Akasa Air ਨੂੰ ਮਿਲਿਆ 'ਉਮੀਦਾਂ ਦਾ ਅਸਮਾਨ', ਭਰੀ ਮੁੰਬਈ-ਅਹਿਮਦਾਬਾਦ ਰੂਟ 'ਤੇ ਪਹਿਲੀ ਉਡਾਣ
ਅਕਾਸਾ ਏਅਰ ਨੂੰ ਏਅਰਲਾਈਨ ਕੋਡ 'QP' ਦਿੱਤਾ ਗਿਆ ਹੈ। ਸ਼ੁਰੂਆਤੀ ਪੜਾਅ ਵਿੱਚ, ਅਕਾਸਾ ਏਅਰ 7 ਅਗਸਤ, 2022 ਤੋਂ ਮੁੰਬਈ ਤੇ ਅਹਿਮਦਾਬਾਦ ਵਿਚਕਾਰ ਹਫਤਾਵਾਰੀ 28 ਉਡਾਣਾਂ ਦਾ ਸੰਚਾਲਨ ਕਰੇਗੀ।
Akasa Airline : ਆਕਾਸਾ ਏਅਰ (Akasa Air) ਨੂੰ ਆਖਰਕਾਰ 'ਉਮੀਦਾਂ ਦਾ ਅਸਮਾਨ' ਮਿਲ ਗਿਆ ਹੈ। ਐਤਵਾਰ ਨੂੰ ਅਕਾਸਾ ਏਅਰ ਨੇ ਮੁੰਬਈ-ਅਹਿਮਦਾਬਾਦ ਰੂਟ 'ਤੇ ਆਪਣੀ ਪਹਿਲੀ ਉਡਾਣ ਭਰੀ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਵਿਦੇਸ਼ ਰਾਜ ਮੰਤਰੀ ਜਨਰਲ ਵੀਕੇ ਸਿੰਘ (ਸੇਵਾਮੁਕਤ) ਨੇ ਪਹਿਲੀ ਉਡਾਣ ਦਾ ਉਦਘਾਟਨ ਕੀਤਾ। ਦੱਸ ਦੇਈਏ ਕਿ ਭਾਰਤ ਦੀ ਨਵੀਨਤਮ ਏਅਰਲਾਈਨ ਅਕਾਸਾ ਏਅਰ ਨੇ 22 ਜੁਲਾਈ ਨੂੰ ਅਹਿਮਦਾਬਾਦ, ਬੈਂਗਲੁਰੂ, ਮੁੰਬਈ ਅਤੇ ਕੋਚੀ ਵਿੱਚ ਵਪਾਰਕ ਉਡਾਣਾਂ ਲਈ ਟਿਕਟ ਬੁਕਿੰਗ ਸ਼ੁਰੂ ਕੀਤੀ ਸੀ।
ਅਕਾਸਾ ਏਅਰ ਨੂੰ ਏਅਰਲਾਈਨ ਕੋਡ 'QP' ਦਿੱਤਾ ਗਿਆ ਹੈ। ਸ਼ੁਰੂਆਤੀ ਪੜਾਅ ਵਿੱਚ, ਅਕਾਸਾ ਏਅਰ 7 ਅਗਸਤ, 2022 ਤੋਂ ਮੁੰਬਈ ਤੇ ਅਹਿਮਦਾਬਾਦ ਵਿਚਕਾਰ ਹਫਤਾਵਾਰੀ 28 ਉਡਾਣਾਂ ਦਾ ਸੰਚਾਲਨ ਕਰੇਗੀ। ਇਸ ਤੋਂ ਬਾਅਦ, 13 ਅਗਸਤ ਤੋਂ, ਏਅਰਲਾਈਨ ਬੈਂਗਲੁਰੂ ਤੇ ਕੋਚੀ ਲਈ ਵਾਧੂ 28 ਹਫਤਾਵਾਰੀ ਉਡਾਣਾਂ ਦਾ ਸੰਚਾਲਨ ਸ਼ੁਰੂ ਕਰੇਗੀ। ਸਾਰੀਆਂ ਉਡਾਣਾਂ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ।
ਕੀ ਹੈ ਕੰਪਨੀ ਦੀ ਰਣਨੀਤੀ
