ਪੱਛਮੀ ਬੰਗਾਲ ਤੋਂ ਬੀਜੇਪੀ ਖਿਲਾਫ ਬਿਗੁਲ, ਮੋਦੀ ਦਾ 'ਮਹਾਰਥੀ' ਵਾਲਾ ਅਕਸ ਢਹਿ ਢੇਰੀ
ਵਿਨੈ ਲਾਲ, ਪ੍ਰੋਫੈਸਰ
ਇਹ ਕਹਿਣਾ ਜ਼ਲਦਬਾਜੀ ਹੈ ਕਿ ਪੱਛਮੀ ਬੰਗਾਲ ’ਚ ਹੋਈ ਹਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਕਸ ਨੂੰ ਧੁੰਦਲਾ ਕਰ ਦਿੱਤਾ ਹੈ ਤੇ ਕੋਰੋਨਾ ਕਾਲ ’ਚ ਬਣੇ ਬੁਰੇ ਹਾਲਾਤ ਕਾਰਨ ਕੌਮਾਂਤਰੀ ਮੀਡੀਆ ’ਚ ਉਨ੍ਹਾਂ ਦੀ ਚਮਕ ਫਿੱਕੀ ਪੈ ਗਈ ਹੈ ਪਰ ਇੱਕ ਵੱਡਾ ਸਿੱਟਾ ਇਹ ਹੈ ਕਿ ਹਰੇਕ ਚੋਣ ਜਿੱਤਣ ’ਚ ਮੋਦੀ ਦਾ 'ਮਹਾਰਥੀ' ਵਾਲਾ ਅਕਸ ਇਸ ਵਾਰ ਢਹਿ ਢੇਰੀ ਹੋ ਗਿਆ ਹੈ ।
ਭਾਰਤੀ ਚੋਣਾਂ ਕਦੇ ਵੀ ਅਰਾਮਦਾਇਕ ਮੁੱਦਾ ਨਹੀਂ ਰਹੀਆਂ। ਖ਼ਾਸਕਰ ਪਿਛਲੇ ਦਹਾਕੇ ’ਚ ਤਾਂ ਕਦੇ ਨਹੀਂ। ਇਨ੍ਹਾਂ ਪਿਛਲੇ ਸਾਲਾਂ ’ਚ ਸੂਬਿਆਂ ਦੀਆਂ ਚੋਣਾਂ ਵੀ ਇੰਨੇ ਵੱਡੇ ਪੱਧਰ 'ਤੇ ਲੜੀਆਂ ਗਈਆਂ ਸੀ ਕਿ ਉਨ੍ਹਾਂ ਅੱਗੇ ਦੁਨੀਆਂ ਦੇ ਕਈ ਦੇਸ਼ਾਂ ਦੀਆਂ ਰਾਸ਼ਟਰੀ ਆਮ ਚੋਣਾਂ ਤਕ ਫਿੱਕੀਆਂ ਪੈ ਜਾਣ। ਹਾਲ ਹੀ ’ਚ ਖਤਮ ਹੋਈ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਜਿਹੜੇ ਹੱਥਕੰਡਿਆਂ ਦੀ ਵਰਤੋਂ ਕੀਤੀ, ਉਸ ਨੂੰ ਇਤਿਹਾਸ ਦੀਆਂ ਸਭ ਤੋਂ ਕੌੜੀਆਂ ਚੋਣਾਂ ’ਚ ਗਿਣਿਆ ਜਾਵੇਗਾ। ਇਹ ਚੋਣਾਂ ਭਾਜਪਾ ਦੀ ਡਿੱਗਦੀ ਸਾਖ ਦਾ ਸਪਸ਼ਟ ਸੰਕੇਤ ਵੀ ਦਿੰਦੀਆਂ ਹਨ ਕਿ ਕਿਵੇਂ ਇਹ ਪਾਰਟੀ ਚੋਣ ਕਮਿਸ਼ਨ ਜਿਹੀ ਸੰਸਥਾ ਨੂੰ ਚੋਣ ਜਿੱਤਣ ਲਈ ਬੇਸ਼ਰਮੀ ਨਾਲ ਵਰਤੋਂ ਕਰ ਸਕਦੀ ਹੈ।
