(Source: ECI/ABP News/ABP Majha)
ਹੈਲਮੇਟ ਪਾ ਕੇ ਚਲਾ ਰਹੇ ਹੋ ਮੋਟਰਸਾਈਕਲ ਜਾਂ ਸਕੂਟਰ ਤਾਂ ਵੀ ਕੱਟ ਸਕਦਾ 2000 ਦਾ ਚਲਾਨ, ਜਾਣੋ ਇਹ ਟ੍ਰੈਫਿਕ ਨਿਯਮ
ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਹਿਨਣਾ ਲਾਜ਼ਮੀ ਹੈ। ਬਿਨਾਂ ਹੈਲਮੇਟ ਦੇ ਗੱਡੀ ਚਲਾਉਣਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੈ ਤੇ ਤੁਹਾਡਾ ਚਲਾਨ ਵੀ ਹੋ ਸਕਦਾ ਹੈ।
ਨਵੀਂ ਦਿੱਲੀ: ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਹਿਨਣਾ ਲਾਜ਼ਮੀ ਹੈ। ਬਿਨਾਂ ਹੈਲਮੇਟ ਦੇ ਗੱਡੀ ਚਲਾਉਣਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੈ ਤੇ ਤੁਹਾਡਾ ਚਲਾਨ ਵੀ ਹੋ ਸਕਦਾ ਹੈ। ਹਾਲਾਂਕਿ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ ਕਿ ਟ੍ਰੈਫਿਕ ਨਿਯਮਾਂ ਦੇ ਮੁਤਾਬਕ ਸਿਰਫ ਹੈਲਮੇਟ ਪਾ ਕੇ ਦੋਪਹੀਆ ਵਾਹਨ ਚਲਾਉਣ 'ਤੇ ਵੀ ਜੁਰਮਾਨਾ ਲਗਾਇਆ ਜਾ ਸਕਦਾ ਹੈ। ਨਵੇਂ ਟ੍ਰੈਫਿਕ ਨਿਯਮਾਂ ਮੁਤਾਬਕ ਹੈਲਮੇਟ ਪਾਉਣ 'ਤੇ ਵੀ 2000 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ।
ਮੋਟਰ ਵਹੀਕਲ ਐਕਟ ਅਨੁਸਾਰ, ਜੇਕਰ ਕੋਈ ਮੋਟਰਸਾਈਕਲ ਜਾਂ ਸਕੂਟਰ ਸਵਾਰ ਵਾਹਨ ਚਲਾਉਂਦੇ ਸਮੇਂ ਹੈਲਮੇਟ ਨਹੀਂ ਪਹਿਨਦਾ ਹੈ, ਤਾਂ ਉਸ ਨੂੰ ਨਿਯਮ 194 ਡੀ ਐਮਵੀਏ ਤਹਿਤ 1000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਇੰਨਾ ਹੀ ਨਹੀਂ, ਜੇਕਰ ਕੋਈ ਘਟੀਆ ਹੈਲਮੇਟ ਪਾਉਂਦਾ ਹੈ ਜਾਂ ਉਸ ਦੇ ਹੈਲਮੇਟ 'ਤੇ BIS ਰਜਿਸਟ੍ਰੇਸ਼ਨ ਮਾਰਕ ਨਹੀਂ ਹੈ, ਤਾਂ ਡਰਾਈਵਰ ਨੂੰ 194D MVA ਦੇ ਅਨੁਸਾਰ 1000 ਰੁਪਏ ਦਾ ਵਾਧੂ ਚਲਾਨ ਭਰਨਾ ਪੈ ਸਕਦਾ ਹੈ।
ਦੋ ਸਾਲ ਪਹਿਲਾਂ, ਕੇਂਦਰ ਨੇ ਇੱਕ ਨਿਯਮ ਲਾਗੂ ਕੀਤਾ ਸੀ ਕਿ ਭਾਰਤ ਵਿੱਚ ਸਿਰਫ਼ ਦੋਪਹੀਆ ਵਾਹਨਾਂ ਲਈ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਵੱਲੋਂ ਪ੍ਰਮਾਣਿਤ ਹੈਲਮੇਟ ਹੀ ਬਣਾਏ ਤੇ ਵੇਚੇ ਜਾਣਗੇ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ, ਸੜਕ ਸੁਰੱਖਿਆ 'ਤੇ ਬਣੀ ਕਮੇਟੀ ਨੇ ਮਾਰਚ 2018 ਵਿੱਚ ਦੇਸ਼ ਵਿੱਚ ਹਲਕੇ ਹੈਲਮੇਟ ਦੀ ਸਿਫਾਰਸ਼ ਕੀਤੀ ਸੀ।
ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਵੀ ਹਾਲ ਹੀ ਵਿੱਚ ਦੋ ਪਹੀਆ ਵਾਹਨਾਂ 'ਤੇ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲਿਜਾਣ ਲਈ ਸੁਰੱਖਿਆ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਨਵੇਂ ਟ੍ਰੈਫਿਕ ਨਿਯਮਾਂ ਦੇ ਤਹਿਤ, ਦੋਪਹੀਆ ਵਾਹਨ ਸਵਾਰਾਂ ਲਈ ਬੱਚਿਆਂ ਨੂੰ ਲਿਜਾਣ ਸਮੇਂ ਹੈਲਮੇਟ ਅਤੇ ਹਾਰਨੈੱਸ ਬੈਲਟ ਦੀ ਵਰਤੋਂ ਕਰਨਾ ਲਾਜ਼ਮੀ ਹੈ।
ਇਸ ਦੇ ਨਾਲ ਹੀ ਵਾਹਨ ਦੀ ਸਪੀਡ ਨੂੰ ਵੀ ਸਿਰਫ 40 ਕਿਲੋਮੀਟਰ ਪ੍ਰਤੀ ਘੰਟੇ ਤੱਕ ਸੀਮਤ ਰੱਖਣਾ ਹੋਵੇਗਾ। ਨਵੇਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ 1000 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਨਾਲ ਹੀ ਡਰਾਈਵਰ ਦਾ ਡਰਾਈਵਿੰਗ ਲਾਇਸੈਂਸ ਤਿੰਨ ਮਹੀਨਿਆਂ ਲਈ ਸਸਪੈਂਡ ਕੀਤਾ ਜਾ ਸਕਦਾ ਹੈ।