ਅਕਾਸਾ ਏਅਰ ਦੇ ਸੰਸਥਾਪਕ ਅਤੇ ਸੀਈਓ ਵਿਨੇ ਦੂਬੇ ਨੇ ਨਿਊਜ਼ ਏਜੰਸੀ NNI ਨੂੰ ਦੱਸਿਆ ਕਿ ਅਸੀਂ ਆਪਣੀਆਂ ਉਡਾਣਾਂ ਸ਼ੁਰੂ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਉਸਨੇ ਅੱਗੇ ਕਿਹਾ ਕਿ ਅਕਾਸਾ ਏਅਰ ਗਾਹਕਾਂ ਨੂੰ ਕੁਸ਼ਲ ਗਾਹਕ ਸੇਵਾ, ਭਰੋਸੇਮੰਦ ਨੈੱਟਵਰਕ ਅਤੇ ਕਿਫਾਇਤੀ ਕਿਰਾਏ ਦੇ ਨਾਲ ਸੇਵਾ ਕਰਨ ਲਈ ਉਤਸੁਕ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਉਡਾਣਾਂ ਗਾਹਕਾਂ ਲਈ ਭਰੋਸੇਮੰਦ ਅਤੇ ਆਨੰਦਦਾਇਕ ਹੋਣਗੀਆਂ।ਅਕਾਸਾ ਏਅਰ ਦੇ ਸਹਿ-ਸੰਸਥਾਪਕ ਅਤੇ ਮੁੱਖ ਵਪਾਰਕ ਅਧਿਕਾਰੀ ਪ੍ਰਵੀਨ ਅਈਅਰ ਨੇ ਕਿਹਾ, "ਅਕਾਸਾ ਏਅਰ ਦੀ ਰਣਨੀਤੀ ਇਕ ਮਜ਼ਬੂਤ ਪੈਨ-ਇੰਡੀਆ ਨੈੱਟਵਰਕ ਸਥਾਪਤ ਕਰਨ ਅਤੇ ਦੇਸ਼ ਭਰ ਵਿੱਚ ਮੈਟਰੋ ਤੋਂ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਤਕ ਕਨੈਕਟੀਵਿਟੀ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਹੈ।"
ਜੁਲਾਈ 'ਚ ਪ੍ਰਾਪਤ ਕੀਤਾ ਸੀ ਏਅਰ ਆਪਰੇਟਰ ਸਰਟੀਫਿਕੇਟ
ਰਾਕੇਸ਼ ਝੁਨਝੁਨਵਾਲਾ ਸਮਰਥਿਤ ਏਅਰਲਾਈਨ ਨੇ ਜੁਲਾਈ ਵਿੱਚ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ ਰੈਗੂਲੇਟਰੀ (ਡੀਜੀਸੀਏ) ਤੋਂ ਏਅਰ ਆਪਰੇਟਰ ਸਰਟੀਫਿਕੇਟ (ਏਓਸੀ) ਪ੍ਰਾਪਤ ਕੀਤਾ ਸੀ। DGCA ਇਹ ਸਰਟੀਫਿਕੇਟ ਤਾਂ ਹੀ ਜਾਰੀ ਕਰਦਾ ਹੈ ਜੇਕਰ ਏਅਰਲਾਈਨ ਨਿਰਧਾਰਤ ਪ੍ਰਕਿਰਿਆਵਾਂ ਦੀ ਪਾਲਣਾ ਕਰਦੀ ਹੈ ਤੇ ਹਰ ਤਰ੍ਹਾਂ ਦੇ ਟੈਸਟਾਂ ਵਿੱਚ ਸਫਲ ਹੁੰਦੀ ਹੈ।