਮੇਂ ਲਗਭਗ 43 ਪ੍ਰਤੀਸ਼ਤ ਮਾਰਕੀਟ ਹਿੱਸੇਦਾਰੀ ਹੈ। ਬਾਕੀ ਆਟੋਮੋਬਾਈਲ ਕੰਪਨੀਆਂ ਵੀ ਤਿਉਹਾਰੀ ਸੀਜ਼ਨ ਲਈ ਸਕਾਰਾਤਮਕ ਹਨ।
ਇਸ ਦੇ ਨਾਲ ਹੀ ਆਟੋਮੋਬਾਈਲ ਡੀਲਰਾਂ ਦੀ ਸੰਸਥਾ FADA ਨੇ ਵੀ ਸਕਾਰਾਤਮਕ ਵਿਕਰੀ ਦੀ ਉਮੀਦ ਜਤਾਈ ਹੈ। ਹਾਲਾਂਕਿ IMD ਨੇ ਅਗਸਤ 'ਚ ਔਸਤ ਤੋਂ ਘੱਟ ਬਾਰਿਸ਼ ਦੀ ਭਵਿੱਖਬਾਣੀ 'ਤੇ ਚਿੰਤਾ ਜ਼ਾਹਰ ਕੀਤੀ ਹੈ। ਕਿਉਂਕਿ ਇਸ ਕਾਰਨ ਫਸਲ ਦਾ ਝਾੜ ਘਟਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਜਿਸ ਨਾਲ ਖਾਸ ਕਰਕੇ ਪੇਂਡੂ ਖੇਤਰਾਂ ਦੀ ਖਰੀਦ ਸ਼ਕਤੀ ਪ੍ਰਭਾਵਿਤ ਹੋ ਸਕਦੀ ਹੈ। FADA ਦੇਸ਼ ਵਿੱਚ 15,000 ਤੋਂ ਵੱਧ ਆਟੋਮੋਬਾਈਲ ਡੀਲਰਾਂ ਦੀ ਪ੍ਰਮੁੱਖ ਐਸੋਸੀਏਸ਼ਨ ਹੈ।