ਆਮ ਆਦਮੀ 'ਤੇ ਮਹਿੰਗਾਈ ਦਾ ਇੱਕ ਹੋਰ ਬੋਝ, 15 ਫੀਸਦੀ ਤੱਕ ਮਹਿੰਗਾ ਹੋ ਸਕਦਾ ਘਰ ਬਣਾਉਣਾ
ਮਕਾਨ ਜਾਂ ਫਲੈਟ ਦੀ ਕੀਮਤ 10 ਤੋਂ 15 ਫੀਸਦੀ ਤੱਕ ਮਹਿੰਗੀ ਹੋ ਸਕਦੀ ਹੈ ਕਿਉਂਕਿ ਰੀਅਲ ਅਸਟੇਟ ਕੰਪਨੀਆਂ ਦੀ ਸਿਖਰਲੀ ਸੰਸਥਾ CREDAI ਨੇ ਸੀਮਿੰਟ ਤੇ ਸਟੀਲ ਦੀਆਂ ਕੀਮਤਾਂ 'ਚ ਭਾਰੀ ਵਾਧੇ 'ਤੇ ਚਿੰਤਾ ਜ਼ਾਹਰ ਕੀਤੀ ਹੈ।
ਨਵੀਂ ਦਿੱਲੀ: ਆਮ ਆਦਮੀ 'ਤੇ ਮਹਿੰਗਾਈ ਦਾ ਇੱਕ ਹੋਰ ਬੋਝ ਪੈਣ ਵਾਲਾ ਹੈ। ਮਕਾਨ ਜਾਂ ਫਲੈਟ ਦੀ ਕੀਮਤ 10 ਤੋਂ 15 ਫੀਸਦੀ ਤੱਕ ਮਹਿੰਗੀ ਹੋ ਸਕਦੀ ਹੈ ਕਿਉਂਕਿ ਰੀਅਲ ਅਸਟੇਟ ਕੰਪਨੀਆਂ ਦੀ ਸਿਖਰਲੀ ਸੰਸਥਾ CREDAI ਨੇ ਸੀਮਿੰਟ ਤੇ ਸਟੀਲ ਦੀਆਂ ਕੀਮਤਾਂ 'ਚ ਭਾਰੀ ਵਾਧੇ 'ਤੇ ਚਿੰਤਾ ਜ਼ਾਹਰ ਕੀਤੀ ਹੈ। ਕ੍ਰੇਡਾਈ ਨੇ ਕਿਹਾ ਹੈ ਕਿ ਜੇਕਰ ਕੱਚੇ ਮਾਲ ਦੀਆਂ ਕੀਮਤਾਂ 'ਚ ਕਮੀ ਨਾ ਆਈ ਤਾਂ ਰਿਹਾਇਸ਼ੀ ਜਾਇਦਾਦਾਂ ਦੀਆਂ ਕੀਮਤਾਂ 'ਚ 10 ਤੋਂ 15 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ।
ਕੱਚੇ ਮਾਲ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਸਰਕਾਰ ਨੂੰ ਕਦਮ ਚੁੱਕਣ ਦੀ ਮੰਗ ਕਰਦੇ ਹੋਏ ਉਦਯੋਗ ਸੰਗਠਨ ਨੇ ਨਿਰਮਾਣ ਖੇਤਰ 'ਚ ਵਰਤੀਆਂ ਜਾਣ ਵਾਲੀਆਂ ਸਮੱਗਰੀਆਂ 'ਤੇ ਵਸਤੂ ਤੇ ਸੇਵਾ ਟੈਕਸ (GST) 'ਚ ਕਟੌਤੀ ਦਾ ਸੁਝਾਅ ਦਿੱਤਾ ਹੈ।
ਕਨਫੈਡਰੇਸ਼ਨ ਆਫ ਰੀਅਲ ਅਸਟੇਟ ਡਿਵੈਲਪਰਜ਼ ਐਸੋਸੀਏਸ਼ਨ ਆਫ ਇੰਡੀਆ (Credai) ਨੇ ਕਿਹਾ ਕਿ ਨਿਰਮਾਣ 'ਚ ਵਰਤੇ ਜਾਣ ਵਾਲੇ ਕੱਚੇ ਮਾਲ ਦੀਆਂ ਕੀਮਤਾਂ ਜਨਵਰੀ 2020 ਤੋਂ ਲਗਾਤਾਰ ਵਧ ਰਹੀਆਂ ਹਨ। ਸੰਸਥਾ ਨੇ ਕਿਹਾ ਕਿ ਕੋਵਿਡ ਪਾਬੰਦੀਆਂ ਤੇ ਮਜ਼ਦੂਰਾਂ ਦੀ ਘਾਟ ਕਾਰਨ ਉਸਾਰੀ ਵਿੱਚ ਦੇਰੀ ਕਾਰਨ ਪਿਛਲੇ 18 ਮਹੀਨਿਆਂ ਵਿੱਚ ਉਸਾਰੀ ਲਾਗਤ ਵਿੱਚ 10 ਤੋਂ 15 ਫੀਸਦੀ ਦਾ ਵਾਧਾ ਹੋਇਆ ਹੈ।
CREDAI ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ 'ਚ ਕੱਚੇ ਮਾਲ ਦੀਆਂ ਕੀਮਤਾਂ ਨਹੀਂ ਘਟਦੀਆਂ ਹਨ ਤਾਂ ਉਸਾਰੀ ਦੀ ਵਧੀ ਲਾਗਤ ਦੀ ਭਰਪਾਈ ਕਰਨ ਲਈ ਰਿਹਾਇਸ਼ੀ ਜਾਇਦਾਦਾਂ ਦੀਆਂ ਕੀਮਤਾਂ 10-15 ਫੀਸਦੀ ਤੱਕ ਵਧਣ ਦੀ ਪੂਰੀ ਸੰਭਾਵਨਾ ਹੈ।
CREDAI ਦੇ ਪ੍ਰਧਾਨ ਹਰਸ਼ਵਰਧਨ ਪਟੋਦੀਆ ਨੇ ਕਿਹਾ ਕਿ ਅਸੀਂ ਪਿਛਲੇ ਇੱਕ ਸਾਲ ਵਿੱਚ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਲਗਾਤਾਰ ਤਿੱਖਾ ਵਾਧਾ ਦੇਖ ਰਹੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੇ ਹੇਠਾਂ ਆਉਣ ਜਾਂ ਸਥਿਰ ਹੋਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ 'ਚ ਬਿਲਡਰ ਵਧਦੀ ਲਾਗਤ ਦਾ ਬੋਝ ਨਹੀਂ ਝੱਲ ਸਕਣਗੇ ਅਤੇ ਉਹ ਇਸ ਨੂੰ ਘਰ ਖਰੀਦਦਾਰਾਂ 'ਤੇ ਪਾ ਦੇਣਗੇ।