Bank Employees Shortage: ਸਰਕਾਰੀ ਬੈਂਕਾਂ 'ਚ ਭਰੀਆਂ ਜਾਣਗੀਆਂ ਖਾਲੀ ਅਸਾਮੀਆਂ! ਵਿੱਤ ਮੰਤਰਾਲੇ ਨੇ ਬੈਂਕਾਂ 'ਚ ਮੁਲਾਜ਼ਮਾਂ ਦੀ ਕਮੀ ਨੂੰ ਲੈ ਕੇ ਬੁਲਾਈ ਮੀਟਿੰਗ
ਜਨਤਕ ਖੇਤਰ ਦੇ ਬੈਂਕਾਂ ਵਿੱਚ 1000 ਗਾਹਕਾਂ ਲਈ ਇੱਕ ਕਰਮਚਾਰੀ ਹੈ, ਜਦੋਂਕਿ ਨਿੱਜੀ ਖੇਤਰ ਦੇ ਵੱਖ-ਵੱਖ ਬੈਂਕਾਂ 'ਚ 100 ਤੋਂ 600 ਗਾਹਕਾਂ ਪਿੱਛੇ ਇੱਕ ਮੁਲਾਜ਼ਮ ਹੈ। 10 ਸਾਲਾਂ 'ਚ ਬੈਂਕਾਂ ਦੀਆਂ ਬਰਾਂਚਾਂ 'ਚ 28 ਫ਼ੀਸਦੀ ਦਾ ਵਾਧਾ ਹੋਇਆ ਹੈ
ਮੁਲਾਜ਼ਮਾਂ ਦੀ ਘਾਟ (Employees Shortage) ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਇਨ੍ਹਾਂ ਬੈਂਕਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਵਿੱਤ ਮੰਤਰਾਲੇ ਨੇ ਬੁੱਧਵਾਰ 21 ਸਤੰਬਰ 2022 ਨੂੰ ਸਾਰੇ ਜਨਤਕ ਖੇਤਰ ਦੇ ਬੈਂਕਾਂ ਦੇ ਉੱਚ ਅਧਿਕਾਰੀਆਂ ਨਾਲ ਇੱਕ ਵੱਡੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ 'ਚ ਵਿੱਤ ਮੰਤਰਾਲੇ ਨੇ ਸਾਰੇ ਬੈਂਕਾਂ ਨੂੰ ਮਹੀਨਾਵਾਰ ਭਰਤੀ ਯੋਜਨਾ ਦੇ ਨਾਲ ਆਉਣ ਲਈ ਕਿਹਾ ਹੈ।
ਸਰਕਾਰੀ ਬੈਂਕਾਂ 'ਚ ਸਟਾਫ਼ ਦੀ ਕਮੀ!
ਦੱਸ ਦੇਈਏ ਕਿ ਜਨਤਕ ਖੇਤਰ ਦੇ ਬੈਂਕਾਂ ਵਿੱਚ 1000 ਗਾਹਕਾਂ ਲਈ ਇੱਕ ਕਰਮਚਾਰੀ ਹੈ, ਜਦੋਂਕਿ ਨਿੱਜੀ ਖੇਤਰ ਦੇ ਵੱਖ-ਵੱਖ ਬੈਂਕਾਂ 'ਚ 100 ਤੋਂ 600 ਗਾਹਕਾਂ ਪਿੱਛੇ ਇੱਕ ਮੁਲਾਜ਼ਮ ਹੈ। ਇਨ੍ਹਾਂ ਅੰਕੜਿਆਂ ਤੋਂ ਜਨਤਕ ਖੇਤਰ ਦੇ ਬੈਂਕਾਂ 'ਚ ਮੁਲਾਜ਼ਮਾਂ ਦੀ ਕਮੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਅਸਲ 'ਚ ਇੱਕ ਦਹਾਕੇ ਵਿੱਚ ਬੈਂਕਾਂ ਦੀਆਂ ਜਿੰਨੀਆਂ ਬਰਾਂਚਾਂ ਖੁੱਲ੍ਹੀਆਂ ਹਨ, ਉਸ ਅਨੁਪਾਤ 'ਚ ਮੁਲਾਜ਼ਮਾਂ ਦੀ ਭਰਤੀ ਨਹੀਂ ਕੀਤੀ ਗਈ। ਆਰਬੀਆਈ ਦੇ ਮਾਰਚ 2021 ਦੇ ਅੰਕੜਿਆਂ ਦੇ ਅਨੁਸਾਰ 10 ਸਾਲਾਂ 'ਚ ਬੈਂਕਾਂ ਦੀਆਂ ਬਰਾਂਚਾਂ ਦੀ ਗਿਣਤੀ 'ਚ 28 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ ਵੱਧ ਕੇ 86,311 ਹੋ ਗਿਆ ਹੈ। ਜਦਕਿ ਇਸੇ ਸਮੇਂ ਦੌਰਾਨ ਏਟੀਐਮ ਦੀ ਗਿਣਤੀ 58,193 ਤੋਂ ਵੱਧ ਕੇ 1.4 ਲੱਖ ਹੋ ਗਈ ਹੈ।
41,177 ਅਸਾਮੀਆਂ ਹਨ ਖਾਲੀ
ਸਾਲ 2010-11 'ਚ ਜਨਤਕ ਖੇਤਰ ਦੇ ਬੈਂਕਾਂ ਵਿੱਚ ਕੁੱਲ 7.76 ਲੱਖ ਮੁਲਾਜ਼ਮ ਸਨ, ਜੋ 2020-21 'ਚ ਘੱਟ ਕੇ 7.71 ਲੱਖ ਰਹਿ ਗਏ ਹਨ। ਬੈਂਕਾਂ 'ਚ ਡਿਜੀਟਲ ਵਰਤੋਂ ਅਤੇ ਏਟੀਐਮਜ਼ 'ਚ ਵਾਧੇ ਤੋਂ ਬਾਅਦ ਕਲਰਕਾਂ ਅਤੇ ਅਧੀਨ ਸਟਾਫ਼ ਦੀ ਭਰਤੀ 'ਚ 26 ਫ਼ੀਸਦੀ ਦੀ ਕਮੀ ਆਈ ਹੈ। ਜਨਤਕ ਖੇਤਰ ਦੇ ਬੈਂਕਾਂ 'ਚ ਲਗਭਗ 5 ਫ਼ੀਸਦੀ ਅਸਾਮੀਆਂ ਖਾਲੀ ਪਈਆਂ ਹਨ। ਦਸੰਬਰ 2021 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਪੁੱਛੇ ਇੱਕ ਸਵਾਲ ਦੇ ਜਵਾਬ 'ਚ ਇਹ ਜਾਣਕਾਰੀ ਦਿੱਤੀ ਸੀ। ਵਿੱਤ ਮੰਤਰੀ ਨੇ ਕਿਹਾ ਕਿ 1 ਦਸੰਬਰ 2021 ਤੱਕ ਜਨਤਕ ਖੇਤਰ ਦੇ ਬੈਂਕਾਂ 'ਚ ਕੁੱਲ ਮਨਜ਼ੂਰ ਅਸਾਮੀਆਂ ਵਿੱਚੋਂ 5 ਫ਼ੀਸਦੀ ਮਤਲਬ 41,177 ਅਸਾਮੀਆਂ ਖਾਲੀ ਪਈਆਂ ਹਨ। ਵਿੱਤ ਮੰਤਰੀ ਨੇ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ 95 ਫ਼ੀਸਦੀ ਭਰੀਆਂ ਹੋਈਆਂ ਹਨ। ਜਿਹੜੀਆਂ ਅਸਾਮੀਆਂ ਮੁਲਾਜ਼ਮਾਂ ਦੀ ਸੇਵਾਮੁਕਤੀ ਤੋਂ ਇਲਾਵਾ ਹੋਰ ਕਾਰਨਾਂ ਕਰਕੇ ਖਾਲੀ ਪਈਆਂ ਹਨ। ਵਿੱਤ ਮੰਤਰੀ ਨੇ ਕਿਹਾ ਕਿ 1 ਦਸੰਬਰ 2021 ਤੱਕ ਜਨਤਕ ਖੇਤਰ ਦੇ ਬੈਂਕਾਂ ਵਿੱਚ ਕੁੱਲ 8,05,986 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 41,177 ਅਸਾਮੀਆਂ ਖਾਲੀ ਹਨ।
ਐਸਬੀਆਈ 'ਚ ਜ਼ਿਆਦਾਤਰ ਅਸਾਮੀਆਂ
ਐਸਬੀਆਈ 'ਚ ਸਭ ਤੋਂ ਵੱਧ 8,544 ਬੈਂਕ ਮੁਲਾਜ਼ਮਾਂ ਦੀਆਂ ਅਸਾਮੀਆਂ ਖਾਲੀ ਹਨ, ਜਿਨ੍ਹਾਂ ਵਿੱਚੋਂ 3423 ਅਸਾਮੀਆਂ ਅਫਸਰਾਂ ਦੀਆਂ ਹਨ ਅਤੇ 5121 ਕਲਰਕ ਸਟਾਫ਼ ਦੀਆਂ ਅਸਾਮੀਆਂ ਖਾਲੀ ਹਨ। ਇਸ ਤਰ੍ਹਾਂ ਪੰਜਾਬ ਨੈਸ਼ਨਲ ਬੈਂਕ 'ਚ 6743, ਸੈਂਟਰਲ ਬੈਂਕ ਆਫ਼ ਇੰਡੀਆ 'ਚ 6295, ਇੰਡੀਅਨ ਓਵਰਸੀਜ਼ ਬੈਂਕ 'ਚ 5112, ਬੈਂਕ ਆਫ਼ ਇੰਡੀਆ 'ਚ 4848 ਅਸਾਮੀਆਂ ਖਾਲੀ ਹਨ।