ਇਸ ਹਾਰ ਨਾਲ ਭਾਜਪਾ ਤੇ ਖ਼ਾਸਕਰ ਇਸ ਦੇ ਦੋ ਦਿੱਗਜ ਹਾਕਮਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਪੈਣ ਵਾਲੇ ਪ੍ਰਭਾਵ ਦਾ ਮੁਲਾਂਕਣ ਕਰਨ ਤੋਂ ਪਹਿਲਾਂ ਕੁਝ ਸੰਭਾਵੀ ਇਤਰਾਜ਼ਾਂ 'ਤੇ ਵਿਚਾਰ ਕਰਨਾ ਮਹੱਤਵਪੂਰਨ ਹੈ। 77 ਸੀਟਾਂ ਤੇ 38.1 ਫ਼ੀਸਦੀ ਵੋਟਾਂ 'ਤੇ ਮਾਣ ਵਾਲੀ ਭਾਜਪਾ ਦੀ ਹਾਰ ਦੇ ਬਾਵਜੂਦ ਬਹੁਤ ਸਾਰੇ ਲੋਕ ਇਹ ਸਵੀਕਾਰ ਕਰਨ ਲਈ ਤਿਆਰ ਨਹੀਂ ਕਿ ਪਿਛਲੇ 7 ਸਾਲਾਂ ’ਚ ਇਹ ਭਾਜਪਾ ਦੀ ਸਭ ਤੋਂ ਵੱਡੀ ਹਾਰ ਹੈ।
ਦਰਅਸਲ ਇੱਥੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਚੋਣਾਂ ’ਚ ਕਾਂਗਰਸ ਦੀ ਸਥਿਤੀ। ਜਿਸ ਨੇ ਕੇਰਲਾ, ਪੁੱਡੂਚੇਰੀ, ਤਾਮਿਲਨਾਡੂ ਤੇ ਅਸਾਮ ਸਮੇਤ ਪੱਛਮੀ ਬੰਗਾਲ ’ਚ ਚੋਣਾਂ ਲੜੀਆਂ ਤੇ ਇਹ ਸਪੱਸ਼ਟ ਹੋ ਗਿਆ ਕਿ ਹੁਣ ਉਹ ਮਾੜੀ ਹਾਲਤ ’ਚ ਪਹੁੰਚ ਗਈ ਹੈ। ਇਸੇ ਤਰ੍ਹਾਂ ਆਮ ਵਿਅਕਤੀ ਵੀ ਆਸਾਨੀ ਨਾਲ ਦੱਸ ਸਕਦਾ ਹੈ ਕਿ ਸੀਪੀਐਮ ਖ਼ਤਮ ਹੋਣ ਦੇ ਨਿਸ਼ਾਨ ਤਕ ਪਹੁੰਚ ਚੁੱਕੀ ਹੈ। ਜਦਕਿ ਕੁਝ ਸਮਾਂ ਪਹਿਲਾਂ ਤਕ ਉਹ ਪੱਛਮੀ ਬੰਗਾਲ ਦੀ ਰਾਜਨੀਤੀ ਨੂੰ ਕੰਟਰੋਲ ਕਰਦੀ ਸੀ।
ਖੱਬੇਪੱਖੀ-ਕਾਂਗਰਸ ਗੱਠਜੋੜ ਇਸ ਸੂਬੇ ’ਚ ਇਕ ਵੀ ਸੀਟ ਨਹੀਂ ਜਿੱਤ ਸਕੀ। ਉੱਥੇ ਹੀ ਖੱਬੇਪੱਖੀ ਪਾਰਟੀ ਨੇ 2016 ਦੀਆਂ ਵਿਧਾਨ ਸਭਾ ਚੋਣਾਂ ’ਚ 76 ਸੀਟਾਂ ਜਿੱਤੀਆਂ ਸਨ। ਅਜਿਹੀ ਸਥਿਤੀ ਵਿੱਚ ਭਾਜਪਾ ਦਾ ਬਚਾਅ ਕਰਨ ਵਾਲੇ ਇਹ ਕਹਿ ਸਕਦੇ ਹਨ ਕਿ ਮੌਜੂਦਾ ਹਾਰ ਸਿਰਫ 'ਮਾਮੂਲੀ ਝਟਕਾ' ਹੈ। ਪਾਰਟੀ ਦਾ ਵੋਟ ਸ਼ੇਅਰ ਜੋ 2016 ’ਚ 10.2 ਫੀਸਦੀ ਸੀ, ਉਹ ਹੁਣ 2021 ’ਚ ਵੱਧ ਕੇ 38.1 ਫੀਸਦੀ ਹੋ ਗਿਆ ਹੈ। ਭਾਜਪਾ ਨੇ ਖੱਬੇਪੱਖੀ ਤੇ ਕਾਂਗਰਸ ਨੂੰ ਪਛਾੜ ਕੇ ਲਗਭਗ ਸਾਰੀਆਂ ਸੀਟਾਂ ਜਿੱਤੀਆਂ ਹਨ।
ਇਹ ਅਸਲ ਹਕੀਕਤ ਤੋਂ ਬਿਲਕੁਲ ਵੱਖਰੀ ਤਸਵੀਰ ਹੈ। ਪਿਛਲੇ ਅੰਕੜੇ ਅਸਲ ਵਿੱਚ 2016 ’ਚ ਨਹੀਂ ਸਗੋਂ 2019 ’ਚ ਵੇਖੇ ਜਾਣੇ ਚਾਹੀਦੇ ਹਨ। ਜਦੋਂ 2019 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਇੱਥੇ 40.2 ਫੀਸਦੀ ਵੋਟਾਂ ਮਿਲੀਆਂ ਸਨ। ਅੰਕੜਿਆਂ ਦੇ ਬਾਜੀਗਰ ਇਹ ਦੱਸ ਸਕਦਾ ਹਨ ਕਿ ਅੰਕੜਿਆਂ ’ਚ ਵੋਟ ਪ੍ਰਤੀਸ਼ਤਤਾ ਦਾ ਕਿੰਨੀ ਮਹੱਤਤਾ ਹੁੰਦੀ ਹੈ। ਸੱਚਾਈ ਇਹ ਹੈ ਕਿ ਮੋਦੀ ਅਤੇ ਸ਼ਾਹ ਲੰਮੇ ਸਮੇਂ ਤੋਂ ਪੱਛਮੀ ਬੰਗਾਲ ਦੇ ਗੈਰ-ਦ੍ਰਾਵਿੜ ਆਰਿਆਵਰਤਾ ਦੇ ਇਸ ਹਿੱਸੇ 'ਤੇ ਨਜ਼ਰ ਮਾਰ ਰਹੇ ਸਨ ਤੇ ਇਹ ਉਨ੍ਹਾਂ ਦੀ ਪਕੜ ’ਚ ਆਉਂਦੇ-ਆਉਂਦੇ ਨਿਕਲ ਗਿਆ। ਦੂਜੇ ਪਾਸੇ ਉਨ੍ਹਾਂ ਨੂੰ ਤਾਮਿਲਨਾਡੂ ਅਤੇ ਕੇਰਲਾ ’ਚ ਵੀ ਨਿਰਾਸਾ ਮਿਲੀ, ਕਿਉਂਕਿ ਉਨ੍ਹਾਂ ਦੀ ਦਾਲ ਉੱਥੇ ਕਦੇ ਨਹੀਂ ਗਲ੍ਹੀ।
