PM ਮੋਦੀ ਦੀ ਕਸ਼ਮੀਰੀ ਲੀਡਰਾਂ ਨਾਲ ਮੀਟਿੰਗ ਪਿੱਛੋਂ ਵਾਦੀ ’ਚ ਖੂਨੀ ਖੇਡ!
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰੀ ਆਗੂਆਂ ਨਾਲ ਇੱਕ ਮੀਟਿੰਗ ਕੀ ਕਰ ਲਈ, ਉਸ ਤੋਂ ਬਾਅਦ ਅਚਾਨਕ ਹੀ ਵਾਦੀ ਵਿੱਚ ਅਚਾਨਕ ਅੱਤਵਾਦੀ ਵਾਰਦਾਤਾਂ ਵਧ ਗਈਆਂ। ਇਸ ਨੂੰ ਤੁਰੰਤ ਸਮਝਣ ਦੀ ਜ਼ਰੂਰਤ ਹੈ। ਅਜਿਹੀਆਂ ਦਹਿਸ਼ਤਗਰਦ ਘਟਨਾਵਾਂ ਪਿੱਛੇ ਹੋਰ ਕੋਈ ਨਹੀਂ, ਸਿਰਫ਼ ਤੇ ਸਿਰਫ਼ ਪਾਕਿਸਤਾਨ ਦੀਆਂ ਹੀ ਕੋਝੀਆਂ ਚਾਲਾਂ ਹਨ।
ਦਰਅਸਲ, ਪਾਕਿਸਤਾਨ ਦੀ ਸਿਆਸਤ ਦਾ ਮੁੱਖ ਤੇ ਸਭ ਤੋਂ ਵੱਡਾ ਆਧਾਰ ‘ਕਸ਼ਮੀਰ’ ਹੈ। ਉਸ ਗੁਆਂਢੀ ਦੇਸ਼ ਵਿੱਚ ਪਾਰਟੀ ਭਾਵੇਂ ਕੋਈ ਵੀ ਹੋਵੇ, ਕਸ਼ਮੀਰ ਨੂੰ ਉਨ੍ਹਾਂ ਸਾਰਿਆਂ ਨੇ ਆਪਣੇ ਕੇਂਦਰੀ ਧੁਰੇ ਵਜੋਂ ਹੀ ਰੱਖਣਾ ਹੁੰਦਾ ਹੈ। ਇਸੇ ਲਈ ਪਾਕਿਸਤਾਨ ਦੇ ਮੋਹਰੀ ਆਗੂ ਸਦਾ ਪਾਕਿਸਤਾਨ ਦਾ ਮੁੱਦਾ ਆਨੀਂ-ਬਹਾਨੀਂ ਕੌਮੀ ਤੇ ਕੌਮਾਂਤਰੀ ਮੰਚਾਂ ਉੱਤੇ ਉਠਾਉਂਦੇ ਰਹਿੰਦੇ ਹਨ। ਉਹ ਇਸ ਤੱਥ ਤੋਂ ਭਲੀਭਾਂਤ ਵਾਕਫ਼ ਹਨ ਕਿ ਜੇ ਕਿਤੇ ਕਸ਼ਮੀਰ ਮਸਲਾ ਹੱਲ ਹੋ ਗਿਆ, ਤਾਂ ਉਨ੍ਹਾਂ ਦੀਆਂ ਸਿਆਸੀ ਰੋਟੀਆਂ ਸਿਕਣੀਆਂ ਬੰਦ ਹੋ ਜਾਣਗੀਆਂ।
ਹੁਣ ਲੰਘੀ 25 ਜੂਨ ਨੂੰ ਜਦ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਆਗੂਆਂ ਨਾਲ ਦੁਬਾਰਾ ਗੱਲ ਕੀਤੀ ਹੈ, ਤਦ ਤੋਂ ਬਾਅਦ ਕਸ਼ਮੀਰ ਵਾਦੀ ’ਚ ਤਿੰਨ ਵੱਡੀਆਂ ਅੱਤਵਾਦੀ ਵਾਰਦਾਤਾਂ ਵਾਪਰ ਗਈਆਂ ਹਨ। ਦਰਅਸਲ, ਇਸ ਮੀਟਿੰਗ ਤੋਂ ਬਾਅਦ ਜ਼ਿਆਦਾਤਰ ਕਸ਼ਮੀਰ ਆਗੂਆਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਹੁਣ ਧਾਰਾ 370 ਜਿਹੇ ਮੁੱਦਿਆਂ ਨੂੰ ਲਾਂਭੇ ਕਰਕੇ ਸੁਨਹਿਰੀ ਭਵਿੱਖ ਵੱਲ ਵਧਣ ਦੀ ਲੋੜ ਹੈ।
ਕਸ਼ਮੀਰੀ ਆਗੂਆਂ ਦੇ ਅਜਿਹੇ ਵਿਚਾਰ ਸਾਹਮਣੇ ਆਉਂਦਿਆਂ ਹੀ ਪਾਕਿਸਤਾਨ ’ਚ ਬੈਠੇ ਅੱਤਵਾਦੀ ਅਨਸਰਾਂ ’ਚ ਹਲਚਲ ਮੱਚ ਗਈ। ਉਨ੍ਹਾਂ ਤੁਰੰਤ ਘਬਰਾ ਕੇ ਕਸ਼ਮੀਰ ਵਾਦੀ ’ਚ ਗੜਬੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕੋਲ ਵਿਕੇ ਹੋਏ ਭਾਰਤ ’ਚ ਬੈਠੇ ਕੁਝ ਪਿਆਦੇ ਤੇ ਭਾੜੇ ਦੇ ਟੱਟੂ ਉਨ੍ਹਾਂ ਦੇ ਇਸ਼ਾਰਿਆਂ ਉੱਤੇ ਘਾਟੀ ’ਚ ਖ਼ੂਨ-ਖ਼ਰਾਬਾ ਕਰਨ ਲੱਗੇ।
ਪਹਿਲਾਂ ਨਮਾਜ਼ ਪੜ੍ਹਨ ਜਾ ਰਹੇ ਪਰਵੇਜ਼ ਅਹਿਮਦ ਡਾਰ ਦੀ ਅੱਤਵਾਦੀ ਹੱਤਿਆ ਕਰ ਦਿੰਦੇ ਹਨ। ਉਸ ਤੋਂ ਬਾਅਦ ਕੱਲ੍ਹ ਐਤਵਾਰ ਨੂੰ ਭਾਰਤੀ ਹਵਾਈ ਫ਼ੌਜ ਦੇ ਏਅਰਬੇਸ ਉੱਤੇ ਡ੍ਰੋਨ ਨਾਲ ਬੰਬਾਂ ਦਾ ਹਮਲਾ ਹੁੰਦਾ ਹੈ। ਇਸ ਦੇ ਨਾਲ ਹੀ ਪੁਲਿਸ ਦੇ ਐੱਸਪੀਓ ਫ਼ੈਯਾਜ਼ ਅਹਿਮਦ ਡਾਰ ਤੇ ਉਸ ਦੀ ਪਤਨੀ ਨੂੰ ਮਾਰ ਦਿੱਤਾ ਜਾਂਦਾ ਹੈ।
ਮਾਹਿਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਅਜਿਹੀਆਂ ਚੇਤਾਵਨੀਆਂ ਦੇ ਰਹੇ ਹਨ ਕਿ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਬਹਾਲੀ ਦੀ ਪ੍ਰਕਿਰਿਆ ਨੂੰ ਪਾਕਿਸਤਾਨ ’ਚ ਰਹਿੰਦੇ ਦਹਿਸ਼ਤਗਰਦ ਅਨਸਰ ਕਦੇ ਬਰਦਾਸ਼ਤ ਨਹੀਂ ਕਰ ਸਕਦੇ। ਉਹ ਕਸ਼ਮੀਰ ਵਾਦੀ ਦੀ ਤਰੱਕੀ ਕਦੇ ਨਹੀਂ ਚਾਹੁਣਗੇ।
ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰੀ ਆਗੂਆਂ ਨਾਲ ਮੁਲਾਕਾਤ ਕੀਤੀ ਸੀ, ਉਸੇ ਦਿਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਉਸ ਮੁਲਾਕਾਤ ਨੂੰ ‘ਪੀਆਰ ਸਟੰਟ’ ਅਤੇ ‘ਨਾਟਕ’ ਕਰਾਰ ਦਿੱਤਾ ਸੀ। ‘ਨਵਭਾਰਤ ਟਾਈਮਜ਼’ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਨੂੰ ਅਸਲ ਦਰਦ ਇਸ ਗੱਲ ਦਾ ਸੀ ਕਿ ਭਾਰਤ ਸਰਕਾਰ ਨੇ ਕਸ਼ਮੀਰ ਦੇ ਮੁੱਖ ਵੱਖਵਾਦੀ ਧੜੇ ਹੁਰੀਅਤ ਕਾਨਫ਼ਰੰਸ ਨੂੰ ਕਿਉਂ ਨਹੀਂ ਸੱਦਿਆ?