ਦਰਅਸਲ, ਪੀਐਮ ਮੋਦੀ ਨੇ ਬੰਗਾਲ ਨੂੰ ਜਿੱਤਣ ਲਈ ਆਪਣਾ ਜੀ-ਜਾਨ ਲਗਾ ਦਿੱਤਾ ਅਤੇ ਰਣਨੀਤਕ ਤਰੀਕੇ ਨਾਲ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਇਸ ਚੋਣ ਦੇ ਜ਼ਰੀਏ ਉਹ ਅਸਲ ’ਚ ਉਨ੍ਹਾਂ (ਮੋਦੀ) ਬਾਰੇ ਕੋਈ ਫੈਸਲਾ ਦੇਣਗੇ। ਕੁਝ ਦਿਨ ਪਹਿਲਾਂ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੂੰ ਆਪਣੇ ਸਾਹਮਣੇ ਸਿਰਫ ਵਿਸ਼ਾਲ ਸਮੁੰਦਰ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਕਿਸੇ ਚੋਣ ਰੈਲੀ ’ਚ ਇੰਨੀ ਭੀੜ ਨਹੀਂ ਵੇਖੀ। ਪਰ ਜਦੋਂ ਉਨ੍ਹਾਂ ਦੇ ਆਸਪਾਸ ਹਜ਼ਾਰਾਂ ਲੋਕ ਸਰਕਾਰ ਦੀ ਇੱਛਾ ਸ਼ਕਤੀ ਦੀ ਘਾਟ ਕਾਰਨ ਕੋਰੋਨਾ ਤੋਂ ਮਰ ਰਹੇ ਸਨ ਤਾਂ ਮੋਦੀ ਨੂੰ ਇਸ ਰੈਲੀ ਤੋਂ ਲੋਕਾਂ ਦੀ ਨਾਰਾਜ਼ਗੀ ਹੀ ਮਿਲੀ। ਦੂਜੇ ਪਾਸੇ ਅਜਿਹੇ ਮਾਹੌਲ ’ਚ ਉਨ੍ਹਾਂ ਦੇ ਮੁੱਖ ਸਹਾਇਕ ਅਮਿਤ ਸ਼ਾਹ ਭਵਿੱਖਬਾਣੀ ਕਰ ਰਹੇ ਸਨ ਕਿ ਭਾਜਪਾ 200 ਸੀਟਾਂ ਜਿੱਤੇਗੀ।
ਇਹ ਕੋਈ ਆਮ ਹਾਰ ਨਹੀਂ ਹੈ। ਇਸ ਦੇ ਬਹੁਤ ਸਾਰੇ ਅਰਥ ਹਨ। ਇਹ ਭਾਜਪਾ ਲਈ ਹਾਰ ਅਤੇ ਮੋਦੀ ਦਾ ਅਪਮਾਨ ਹੈ। ਸਿਧਾਂਤਕ ਤੌਰ 'ਤੇ ਚੋਣ ਕਮਿਸ਼ਨ ਦਾ ਮਤਲਬ ਭਾਰਤੀ ਲੋਕਤੰਤਰੀ ਪ੍ਰਣਾਲੀ ਦੀ ਰੱਖਿਆ ਕਰਨਾ ਹੈ ਅਤੇ ਇਸ ਲਈ ਸਤਿਕਾਰਯੋਗ ਹੈ, ਪਰ ਮੋਦੀ ਨੇ ਇਸ ਨੂੰ ਆਪਣਾ ਖਿਡੌਣਾ ਬਣਾ ਲਿਆ। ਪਹਿਲਾ ਕੰਮ ਇਹ ਕੀਤਾ ਗਿਆ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਦਾ ਫੈਸਲਾ ਪੰਜ ਲੰਬੇ ਹਫ਼ਤਿਆਂ ਮਤਲਬ 8 ਗੇੜਾਂ ’ਚ ਕੀਤਾ ਗਿਆ। ਇਹ ਆਪਣੇ ਆਪ ’ਚ ਬੇਇਮਾਨੀ ਸੀ। ਦੇਸ਼ ਦੀਆਂ ਆਮ ਚੋਣਾਂ ’ਚ ਇੰਨਾ ਸਮਾਂ ਲੈਣਾ ਸੰਭਵ ਹੈ ਅਤੇ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਮੋਦੀ ਨੇ ਇਨ੍ਹਾਂ ਚੋਣਾਂ ਨੂੰ ਲੋਕ ਸਭਾ ਚੋਣਾਂ ਵਾਂਗ ਮਹੱਤਵਪੂਰਣ ਸਮਝਿਆ। ਇਸ ਦੇ ਪਿੱਛੇ ਇਰਾਦਾ ਇਹ ਸੀ ਕਿ ਭਾਜਪਾ ਇਸ ਲੰਬੇ ਚੋਣ ਮਿਆਦ ’ਚ ਵੱਧ ਤੋਂ ਵੱਧ ਪੈਸਾ ਖਰਚ ਕਰੇਗੀ ਅਤੇ ਆਪਣੀ ਭਾਰੀ ਮਸ਼ੀਨਰੀ ਦੀ ਵਰਤੋਂ ਕਰੇਗੀ, ਜਿਸ ਦਾ ਇਕੋ ਨਿਸ਼ਾਨਾ ਚੋਣ ਜਿੱਤਣ ਤੋਂ ਇਲਾਵਾ ਕੁਝ ਵੀ ਨਹੀਂ ਸੀ। ਇਸ ਤਰੀਕੇ ਨਾਲ ਇਹ ਤ੍ਰਿਣਮੂਲ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਖਿਲਾਫ਼ ਵਾਧਾ ਹਾਸਲ ਕਰੇਗੀ।
ਇਨ੍ਹਾਂ ਗੱਲਾਂ ਦੇ ਬਾਵਜੂਦ ਭਾਜਪਾ ਅਤੇ ਮੋਦੀ ਹਾਰ ਗਏ। ਸਾਰੀਆਂ ਕੇਂਦਰੀ ਏਜੰਸੀਆਂ ਮੋਦੀ ਦੀ ਜੇਬ ’ਚ ਸਨ ਅਤੇ ਉਨ੍ਹਾਂ ਦੀ ਵਰਤੋਂ ਵੀ ਕੀਤੀ ਗਈ। ਦਹਾਕਿਆਂ ਪੁਰਾਣੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਟੀਐਮਸੀ ਆਗੂਆਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਤ੍ਰਿਣਮੂਲ ਦੇ ਬਹੁਤ ਸਾਰੇ ਆਗੂ ਸ਼ਾਬਦਿਕ ਤੌਰ ’ਤੇ ਖਰੀਦੇ ਗਏ ਸਨ ਅਤੇ ਵੱਡੀ ਗਿਣਤੀ ’ਚ ਲੋਕ ਭਾਜਪਾ ’ਚ ਸ਼ਾਮਲ ਹੋਏ ਸਨ। ਇਸ ਦੇ ਬਾਵਜੂਦ ਭਾਜਪਾ ਅਤੇ ਮੋਦੀ ਹਾਰ ਗਏ। ਅਜਿਹਾ ਨਹੀਂ ਹੈ ਕਿ ਦੇਸ਼ ’ਚ ਭਾਜਪਾ ਫਿਰਕੂ ਕਾਰਡ ਖੇਡਣ ਵਾਲੀ ਪਹਿਲੀ ਪਾਰਟੀ ਹੈ, ਪਰ ਮੋਦੀ ਅਤੇ ਸ਼ਾਹ ਨੇ ਬਦਲੇ ਦੀ ਭਾਵਨਾ ’ਚ ਫਿਰਕੂ ਕਾਰਡ ਖੇਡੇ। ਉਨ੍ਹਾਂ ਨੇ ਮੁਸਲਮਾਨਾਂ ਦੀ ਖੁੱਲ੍ਹ ਕੇ ਨਿਖੇਧੀ ਕੀਤੀ ਅਤੇ ਹਿੰਦੂ ਹੰਕਾਰ ਨੂੰ ਮੁੜ ਸੁਰਜੀਤ ਕਰਨ ਦੇ ਨਾਮ ’ਤੇ ਹਿੰਦੂਆਂ ਨੂੰ ਭੜਕਾਇਆ। ਚੋਣ ਕਮਿਸ਼ਨ ਆਗੂਆਂ ਨੂੰ ਫਿਰਕੂ ਭਾਵਨਾਵਾਂ ਨਾਲ ਨਾ ਖੇਡਣ ਦੀ ਸਲਾਹ ਦਿੰਦੇ ਰਹੇ ਪਰ ਕੋਈ ਠੋਸ ਕਦਮ ਨਹੀਂ ਚੁੱਕੇ। ਇਨ੍ਹਾਂ ਸਭ ਗੱਲਾਂ ਦੇ ਬਾਵਜੂਦ ਭਾਜਪਾ ਅਤੇ ਮੋਦੀ ਹਾਰ ਗਏ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਦਿਨਾਂ ’ਚ ਟੀਵੀ ਚੈਨਲਾਂ, ਅਖਬਾਰਾਂ ਅਤੇ ਸੋਸ਼ਲ ਮੀਡੀਆ ’ਚ ਇਨ੍ਹਾਂ ਚੋਣਾਂ ਦਾ ਪੂਰਾ ਪੋਸਟਮਾਰਟਮ ਹੋਵੇਗਾ। ਰਾਜਨੀਤਿਕ ਪੰਡਿਤਾਂ ਅਤੇ ਚੋਣ ਵਿਸ਼ਲੇਸ਼ਕ ਲੰਮੇ ਸਮੇਂ ਤੋਂ ਭਾਰਤੀ ਰਾਜਨੀਤੀ ’ਚ ਸੱਤਾ ਵਿਰੋਧੀ ਲਹਿਰ ਨੂੰ ਸਥਾਪਤ ਕਰਦੇ ਹੋਏ, ਇਸ ਨੂੰ ਭਾਰਤੀ ਰਾਜਨੀਤੀ ਦੀ ਪ੍ਰਮੁੱਖ ਵਿਸ਼ੇਸ਼ਤਾ ਕਰਾਰ ਦਿੰਦੇ ਰਹੇ ਹਨ, ਪਰ ਪੱਛਮੀ ਬੰਗਾਲ ਅਤੇ ਕੇਰਲ ਦੇ ਨਤੀਜਿਆਂ ਨੇ ਅਜਿਹੀਆਂ ਭਵਿੱਖਬਾਣੀਆਂ ਅਤੇ ਸਮਾਜਿਕ ਵਿਗਿਆਨ ਦੇ ਇਸ ਭਰਮ ਨੂੰ ਝੂਠਾ ਸਾਬਤ ਕੀਤਾ ਹੈ। ਇਨ੍ਹਾਂ ਚੋਣਾਂ ’ਚ ਬਹੁਤ ਸਾਰੀਆਂ 'ਗੰਦੀਆਂ ਗੱਲਾਂ' ਸਨ। ਭਾਜਪਾ ਨੇ ਬੇਰਹਿਮੀ ਨਾਲ ਫਿਰਕੂ ਭਾਵਨਾਵਾਂ ਦੀ ਵਰਤੋਂ ਕੀਤੀ, ਜਨਤਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ, ਚੋਣਾਂ ’ਚ ਬੇਹਿਸਾਬ ਪੈਸਾ ਖਰਚਿਆ ਗਿਆ। ਸੋਸ਼ਲ ਮੀਡੀਆ 'ਤੇ ਭਾਜਪਾ ਨੇ ਆਪਣੀ ਤਾਕਤ ਵਧਾ ਦਿੱਤੀ ਅਤੇ ਅਜਿਹੇ ਟਰੋਲਰਾਂ ਨੂੰ ਬਿਠਾਇਆ ਗਿਆ, ਜੋ ਲੋਕਾਂ ’ਚ ਖੌਫ-ਡਰ ਪੈਦਾ ਕਰਦੇ ਸਨ। ਸਭ ਤੋਂ ਭੈੜੀ ਗੱਲ ਇਹ ਹੈ ਕਿ ਇਹ ਉਸ ਸਮੇਂ ਹੋ ਰਿਹਾ ਸੀ ਜਦੋਂ ਦੇਸ਼ ’ਚ ਇਕ ਮਹਾਮਾਰੀ ਰੂਪੀ ਰਾਖਸ਼ ਹਜ਼ਾਰਾਂ ਜਾਨਾਂ ਲੈ ਰਿਹਾ ਹੈ। ਇਕ ਵੱਡਾ ਸਿੱਟਾ ਇਹ ਵੀ ਸਾਹਮਣੇ ਆਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਮਹਾਰਥੀ' ਵਾਲਾ ਅਕਸ ਇਸ ਵਾਰ ਖ਼ਤਮ ਹੋ ਗਿਆ।
ਪ੍ਰਾਚੀਨ ਆਰਿਆਵਰਤਾ ’ਚ ਅਸ਼ਵਮੇਧ ਪਾਠ ਕਰਦੇ ਹੋਏ ਆਪਣੇ ਘੋੜੇ ਨੂੰ ਕਿਸੇ ਵੀ ਸੂਬੇ ਜਾਂ ਦੇਸ਼ ਦੀ ਹੱਦ ’ਚ ਦਾਖਲ ਹੋਣ ਲਈ ਆਜਾਦ ਕਰ ਦਿੰਦੇ ਸਨ। ਨਰਿੰਦਰ ਮੋਦੀ ਨੇ ਅਜਿਹਾ ਨਹੀਂ ਕੀਤਾ ਪਰ ਉਨ੍ਹਾਂ ਨੇ ਕੋਵਿਡ ਨੂੰ ਦੇਸ਼ ’ਚ ਖੁੱਲ੍ਹਾ ਛੱਡ ਦਿੱਤਾ ਅਤੇ ਕੋਵਿਡ ਨੇ ਹਜ਼ਾਰਾਂ ਜਾਨਾਂ ਲੈ ਲਈਆਂ ਤਾਂ ਜੋ ਉਹ ਅਤੇ ਅਮਿਤ ਸ਼ਾਹ ਆਪਣਾ ਰੋਡ ਸ਼ੋਅ ਕਰ ਸਕਣ। ਖਾਸ ਗੱਲ ਇਹ ਹੈ ਕਿ ਹੁਣ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ ਕਿ ਬੰਗਾਲ ’ਚ ਹੋਈ ਹਾਰ ਨੇ ਉਨ੍ਹਾਂ ਦੇ ਅਕਸ ਨੂੰ ਸੱਟ ਪਹੁੰਚਾਈ ਹੈ ਅਤੇ ਕੋਰੋਨਾ ਕਾਲ ’ਚ ਮਚੀ ਹਫੜਾ-ਦਫੜੀ ਕਾਰਨ ਕੌਮਾਂਤਰੀ ਮੀਡੀਆ ’ਚ ਉਨ੍ਹਾਂ ਦੀ ਚਮਕ ਧੁੰਦਲੀ ਹੋ ਗਈ ਹੈ। ਆਪਣੀ ਜਿੱਤ ਤੋਂ ਬਾਅਦ ਮਮਤਾ ਬੈਨਰਜੀ ਨੇ ਐਲਾਨ ਕੀਤਾ ਕਿ 'ਬੰਗਾਲ ਨੇ ਭਾਰਤ ਨੂੰ ਬਚਾ ਲਿਆ ਹੈ।' ਮਮਤਾ ਦਾ ਇਹ ਬਿਆਨ ਖੁਸ਼ੀ ’ਚ ਕੀਤੀ ਬਿਆਨਬਾਜੀ ਤੋਂ ਵੱਧ ਕੁਝ ਨਹੀਂ ਹੈ। ਇਸ ਨੂੰ ਗੰਭੀਰਤਾ ਨਾਲ ਲੈਣਾ ਗਲਤੀ ਹੋਵੇਗੀ।
ਇਕ ਗੱਲ ਸਾਫ਼ ਤੌਰ 'ਤੇ ਕਹਿਣਾ ਜ਼ਰੂਰੀ ਹੈ ਕਿ ਤ੍ਰਿਣਮੂਲ ਕਾਂਗਰਸ ਭਾਜਪਾ ਤੋਂ ਵੱਧ ਸਿਧਾਂਤਕ ਨਹੀਂ ਹੈ। ਹਾਲਾਂਕਿ ਬੰਗਾਲ ਵਿਚ 'ਦੀਦੀ' ਦੀ ਪੂਜਾ ਕੀਤੀ ਜਾਂਦੀ ਹੈ, ਬਾਕੀ ਭਾਰਤ ਨੂੰ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਚੋਣਾਂ ਦੇ ਨਤੀਜਿਆਂ ਨੂੰ ਮਮਤਾ ਦੇ ਉਭਾਰ ਵਜੋਂ ਵੇਖਣ ਦੀ ਬਜਾਏ, ਉਨ੍ਹਾਂ ਨੂੰ ਸਿਰਫ ਮੋਦੀ-ਬੀਜੇਪੀ ਦੀ ਹਾਰ ਅਤੇ ਵਿਭਾਜਨਵਾਦੀ ਰਾਜਨੀਤੀ ਦੀ ਹਾਰ ਦੇਖਣੀ ਚਾਹੀਦੀ ਹੈ। ਮੋਦੀ ਇਸ ਨੂੰ ਕੱਲ੍ਹ ਨੂੰ ਅਤੀਤ ਵਾਂਗ ਵੇਖਣ ਦੀ ਕੋਸ਼ਿਸ਼ ਕਰਨਗੇ ਅਤੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਦੇ ਦੇਸ਼ ਨੂੰ ਯਾਦ ਦਿਵਾਉਂਦੇ ਰਹਿਣਗੇ ਕਿ ਉਨ੍ਹਾਂ ਨੇ ਸਿਰਫ ਇਕ ਲੜਾਈ ਹਾਰ ਲਈ ਹੈ ਅਤੇ ਯੁੱਧ ਜਿੱਤਣ ਲਈ ਦ੍ਰਿੜ ਹਨ। ਇਸ ਕੌੜੇ ਸੱਚ ਤੋਂ ਇਹ ਮੁਨਕਰ ਨਹੀਂ ਕੀਤਾ ਜਾ ਸਕਦਾ ਕਿ ਦੇਸ਼ ਨੂੰ ਨਵੀਂ ਰਾਜਸੀ ਕਲਪਨਾ ਦੀ ਲੋੜ ਹੈ, ਜੋ ਇਸ ਨੂੰ ਅਧਰਮ ਅਤੇ ਝੂਠ ਦੇ ਮੌਜੂਦਾ ਜੰਗਲ ਵਿਚੋਂ ਬਾਹਰ ਕੱਢ ਸਕਦੀ ਹੈ। ਪੱਛਮੀ ਬੰਗਾਲ ਦੇ ਚੋਣ ਨਤੀਜੇ ਦੇਸ਼ ਦੇ ਤਾਜ਼ਾ ਕਾਲੇ ਦੌਰ ’ਚ ਉਮੀਦ ਦੀਆਂ ਕਿਰਨਾਂ ਵਾਂਗ ਹਨ, ਜੋ ਦੱਸਦੇ ਹਨ ਕਿ ਅੱਗੇ 'ਚੰਗੇ ਦਿਨ' ਆਉਣਗੇ।