ਉਸ ਨੂੰ ਇਹ ਵੀ ਆਸ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ’ਚ ਪੀਪਲਜ਼ ਡੈਮੋਕ੍ਰੈਟਿਕ ਪਾਰਟੀ (PDP) ਦੇ ਮੁਖੀ ਮਹਿਬੂਬਾ ਮੁਫ਼ਤੀ ਧਾਰਾ 370 ਦੀ ਵਾਪਸੀ ਉੱਤੇ ਅੜ ਜਾਣਗੇ ਤੇ ਉਹ ਭਾਰਤੀਆਂ ਦੇ ਜਜ਼ਬਾਤ ਦੇ ਉਲਟ ਬੋਲਣਗੇ ਪਰ ਅਜਿਹਾ ਕੁਝ ਨਹੀਂ ਹੋਇਆ। ਜੇ ਮਹਿਬੂਬਾ ਨੇ ਇੱਕ-ਅੱਧੀ ਆਰ ਅਜਿਹਾ ਮੁੱਦਾ ਚੁੱਕਣਾ ਵੀ ਚਾਹਿਆ, ਤਾਂ ਕਸ਼ਮੀਰ ਦੇ ਹੀ ਆਗੂ ਮਿਰਜ਼ਾ ਮੁਜ਼ੱਫ਼ਰ ਬੇਗ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਪੀਪਲਜ਼ ਕਾਨਫ਼ਰੰਸ (PC) ਦੇ ਆਗੂ ਮੁਜ਼ੱਫ਼ਰ ਬੇਗ ਨੇ ਕਿਹਾ ਕਿ ਧਾਰਾ 370 ਅਤੇ 35ਏ ਹਟਾਉਣ ਦਾ ਮਾਮਲਾ ਸੁਪਰੀਮ ਕੋਰਟ ’ਚ ਜ਼ੇਰੇ ਗ਼ੌਰ ਹੈ।
ਉੱਧਰ ਨੈਸ਼ਨਲ ਕਾਨਫ਼ਰੰਸ ਦੇ ਆਗੂ ਤੇ ਗੁਪਕਰ ਗੱਠਜੋੜ ਦੇ ਪ੍ਰਧਾਨ ਡਾ. ਫ਼ਾਰੂਕ ਅਬਦੁੱਲ੍ਹਾ ਨੇ ਉਸ ਮੀਟਿੰਗ ’ਚ ਜਾਂਦੇ ਸਮੇਂ ਮੀਡੀਆ ਸਾਹਮਣੇ ਪਾਕਿਸਤਾਨ ਦੀਆਂ ਧੱਜੀਆਂ ਉਡਾ ਦਿੱਤੀਆਂ। ਉਨ੍ਹਾਂ ਕਿਹਾ, ਮੈਂ ਪਾਕਿਸਤਾਨ ਆਦਿ ਦੀ ਗੱਲ ਨਹੀਂ ਕਰਨੀ। ਮੈਂ ਆਪਣੇ ਵਤਨ ਨਾਲ ਗੱਲ ਕਰਨੀ ਹੈ, ਆਪਣੇ ਵਤਨ ਦੇ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਨੀ ਹੈ। ਸੁਭਾਵਕ ਤੌਰ ਉੱਤੇ ਅਜਿਹੀਆਂ ਗੱਲਾਂ ਪਾਕਿਸਤਾਨ ਨੂੰ ਚੁਭੀਆਂ ਤੇ ਅਗਲੇ ਦੋ ਦਿਨਾਂ ਅੰਦਰ ਹੀ ਅੱਤਵਾਦੀ ਵਾਰਦਾਤਾਂ ਵਾਪਰ ਗਈਆਂ।
ਇਹ ਵੀ ਪੜ੍ਹੋ: Gippy Grewal ਨੇ ਇੱਕ ਕ੍ਰੀਏਟਿਵ ਪੋਸਟ ਰਾਹੀਂ ਦੱਸਿਆ ਆਪਣੀ ਆਉਣ ਵਾਲੀ ਐਲਬਮ ਦਾ ਨਾਂ, ਕੀ ਤੁਹਾਨੂੰ ਮਿਲਿਆ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin